ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਸੀਬੀਆਈ ਵੱਲੋਂ ਬੇਅਦਬੀ ਮਾਮਲਿਆਂ ਨੂੰ ਬੰਦ ਕਰਨ ਲਈ ਮੁਹਾਲੀ ਦੀ ਆਦਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰਨ ਤੋਂ ਬਾਅਦ ਕੈਪਟਨ ਦੇ ਉਹ ਮੰਤਰੀ ਤੇ ਵਿਧਾਇਕ ਵੀ ਉਨ੍ਹਾਂ ਦੇ ਵਿਰੁੱਧ ਮੋਰਚਾ ਖੋਲ੍ਹੀ ਬੈਠੇ ਹਨ ਜਿਹੜੇ ਹੁਣ ਤੱਕ ਉਨ੍ਹਾਂ ਦੇ ਹਰ ਫੈਸਲੇ ਵਿੱਚ ਹੁਣ ਤੱਕ ਜਾਂ ਤਾਂ ਚੁੱਪ ਸਨ ਤੇ ਜਾਂ ਹਾਂ ‘ਚ ਹਾਂ ਮਿਲਾਈ ਜਾ ਰਹੇ ਸਨ, ਉੱਥੇ ਦੂਜੇ ਪਾਸੇ ਇੰਝ ਜਾਪਦਾ ਹੈ ਜਿਵੇਂ ਕੈਪਟਨ ਦੀ ਇਸੇ ਪੁਲਿਸ ਨੇ ਉਨ੍ਹਾਂ ਬੇਅਦਬੀ ਮਾਮਲਿਆਂ ਤੋਂ ਬਾਅਦ ਘਟੀਆਂ ਘਟਨਾਵਾਂ ਤੋਂ ਅਜੇ ਵੀ ਸਬਕ ਨਹੀਂ ਲਿਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਇੱਕ ਅਜਿਹੀ ਵਾਇਰਲ ਵੀਡੀਓ ਵਿਚਲੀਆਂ ਤਸਵੀਰਾਂ ਨੂੰ ਦੇਖ ਕੇ। ਜਿਸ ਵਿੱਚ ਪੁਲਿਸ ਵਾਲਿਆਂ ਨਾਲ ਇੱਕ ਬੱਸ ਡਰਾਇਵਰ ਦੀ ਲੜਾਈ ਹੋ ਰਹੀ ਹੈ। ਵੀਡੀਓ ਵਿੱਚ ਇਨ੍ਹਾ ਪੁਲਿਸ ਵਾਲਿਆਂ ਬਾਰੇ ਰੌਲਾ ਪੈ ਰਿਹਾ ਹੈ ਕਿ ਉਨ੍ਹਾਂ ਨੇ ਸੜਕ ‘ਤੇ ਲੱਗੇ ਨਾਕੇ ਦੌਰਾਨ ਜਦੋਂ ਬੱਸ ਨੂੰ ਰੁਕਣ ਦਾ ਇਸਾਰਾ ਕੀਤਾ ਤਾਂ ਡਰਾਇਵਰ ਨੇ ਬੱਸ ਭਜਾ ਲਈ ਤੇ ਪੁਲਿਸ ਵਾਲਿਆਂ ਨੇ ਬੱਸ ਦਾ ਪਿੱਛਾ ਕਰਕੇ ਚਲਦੀ ਬੱਸ ‘ਚੋਂ ਡਰਾਇਵਰ ਦੀ ਪੱਗ ਲਾਹ ਕੇ ਉਸ ਦਾ ਜੂੜਾ ਫੜ ਲਿਆ। ਕਿਉਂ ਹੋ ਗਈ ਨਾ ਉਹੋ ਗੱਲ? ਆ ਗਿਆ ਨਾ ਇੱਥੇ ਵੀ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਮੁੱਦਾ? ਪੈ ਗਿਆ ਨਾ ਨਵਾਂ ਪੰਗਾ?
