ਪੈਰਿਸ : ਐਟਲਾਂਟਿਕ ਮਹਾਂਸਾਗਰ ਰਾਹੀਂ ਬਰਾਜੀਲ ਜਾ ਰਹੇ ਇੱਕ ਸਮੁੰਦਰੀ ਜਹਾਜ ਦੇ ਡੁੱਬ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਹ ਗ੍ਰਾਡੇ ਅਮਰੀਕਾ ਨਾਮ ਦਾ ਸਮੁੰਦਰੀ ਜਹਾਜ਼ ਇਸ ਰਸਤਿਓਂ 2 ਹਜ਼ਾਰ ਕਾਰਾਂ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਅੱਗ ਲੱਗਣ ਕਾਰਨ ਡੁੱਬ ਗਿਆ । ਇਸ ਘਟਨਾ ‘ਚ ਭਾਂਵੇ ਕਿ ਹੋਰ ਨੁਕਸਾਨ ਬਹੁਤ ਹੋਇਆ ਪਰ ਇਸ ਦੇ ਬਾਵਜੂਦ ਜਹਾਜ ‘ਚ ਮੌਜੂਦ ਚਾਲਕ ਦਲ ਦੇ 27 ਮੈਂਬਰਾਂ ਨੂੰ ਬ੍ਰਿਟਿਸ਼ ਫੌਜ ਵੱਲੋਂ ਬਚਾ ਲਿਆ ਗਿਆ ।
ਗ੍ਰਾਡੇ ਅਮਰੀਕਾ ਨਾਮ ਦੇ ਇਸ ਜਹਾਜ ਵਿੱਚ 911 ਜੀਟੀ 2 ਆਰਐਸ ਮਾਡਲ ਦੀਆਂ 37 ਪੋਰਸ਼ੇ ਕਾਰਾਂ ਲਿਜਾਈਆਂ ਜਾ ਰਹੀਆਂ ਸਨ, ਜਿਨ੍ਹਾਂ ਵਿੱਚੋਂ ਸਿਰਫ ਇੱਕ ਕਾਰ ਦੀ ਹੀ ਕੀਮਤ 3.88 ਕਰੋੜ ਰੁਪਏ ਹੈ ਅਤੇ ਇਸ ਮਾਡਲ ਦੀਆਂ 4 ਕਾਰਾਂ ਜਹਾਜ ‘ਚ ਮੌਜੂਦ ਸਨ, ਜੋ ਕਿ ਤਹਿਸ ਨਹਿਸ ਹੋ ਗਈਆਂ। ਪੋਰਸ਼ੇ ਕਾਰਾਂ ਦੀ ਇਸ ਜਰਮਨ ਕੰਪਨੀ ਨੇ ਇਸ ਹਾਦਸ਼ੇ ਸਬੰਧੀ ਡੂੰਘਾ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕੰਪਨੀਂ ਵੱਲੋਂ ਕਾਰਾਂ ਦੇ ਮੁੜ ਨਿਰਮਾਣ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।