ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਮੁੱਖ ਟਿੱਪਣੀ ਕਰਨ ਵਾਲੇ ਬਾਲੀਵੁੱਡ ਅਦਾਕਾਰ ਕਮਾਲ ਆਰ ਖਾਨ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਇਸ ਵਾਰ ਕਮਾਲ ਆਰ ਖਾਨ ਨੇ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ, ਕਿ ਜੇਕਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਦੇਸ਼ ‘ਚ ਮੌਜੂਦ ਹਜ਼ਾਰਾਂ ਕਰੋੜਪਤੀ ਦੇਸ਼ ਛੱਡਣ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਨੇ ਭਾਰਤੀ ਅਰਥ ਵਿਵਸਥਾ ਤੇ ਚੋਣਾਂ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਲਗਾਤਾਰ 3 ਟਵੀਟ ਕੀਤੇ। ਖਾਨ ਨੇ ਪਹਿਲਾਂ ਗਲੋਬਲ ਵੈਲਥ ਮਾਇਗ੍ਰੇਸ਼ਨ ਰਿਪੋਰਟ ਦਾ ਹਵਾਲਾ ਦਿੰਦੇ ਬੀਤੀ 1 ਮਈ ਨੂੰ ਟਵੀਟ ਕਰਕੇ ਲਿਖਿਆ, ਕਿ ਰਿਪੋਰਟ ਦੇ ਮੁਤਾਬਕ 5000 ਭਾਰਤੀ ਕਰੋੜਪਤੀ 2018 ‘ਚ ਦੁਬਈ ‘ਚ ਜਾ ਵਸੇ ਸਨ ਤੇ 7000 ਰਸ਼ੀਅਨ, 15 ਹਜ਼ਾਰ ਚੀਨੀ ਵੀ 2018 ‘ਚ ਹੀ ਦੁਬਈ ਜਾ ਵਸੇ ਸਨ। ਕਮਾਲ ਖਾਨ ਅਨੁਸਾਰ ਹਰ ਅਮੀਰ ਸਖ਼ਸ਼ ਦੁਬਈ ਵਰਗੇ ਸੁਰੱਖਿਅਤ ਸਵਰਗ ਵਿੱਚ ਰਹਿਣਾ ਚਾਹੁੰਦਾ ਹੈ।
ਕਮਾਲ ਆਰ ਖਾਨ ਨੇ ਟਵੀਟ ‘ਚ ਲਿਖਿਆ, ਕਿ ਮੋਦੀ ਜੇਕਰ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਹਨ ਤਾਂ 2018 ਵਾਂਗ ਇਸ ਵਾਰ ਵੀ 1000 ਕਰੋੜਪਤੀ ਦੁਬਈ ਜਾ ਵਸਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਅਮੀਰ ਵਿਅਕਤੀ ਉਸ ਦੇਸ਼ ‘ਚ ਨਹੀਂ ਰਹਿਣਾ ਚਾਹੁੰਦਾ ਜਿੱਥੇ ਲੋਕ ਧਰਮ, ਜਾਤ-ਪਾਤ, ਰਾਜ, ਅਤੇ ਭਾਸ਼ਾ ਨੂੰ ਲੈ ਕੇ ਲੜਦੇ ਹਨ।
- Advertisement -
ਇੱਕ ਹੋਰ ਟਵੀਟ ਕਰਕੇ ਕਮਾਲ ਆਰ ਖਾਨ ਨੇ ਭਾਰਤੀ ਅਰਥ ਵਿਵਸਥਾ ਦੇ ਲਈ ਆਪਣੀ ਚਿੰਤਾ ਬਿਆਨ ਕਰਦਿਆਂ ਲਿਖਿਆ ਕਿ ਇਹ ਲਗਭਗ ਤੈਅ ਹੋ ਚੁੱਕਿਆ ਹੈ ਕਿ ਭਾਰਤੀ ਅਰਥ ਵਿਵਸਥਾ ਅਗਲੇ 5 ਸਾਲਾਂ ‘ਚ ਸੰਕਟ ‘ਚ ਰਹਿਣ ਵਾਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਡਾਲਰ 90 ਰੁਪਏ ਤੱਕ ਦੇ ਅੰਕੜੇ ਨੂੰ ਛੂ ਜਾਵੇਗਾ, ਇੱਥੇ ਹੀ ਬੱਸ ਨਹੀਂ ਉਨ੍ਹਾਂ ਕਿਹਾ ਕਿ ਜੇਕਰ ਗੱਠਜੋੜ ਵਾਲੀ ਸਰਕਾਰ ਆਈ ਤਾਂ ਵੀ ਡਾਲਰ ਦਾ ਮੁੱਲ 100 ਰੁਪਏ ਤੱਕ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ‘ਚ ਰਹਿਣ ਵਾਲੇ ਗਰੀਬ ਲੋਕਾਂ ਲਈ ਅੱਗੇ ਖੂਹ ਅਤੇ ਪਿੱਛੇ ਖਾਈ ਵਾਲੀ ਗੱਲ ਹੈ।
ਦੱਸ ਦਈਏ ਕਿ ਕਮਾਲ ਆਰ ਖਾਨ ਨੇ ਬਾਲੀਵੁੱਡ ‘ਚ ਦੇਸ਼ਧ੍ਰੋਹ ਨਾਮ ਦੀ ਫਿਲਮ ਬਣਾਈ ਹੈ ਅਤੇ ਉਹ ਬਿੱਗ ਬਾਸ ‘ਚ ਵੀ ਦੇਖੇ ਗਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਮਾਲ ਆਰ ਖਾਨ ਆਪਣੀ ਬੇਬਾਕੀ ਲਈ ਸੋਸ਼ਲ ਮੀਡੀਆ ‘ਤੇ ਖਾਸ ਪਹਿਚਾਣ ਬਣਾ ਚੁਕੇ ਹਨ। ਜਾਣਕਾਰੀ ਮੁਤਾਬਿਕ ਭਾਰਤ ‘ਚ ਸਿਰਫ ਆਪਣੀ ਵੋਟ ਦਾ ਇਸਤਿਮਾਲ ਕਰਨ ਲਈ ਵਿਦੇਸ਼ ਤੋਂ ਵੋਟ ਪਾਉਣ ਆਏ ਹਨ ਅਤੇ ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਆਪਣੀ ਤਸਵੀਰ ਵੀ ਅਪਲੋਡ ਕੀਤੀ ਹੈ।