ਬਾਅਦ ਵਿੱਚ ਇਸ ਵਾਇਰਲ ਦਾ ਸੱਚ ਜਾਣਨ ਲਈ ਜਦੋ਼ ਗਲੋਬਲ ਪੰਜਾਬ ਟੀਵੀ ਦੀ ਟੀਮ ਨੇ ਘੋਖ ਕੀਤੀ ਤਾਂ ਪਤਾ ਲੱਗਾ ਕਿ ਇਹ ਘਟਨਾ ਅੰਮ੍ਰਿਤਸਰ ਦੇ ਖਲਚੀਆਂ ਬੱਸ ਅੱਡੇ ਲਾਗੇ ਪੰਜਾਬ ਰੋਡਵੇਜ਼ ਦੇ ਬੱਸ ਡਰਾਇਵਰ ਨਾਲ ਹੋਈ ਕੁੱਟਮਾਰ ਤੋਂ ਬਾਅਦ ਦੇ ਮਾਹੌਲ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਡਰਾਇਵਰ ਨਾਲ ਕੁੱਟਮਾਰ ਦੌਰਾਨ ਬੱਸ ‘ਚ ਬੈਠੀਆਂ ਸਵਾਰੀਆਂ ਭੜਕ ਗਈਆਂ ਤੇ ਉਨ੍ਹਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਇਤਲਾਹ ਦੇ ਦਿੱਤੀ। ਜਿਸ ਮਗਰੋਂ ਖਿਲਚੀਆਂ ਥਾਣਾ ਪੁਲਿਸ ਨੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਾਉਣ ਦੀ ਲੱਖ ਕੋਸ਼ਿਸ਼ ਕੀਤੀ ਪਰ ਗੱਲ ਸਿਰੇ ਨਾ ਚੜ ਸਕੀ ਤੇ ਆਖਰਕਾਰ ਪੁਲਿਸ ਨੂੰ ਗੁਰਦਾਸਪੁਰ ਜਿਲ੍ਹੇ ਅਧੀਨ ਪੈਂਦੇ ਪਿੰਡ ਕਲਿਆਨਪੁਰ ਵਾਸੀ ਡਰਾਇਵਰ ਸੁਖਵਿੰਦਰ ਸਿੰਘ ਦੇ ਬਿਆਨਾਂ ‘ਤੇ ਡਰਾਇਵਰ ਨਾਲ ਕੁੱਟਮਾਰ ਕਰਨ ਤੇ ਉਸ ਦੀ ਪੱਗ ਲਾਹ ਕੇ ਉਸ ਦਾ ਜੂੜਾ ਫੜਨ ਦੇ ਦੋਸ਼ ਝੱਲ ਰਹੇ ਹੌਲਦਾਰ ਸ਼ਮਸ਼ੇਰ ਸਿੰਘ ਦੇ ਖਿਲਾਫ ਪਰਚਾ ਦਰਜ ਕਰਨਾ ਪਿਆ।
ਇਸ ਸਬੰਧ ਵਿੱਚ ਥਾਣਾ ਖਿਲਚੀਆਂ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਡਰਾਇਵਰ ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਹ ਚੰਡੀਗੜ੍ਹ ਵੱਲੋਂ ਬੱਸ ਨੂੰ ਚਲਾ ਕੇ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਤੇ ਇਸ ਦੌਰਾਨ ਜਦੋਂ ਉਹ ਬੁਟਾਰੀ ਬੱਸ ਅੱਡੇ ਕੋਲ ਪੁੱਜਾ ਤਾਂ ਉਸ ਨੂੰ ਪੰਜਾਬ ਪੁਲਿਸ ਦੇ ਹੌਲਦਾਰ ਸ਼ਮਸ਼ੇਰ ਸਿੰਘ ਨੇ ਇਸਾਰਾ ਕਰਕੇ ਬੱਸ ਰੋਕਣ ਨੂੰ ਕਿਹਾ। ਸੁਖਵਿੰਦਰ ਸਿੰਘ ਅਨੁਸਾਰ ਬੱਸ ਵਿੱਚ ਪੂਰੀਆਂ ਸਵਾਰੀਆਂ ਹੋਣ ਅਤੇ ਉਸ ਜਗ੍ਹਾ ਭੀੜ ਹੋਣ ਕਾਰਨ ਜਿੱਥੇ ਉਸ ਨੂੰ ਰੁਕਣ ਦਾ ਇਸਾਰਾ ਕੀਤਾ ਗਿਆ ਸੀ ਡਰਾਇਵਰ ਨੂੰ ਬੱਸ ਰੋਕਣ ਵਿੱਚ ਥੋੜਾ ਸਮਾਂ ਲੱਗ ਗਿਆ ਜਿਸ ‘ਤੇ ਹੌਲਦਾਰ ਸ਼ਮਸ਼ੇਰ ਸਿੰਘ ਉਨ੍ਹਾਂ ਪਿੱਛੇ ਦੌੜ ਕੇ ਬੱਸ ‘ਤੇ ਚੜ੍ਹ ਗਿਆ ਤੇ ਅੰਦਰ ਵੜ ਕੇ ਉਹ ਡਰਾਇਵਰ ਨੂੰ ਭੱਦੀ ਸ਼ਬਦਾਵਲੀ ਬੋਲਣ ਲੱਗ ਪਿਆ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਪੁਲਿਸ ਵਾਲੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇੱਕਦਮ ਬੱਸ ਰੋਕਣ ਵਿੱਚ ਅਸਮਰੱਥ ਸੀ ਪਰ ਸ਼ਮਸ਼ੇਰ ਸਿੰਘ ਨੇ ਉਸ ਨੂੰ ਬੱਸ ਦੀ ਸੀਟ ‘ਤੇ ਬੈਠੇ ਨੂੰ ਹੀ ਬਾਹਰ ਘੜੀਸਣਾ ਸ਼ੁਰੂ ਕਰ ਦਿੱਤਾ ਤੇ ਕੁੱਟਮਾਰ ਕਰਦਿਆਂ ਉਸ ਦੀ ਪੱਗ ਲਾਹ ਕੇ ਉਸ ਦਾ ਜੂੜਾ ਫੜ ਲਿਆ।
ਡਰਾਇਵਰ ਦੇ ਬਿਆਨ ਤੋਂ ਇਲਾਵਾ ਮੌਕੇ ‘ਤੇ ਬਣੀ ਵੀਡੀਓ ਵਿੱਚ ਵੀ ਬੱਸ ਅੰਦਰਲੀਆਂ ਸਵਾਰੀਆਂ ਨੇ ਡਰਾਇਵਰ ਦੀ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਸਵਾਰੀਆਂ ਦਾ ਇਹ ਕਹਿਣਾ ਹੈ ਕਿ ਸਮਸ਼ੇਰ ਸਿੰਘ ਨੇ ਚਲਦੀ ਬੱਸ ਵਿੱਚੋਂ ਡਰਾਇਵਰ ਦੀ ਪੱਗ ਲਾਹ ਕੇ ਉਸ ਦਾ ਜੂੜਾ ਫੜ ਲਿਆ ਸੀ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੀ ਸੀ। ਪਰ ਇਸ ਦੇ ਬਾਵਜੂਦ ਪੁਲਿਸ ਵੱਲੋਂ ਖਲਚੀਆਂ ਥਾਣਾਂ ਪੁਲਿਸ ‘ਤੇ ਵੀ ਇਹ ਦੋਸ਼ ਲੱਗਾ ਕਿ ਉਨ੍ਹਾਂ ਨੇ ਡਰਾਇਵਰ ‘ਤੇ ਸਮਝੌਤੇ ਦਾ ਦਬਾਅ ਬਣਾਇਆ ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਦਿੱਲੀ ਅੰਮ੍ਰਿਤਸਰ ਰੋਡ ਜਾਮ ਕਰਨ ਦੀ ਧਮਕੀ ਦਿੱਤੀ ਤੇ ਇਸ ਤੋਂ ਬਾਅਦ ਉਹ ਪਰਚਾ ਦਰਜ ਕਰਨਾ ਸੰਭਵ ਹੋਇਆ।
- Advertisement -