ਚੋਣਾਂ ਨੇੜੇ ਮੰਨ ਗਿਆ ਖਹਿਰਾ, ਕਹਿੰਦਾ ਛੋਟੇਪੁਰ ਨੂੰ ਬਾਹਰ ਕੱਡਣ ਦੇ ਫੈਸਲੇ ਦਾ ਭਾਗੀਦਾਰ ਬਣਨਾ ਮੇਰੀ ਗਲਤੀ ਸੀ

Prabhjot Kaur
3 Min Read

ਚੰਡੀਗੜ੍ਹ : ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਹਰ ਪਾਰਟੀ ਵੱਲੋਂ ਕਈ ਅਜਿਹੇ ਫੈਸਲੇ, ਐਲਾਨ ਅਤੇ ਕਬੂਲਨਾਮੇ ਵੇਖਣ, ਸੁਨਣ ਅਤੇ ਪੜ੍ਹਨ ਨੂੰ ਮਿਲ ਰਹੇ ਹਨ ਜਿੰਨਾਂ ਬਾਰੇ ਜਾਣਕੇ ਲੋਕ ਆਪਣੇ ਮਨਾਂ ਅੰਦਰ ਇਹ ਪੜਚੋਲ ਕਰਨੀ ਸ਼ੁਰੂ ਕਰ ਦਿੰਦੇ ਹਨ ਕਿ ਉਦੋਂ ਇਹ ਬੰਦਾ ਕੀ ਸੀ, ਹੁਣ ਕੀ ਹੈ ਤੇ ਅਸੀਂ ਹੁਣ ਕੀ ਹਾਂ ਤੇ ਵੋਟਿੰਗ ਮਸ਼ੀਨ ਦਾ ਬਟਨ ਦਵਾਉਣ ਲੱਗਿਆਂ ਕੀ ਬਣ ਜਾਵਾਂਗੇ? ਅਜਿਹਾ ਹੀ ਇੱਕ ਬਿਆਨ ‘ਪੰਜਾਬੀ ਏਕਤਾ ਪਾਰਟੀ’ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਵੀ ਦਿੱਤਾ ਹੈ ਜਿਸ ਤਹਿਤ ਖਹਿਰਾ ਨੇ ਇਹ ਕਬੂਲ ਕੀਤਾ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਬਾਹਰ ਕੱਡੇ ਗਏ ਉਸ ਵੇਲੇ ਦੇ ‘ਆਪ’ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੀ ਬਰਖ਼ਾਸਤਗੀ ਦੇ ਫੈਸਲੇ ਦਾ ਭਾਗੀਦਾਰ ਬਣਕੇ ਉਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਸੁਖਪਾਲ ਖਹਿਰਾ ਨੇ ਇਹ ਬਿਆਨ ਉਹ ਸੁੱਚਾ ਸਿੰਘ ਛੋਟੇਪੁਰ ਨੂੰ ਮਿਲਣ ਤੋਂ ਬਾਅਦ ਦਿੱਤਾ ਹੈ ਜਿੰਨਾਂ ਨੂੰ ਪੰਜਾਬ ਜ਼ਮਹੂਰੀ ਗੱਠਜੋੜ ਦਾ ਹਿੱਸਾ ਬਣਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਯਤਨਸ਼ੀਲ ਹਨ।

ਸੁਖਪਾਲ ਖਹਿਰਾ ਨੇ ਇਹ ਗਲਤੀ ਤਾਂ ਮੰਨੀ ਜਦੋਂ ਪੱਤਰਕਾਰਾਂ ਨੇ ਸੁਖਪਾਲ ਖਹਿਰਾ ਨੂੰ ਇਹ ਸਵਾਲ ਪੁੱਛਿਆ ਕਿ ਜਦੋਂ ‘ਆਪ’ ਵਾਲਿਆਂ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਪਾਰਟੀ ‘ਚੋਂ ਬਾਹਰ ਕੱਡਿਆ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਵੀ ਪਾਰਟੀ ਦੀ ਹਾਈਕਮਾਂਡ ਅਤੇ ਦਿੱਲੀ ਵਾਲਿਆਂ ਦੀ ਸੁਰ’ਚ ਸੁਰ ਮਿਲਾਈ ਸੀ। ਇਸ ਦੇ ਜਵਾਬ ਵਿੱਚ ਖਹਿਰਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਗਲਤੀ ਸੀ। ਇੱਥੇ ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਵੇਲੇ ਵਿਧਾਇਕੀ ਦੇ ਉਮੀਦਵਾਰਾਂ ਦੀਆਂ ਟਿਕਟਾਂ ਦੀ ਵੰਡ ਮੌਕੇ ਸੁੱਚਾ ਸਿੰਘ ਛੋਟੇਪੁਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਸੀ, ਤਾਂ ਉਸ ਵੇਲੇ ਹਲਕਾ ਖਰੜ ਤੋਂ ਵਿਧਾਇਕ ਕੰਵਰ ਸੰਧੂ ਤੋਂ ਇਲਾਵਾ ਹੋਰ ਕਿਸੇ ਨੇ ਵੀ ਛੋਟੇਪੁਰ ਦੇ ਹੱਕ ਵਿੱਚ ਅਵਾਜ਼ ਬੁਲੰਦ ਨਹੀਂ ਕੀਤੀ ਸੀ।

ਚੋਣਾਂ ਤੋਂ ਐਣ ਪਹਿਲਾਂ ਤੇ ‘ਆਪ’ ਨਾਲੋਂ ਅੱਡ ਹੋ ਕੇ ਸੁਖਪਾਲ ਖਹਿਰਾ ਵੱਲੋਂ ਹੁਣ ਇਹ ਗਲਤੀ ਮੰਨਣਾ ਆਪਣੇ ਆਪ ਵਿੱਚ ਕਈ ਚਰਚਾਵਾਂ ਛੇੜ ਗਿਆ ਹੈ, ਜਿਸ ਦਾ ਚਟਕਾਰਾ ਵਿਰੋਧੀ ਪਾਰਟੀਆਂ ਅਤੇ ‘ਆਪ’ ਵਾਲੇ ਜਲਦ ਲੈਂਦੇ ਦਿਖਾਈ ਦੇਣ ਤਾਂ ਹੈਰਾਨ ਨਾ ਹੋਇਓ ਕਿਉਂਕਿ ਇਹ ਸਿਆਸਤ ਹੈ ਤੇ ਸਿਆਸਤ ‘ਚ ਸਭ ਕੁਝ ਚਲਦਾ ਹੈ।

Share this Article
Leave a comment