ਚਾਲੀ ਮੁਕਤੇ : ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਵਿਸਾਰੀਆਂ ਸ਼ਹੀਦਾਂ ਦੀਆਂ ਨਿਸ਼ਾਨੀਆਂ

TeamGlobalPunjab
3 Min Read

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਕੌਮ ਖਾਤਰ ਦਿੱਤੀਆਂ ਅਜਿਹੀਆਂ ਲਾਸਾਨੀ ਸ਼ਹਾਦਤਾਂ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀਆਂ। ਕੌਮ ਲਈ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਅਣਗੌਲਿਆ ਕਰਦੀਆਂ ਰਹੀਆਂ ਹਨ। ਉਹਨਾਂ ਨੇ ਤਾਂ ਕੇਵਲ ਆਪਣੀ ਸਿਆਸਤ ਕਰਨੀ ਹੁੰਦੀ ਹੈ।

ਸਿੱਖ ਇਤਿਹਾਸ ਵਿੱਚ ਚਾਲੀ ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਮੁਕਤਸਰ ਵਿੱਚ ਮੇਲਾ ਭਰਦਾ ਹੈ। ਇਸ ਮੌਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਲੋਹੜੀ ਤੋਂ ਦੂਜੇ ਦਿਨ 14 ਜਨਵਰੀ ਨੂੰ ਹਰ ਸਾਲ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। 1705 ਨੂੰ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਆਖਰੀ ਗਹਿਗੱਚ ਜੰਗ ਹੋਈ ਜਿਸ ਵਿੱਚ 40 ਮੁਕਤੇ ਸ਼ਹੀਦ ਹੋ ਗਏ ਸਨ। ਇਸ ਜੰਗ ਨੂੰ ਖਿਦਰਾਣੇ ਦੀ ਢਾਬ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਦੀ ਯਾਦ ਵਿੱਚ ਬਣੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਅਤੇ ਪਵਿੱਤਰ ਸਰੋਵਰ ਵਿੱਚ ਇਸ ਦਿਨ ਆ ਕੇ ਇਸ਼ਨਾਨ ਕਰਦੇ ਹਨ।

ਰਿਪੋਰਟਾਂ ਮੁਤਾਬਿਕ ਇਹ ਪਵਿੱਤਰ ਦਿਹਾੜਾ ਨਜ਼ਦੀਕ ਆ ਰਿਹਾ ਹੈ ਪਰ ਇਹ ਇਤਿਹਾਸਿਕ ਯਾਦਗਾਰਾਂ ਅਣਗੌਲੀਆਂ ਜਾਪਦੀਆਂ ਹਨ। ਇਸ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਮੁਕਤਾ ਮੀਨਾਰ ਪਾਰਕ ਦਾ ਨਿਰਮਾਣ ਕਾਰਜ ਮੁਰੰਮਤ ਮੰਗਦਾ ਹੈ। ਸਵਾਗਤੀ ਗੇਟ ਅਤੇ ਮਾਤਾ ਭਾਗ ਕੌਰ ਵਿਰਾਸਤੀ ਪਾਰਕ ਵਿਚ ਅਜੇ ਤਕ ਕੰਮ ਸ਼ੁਰੂ ਨਹੀਂ ਕੀਤੇ ਗਏ। ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਮਾਤਾ ਭਾਗ ਕੌਰ ਵਿਰਾਸਤੀ ਪਾਰਕ ਦੀਆਂ ਕੰਧਾਂ ਦੀਆਂ ਇੱਟਾਂ ਉਖੜੀਆਂ ਪਈਆਂ ਅਤੇ ਚਾਰੇ ਪਾਸੇ ਕੂੜਾ ਖਿਲਰਿਆ ਪਿਆ ਹੈ। ਤਰਸਯੋਗ ਹਾਲਤ ਵਿੱਚ ਪਏ ਫੁਹਾਰੇ ਬੰਦ ਪਏ ਹਨ। ਮੁਗ਼ਲਾਂ ਨੂੰ ਨੱਕ ਨਾਲ ਚਣੇ ਚਬਾਉਣ ਅਤੇ ਇੱਟ ਨਾਲ ਇੱਟ ਖੜਕਾਉਣ ਵਾਲੇ ਸਿੱਖ ਯੋਧਿਆਂ ਦੇ ਬੁੱਤਾਂ ਦੀ ਹਾਲਤ ਤਰਸਯੋਗ ਹੈ, ਪੌੜੀਆਂ ਟੁੱਟੀਆਂ ਪਈਆਂ ਹਨ, ਜਨਤਕ ਪਖਾਨਿਆਂ ਦੀ ਹਾਲਤ ਮਾੜੀ ਹੈ।

ਇਸੇ ਤਰ੍ਹਾਂ ਮੁਕਤੇ ਮੀਨਾਰ ਵਿਸ਼ਵ ਦਾ ਸਭ ਤੋਂ ਵੱਡਾ 81 ਫੁੱਟ ਉੱਚਾ ਖੰਡਾ ਜੋ ਜ਼ਿਲਾ ਕੰਪਲੈਕਸ ਨੇੜੇ ਸਥਿਤ ਹੈ, ਦੀ ਹਾਲਤ ਵੀ ਠੀਕ ਨਹੀਂ ਹੈ। ਖੰਡੇ ਨੂੰ ਜੰਗਾਲ ਲਗ ਚੁੱਕਾ ਹੈ ਅਤੇ ਫੁਹਾਰਾ ਪ੍ਰਸ਼ਾਸ਼ਨ ਤੇ ਸਰਕਾਰ ਦੀ ਅਣਗਹਿਲੀ ਨੂੰ ਕੋਸ ਰਿਹਾ ਹੈ। ਫ਼ਰਸ਼ ਦੀਆਂ ਟਾਈਲਾਂ ਟੁੱਟੀਆਂ ਹੋਈਆਂ ਹਨ। ਸ਼ਹਿਰ ਦੇ ਐਂਟਰੀ ਪੁਆਇੰਟ ‘ਤੇ ਬਣਾਇਆ ਗਿਆ ਗੇਟ ਮੁਰੰਮਤ ਮੰਗਦਾ ਹੈ।

ਸਰਕਾਰ ਤੋਂ ਇਲਾਵਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਿੱਬੀ ਸਾਹਿਬ ਰੋਡ ‘ਤੇ ਮਾਈ ਭਾਗੋ ਤੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਤਿਆਰ ਕਰਵਾਉਣ ਵਾਲੇ ਸ਼ਹੀਦੀ ਸਮਾਰਕ ਦੇ ਨਿਰਮਾਣ ਕਾਰਜਾਂ ਨੂੰ ਸ਼ੁਰੂ ਕਰਵਾਉਣਾ ਵੀ ਭੁੱਲ ਗਈ ਲੱਗਦੀ ਹੈ। ਇਸ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ 4 ਮਈ, 2005 ਨੂੰ ਰੱਖਿਆ ਗਿਆ ਸੀ ਉਸ ਤੋਂ ਬਾਅਦ ਇਥੇ ਇਕ ਇੱਟ ਵੀ ਨਹੀਂ ਲੱਗੀ ਅਤੇ ਨੀਂਹ ਪੱਥਰ ਵੀ ਗਾਇਬ ਹੋ ਗਿਆ ਹੈ। ਰਿਪੋਰਟਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਇਹ ਸਭ ਕੁਝ ਕਮੇਟੀ ਦੀ ਉੱਚ ਅਥਾਰਟੀ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।

Share This Article
Leave a Comment