ਚੰਡੀਗੜ੍ਹ : ਲਗਭਗ ਇੱਕ ਮਹੀਨੇ ਤੋਂ ਸਿਆਸੀ ਅਗਿਆਤਵਾਸ ਵਿੱਚ ਬੈਠੇ ਨਵਜੋਤ ਸਿੰਘ ਸਿੱਧੂ ਬਾਰੇ ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਉੱਥੇ ਦੂਜੇ ਪਾਸੇ ਕੇਂਦਰ ‘ਚ ਬੈਠੇ ਕਾਂਗਰਸ ਦੇ ਵੱਡੇ ਆਗੂ ਅਹਿਮਦ ਪਟੇਲ ਨੂੰ ਮਿਲ ਕੇ ਪੰਜਾਬ ਵਾਪਸ ਪਰਤੇ ਸੂਬੇ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸਿੱਧੂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਬਿਜਲੀ ਮਹਿਕਮੇ ਦਾ ਚਾਰਜ ਸੰਭਾਲ ਲੈਣ ਕਿਉਂਕਿ ਬਿਜਲੀ ਮਹਿਕਮਾ ਵੀ ਇੱਕ ਵਧੀਆ ਅਤੇ ਵੱਕਾਰੀ ਮਹਿਕਮਾਂ ਹੈ। ਬ੍ਰਹਮ ਮਹਿੰਦਰਾ ਦੀ ਇਸ ਅਪੀਲ ਤੋਂ ਬਾਅਦ ਭਾਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਅਜੇ ਵੀ ਆਪਣੀ ਚੁੱਪੀ ਨਹੀਂ ਤੋੜੀ ਹੈ ਪਰ ਅਜਿਹੇ ਮਾਮਲਿਆਂ ਵਿੱਚ ਅਕਸਰ ਸ਼ਾਂਤ ਰਹਿਣ ਵਾਲੇ ਬ੍ਰਹਮ ਮਹਿੰਦਰਾ ਵੱਲੋਂ ਅਚਾਨਕ ਕੀਤੀ ਇਸ ਅਪੀਲ ਨੇ ਆਪਣਾ ਧਿਆਨ ਸਾਰਿਆਂ ਵੱਲੋਂ ਜਰੂਰ ਖਿੱਚਿਆ ਹੈ।
ਦੱਸ ਦਈਏ ਕਿ ਬ੍ਰਹਮ ਮਹਿੰਦਰਾ ਬੀਤੇ ਦਿਨੀਂ ਆਪਣੇ ਸਾਥੀ ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਚੰਨੀ ਅਤੇ ਭਾਰਤ ਭੂਸ਼ਨ ਆਸ਼ੂ ਸਣੇ ਦਿੱਲੀ ਜਾ ਕੇ ਸੀਨੀਅਰ ਕਾਂਗਰਸੀ ਆਗੂ ਅਤੇ ਗਾਂਧੀ ਪਰਿਵਾਰ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਅਹਿਮਦ ਪਟੇਲ ਨੂੰ ਮਿਲੇ ਕੇ ਆਏ ਸਨ ਤੇ ਇਹ ਮੰਨਿਆ ਜਾ ਰਿਹਾ ਸੀ ਕਿ ਉੱਥੇ ਉਹ ਸਿੱਧੂ ਦੇ ਪੁਰਾਣੇ ਅਤੇ ਬ੍ਰਹਮ ਮਹਿੰਦਰਾ ਦੇ ਨਵੇਂ ਸਥਾਨਕ ਸਰਕਾਰਾਂ ਮਹਿਕਮੇਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਹਿਮਦ ਪਟੇਲ ਨਾਲ ਸਾਂਝੀ ਕਰਕੇ ਆਏ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿੱਧੂ ‘ਤੇ ਇਹ ਦੋਸ਼ ਲਾਏ ਸਨ ਕਿ ਉਨ੍ਹਾਂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਮਾੜੀ ਕਾਰਗੁਜਾਰੀ ਕਾਰਨ ਹੀ ਸ਼ਹਿਰਾਂ ਅੰਦਰ ਕਾਂਗਰਸ ਨੂੰ ਵੋਟਾਂ ਘੱਟ ਪਈਆਂ ਹਨ। ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਈ ਤੱਥਾਂ ਅਤੇ ਸਬੂਤਾਂ ਨਾਲ ਪੱਤਰਕਾਰਾਂ ਕੋਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ‘ ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਇਸ ਗੱਲ ਦਾ ਜਵਾਬ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਦਿੱਤਾ ਪਰ ਮੁੱਖ ਮੰਤਰੀ ਨੇ ਸਿੱਧੂ ਦਾ ਸਥਾਨਕ ਸਰਕਾਰਾਂ ਮਹਿਕਮਾਂ ਖੋਹ ਕੇ ਉਨ੍ਹਾਂ ਨੂੰ ਬਿਜਲੀ ਮਹਿਕਮਾਂ ਜਰੂਰ ਦੇ ਦਿੱਤਾ। ਜਿਸ ਤੋਂ ਬਾਅਦ ਸਿੱਧੂ ਦਾ ਇਹ ਮਹਿਕਮਾਂ ਬ੍ਰਹਮ ਮਹਿੰਦਰਾ ਦੇ ਹਵਾਲੇ ਕਰ ਦਿੱਤਾ ਸੀ, ਤੇ ਮੰਨਿਆ ਜਾ ਰਿਹਾ ਹੈ ਕਿ ਇੱਕ ਮਹੀਨੇ ਦੀ ਡੂੰਘੀ ਘੋਖ ਤੋਂ ਬਾਅਦ ਬ੍ਰਹਮ ਮਹਿੰਦਰਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਤੱਥ ਇਕੱਠੇ ਕੀਤੇ ਹਨ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਹੋ ਪਾਈ ਹੈ ਪਰ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਚਰਨਜੀਤ ਚੰਨੀ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਨਾਲ ਲੈ ਕੇ ਇਹੋ ਤੱਥ ਅਹਿਮਦ ਪਟੇਲ ਕੋਲ ਪੇਸ਼ ਕਰਕੇ ਆਏ ਹਨ।
ਇੱਥੋਂ ਤੱਕ ਤਾਂ ਗੱਲ ਲੋਕਾਂ ਦੇ ਪੱਲੇ ਪੈਂਦੀ ਦਿਖਾਈ ਦੇ ਰਹੀ ਸੀ, ਪਰ ਦਿੱਲੀਓਂ ਵਾਪਸ ਪਰਤੇ ਬ੍ਰਹਮ ਮਹਿੰਦਰਾ ਵੱਲੋਂ ਅਚਾਨਕ ਸਿੱਧੂ ਨੂੰ ਬਿਜਲੀ ਮਹਿਕਮਾਂ ਸੰਭਾਲਣ ਦੀ ਅਪੀਲ ਕਰਨਾ ਸਿਆਸੀ ਲੋਕਾਂ ਦੇ ਭਰਵੱਟੇ ਜਰੂਰ ਉੱਤੋਂ ਚਾੜ੍ਹ ਗਿਆ ਹੈ। ਹੁਣ ਇਹ ਭਰਵੱਟੇ ਕਦੋਂ ਕੌਣ ਤੇ ਕਿਵੇਂ ਥੱਲੇ ਲਾਉਂਦਾ ਹੈ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ।