ਪਟਿਆਲਾ : ਇੰਨੀ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਨਾਲ ਹੋਈ 23 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਭਾਵੇਂ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਰਾਹੁਲ ਅੱਗਰਵਾਲ ਉਰਫ ਅਤਾ-ਉਲ-ਅੰਸਾਰੀ ਨਾਮ ਦੇ ਵਿਅਕਤੀ ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਪਰ ਇੰਝ ਜਾਪਦਾ ਹੈ ਜਿਵੇਂ ਵਿਰੋਧੀ ਪਾਰਟੀਆਂ ਨੂੰ ਇਸ ਮਾਮਲੇ ‘ਤੇ ਕੈਪਟਨ ਪਰਿਵਾਰ ਵਿਰੁੱਧ ਟਿੱਪਣੀਆਂ ਕਰਨ ਦਾ ਇੱਕ ਮਸਾਲੇਦਾਰ ਮੁੱਦਾ ਮਿਲ ਗਿਆ ਹੋਵੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਵੀ ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਬੀਰ ਦਵਿੰਦਰ ਦਾ ਕਹਿਣਾ ਹੈ ਪ੍ਰਨੀਤ ਕੌਰ ਨੂੰ ਇਸ ਉਮਰ ‘ਚ ਆਪਣਾ ਅਵੇਸਲਾਪਣ ਤਿਆਗ ਦੇਣਾਂ ਚਾਹੀਦਾ ਹੈ। ਕਿਉਂਕਿ ਉਹ ਹਰ ਵਾਰ ਕਿਸੇ ਨਾ ਕਿਸੇ ਠੱਗੀ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਦੇ ਉਨ੍ਹਾਂ ਨਾਲ ਸਾਈਬਠ ਠੱਗ ਧੋਖਾ ਕਰ ਜਾਂਦੇ ਹਨ ਤੇ ਕਦੀ ਉਹ ਪਾਕਿਸਤਾਨੀ ਔਰਤ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।
ਬੀਰ ਦਵਿੰਦਰ ਸਿੰਘ ਅਨੁਸਾਰ ਜੇਕਰ ਇੱਕ ਸੰਸਦ ਮੈਂਬਰ, ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨਾਲ ਅਜਿਹੀ ਠੱਗੀ ਹੋ ਸਕਦੀ ਹੈ ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋਵੇਗਾ, ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇੱਥੇ ਉਨ੍ਹਾਂ ਇਸ ਠੱਗੀ ‘ਤੇ ਮਹਾਰਾਣੀ ਨਾਲ ਦੁੱਖ ਵੀ ਪ੍ਰਗਟਾਇਆ ਅਤੇ ਕਿਹਾ ਕਿ ਇਸ ਤੋਂ ਵੀ ਵਧੇਰੇ ਤਰਸ ਉਨ੍ਹਾਂ (ਬੀਰ ਦਵਿੰਦਰ ਸਿੰਘ) ਨੂੰ ਪਟਿਆਲਾ ਹਲਕੇ ਦੇ ਉਨ੍ਹਾਂ ਲੋਕਾਂ ‘ਤੇ ਆ ਰਿਹਾ ਹੈ ਜਿੰਨਾਂ ਨੇ ਆਪਣਾ ਅਜਿਹਾ ਅਵੇਸਲਾ ਅਤੇ ਲਾਪ੍ਰਵਾਹ ਸੰਸਦ ਮੈਂਬਰ ਚੁਣਿਆਂ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਪੁਲਿਸ ਨੇ ਭਾਵੇਂ ਇਹ ਕੇਸ ਚੰਦ ਘੰਟਿਆਂ ‘ਚ ਹੱਲ ਕਰਕੇ ਬੜੀ ਹੀ ਬਹਾਦਰੀ ਵਾਲਾ ਕੰਮ ਕੀਤਾ ਹੈ ਅਤੇ ਇਸ ਤੋਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਵੀ ਹੋਈ ਹੈ ਪਰ ਇਹੀ ਬਹਾਦਰੀ ਪੰਜਾਬ ਪੁਲਿਸ ਨੂੰ ਆਮ ਗਰੀਬ ਲੋਕਾਂ ਦੇ ਹੱਕਾਂ ਲਈ ਵੀ ਦਿਖਾਉਂਣੀ ਚਾਹੀਦੀ ਹੈ ਤਾਂ ਜੋ ਠੱਗੀ ਦੀਆਂ ਵਾਰਦਾਤਾਂ ਘਟਾਈਆਂ ਜਾ ਸਕਣ।