Home / ਓਪੀਨੀਅਨ / ਬੱਬਰ ਰਤਨ ਸਿੰਘ – ਅੰਗਰੇਜ਼ਾਂ ਨਾਲ ਟੱਕਰ ਲੈਣ ਵਾਲਾ ਸੂਰਬੀਰ ਯੋਧਾ

ਬੱਬਰ ਰਤਨ ਸਿੰਘ – ਅੰਗਰੇਜ਼ਾਂ ਨਾਲ ਟੱਕਰ ਲੈਣ ਵਾਲਾ ਸੂਰਬੀਰ ਯੋਧਾ

-ਅਵਤਾਰ ਸਿੰਘ;

ਸੂਰਬੀਰ ਬੱਬਰ ਰਤਨ ਸਿੰਘ ਬੱਬਰ ਅਕਾਲੀ ਲਹਿਰ ਭਾਂਵੇ ਬਹੁਤ ਸੀਮਤ ਇਲਾਕੇ ਵਿੱਚ ਸੀ ਜੋ ਆਪਣਾ ਇਤਿਹਾਸਕ ਰੋਲ ਪੂਰਾ ਕਰਕੇ ਖਤਮ ਹੋ ਗਈ,ਪਰ ਇਸਨੇ ਸੂਰਬੀਰਤਾ ਤੇ ਦਲੇਰੀ ਦੇ ਉਹ ਕਾਰਨਾਮੇ ਵਿਖਾਏ, ਜਿਹੜੇ ਸੁੰਤਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੇ ਹੋਏ ਹਨ।

ਇਸ ਲਹਿਰ ਦੇ ਮੋਢੀ ਸਰਦਾਰ ਕਿਸ਼ਨ ਸਿੰਘ ਗੜਗਜ ਸਨ ਜੋ ਸਿੱਖ ਰੈਜਮੈਂਟ ਵਿੱਚ ਮੇਜਰ ਸਨ। ਉਹ ਨਨਕਾਣਾ ਸਾਹਿਬ ਦੇ ਸਾਕੇ ਤੇ ਗੁਰੂ ਕੇ ਬਾਗ ਦੇ ਮੋਰਚੇ ਤੋਂ ਪ੍ਰਭਾਵਤ ਹੋ ਕੇ ਫੌਜ ਵਿੱਚੋਂ ਅਸਤੀਫਾ ਦੇ ਕੇ ਅੰਗਰੇਜ਼ਾਂ ਨੂੰ ਕੱਢਣ ਲਈ ਜੰਗ ਦੇ ਵਿਚ ਮੈਦਾਨ ਵਿੱਚ ਕੁੱਦ ਪਏ। ਬੱਬਰ ਅਕਾਲੀ ਸ਼ਾਂਤਮਈ ਅਸੂਲ ਦੇ ਹੱਕ ਵਿੱਚ ਨਹੀਂ ਸਨ। ਉਹ ਗੁਰੂ ਜੀ ਦੇ ਅਸੂਲ “ਚੂੰ ਕਾਰ ਅਜ਼ ਹੁਮਾ ਹੀਲਤੇ ਦਰ ਗੁਜ਼ਸਤ, ਹਲਾਲ ਅਸਤ ਬੁਰਦਨ ਬੜੀ ਸ਼ਮਸ਼ੀਰ ਦਸਤ।” ਦੇ ਕਾਇਲ ਸਨ। ਇਸ ਲਈ ਉਨ੍ਹਾਂ ਨੇ ਜਬਰ ਦਾ ਮੁਕਾਬਲਾ ਹਥਿਆਰਬੰਦ ਟਾਕਰਾ ਕਰਨ ਦੇ ਅਸੂਲ ਨੂੰ ਅਪਣਾਇਆ ਤੇ ਪ੍ਰਚਾਰਿਆ।

ਇਹ ਲਹਿਰ ਮੁੱਖ ਰੂਪ ਵਿੱਚ ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲੇ ਦੀਆਂ ਰਿਆਸਤਾਂ ਵਿੱਚ ਸਰਗਰਮ ਰਹੀ।ਇਸ ਦਾ ਘੇਰਾ ਸਿਆਲਕੋਟ ਤੇ ਪਿਸ਼ਾਵਰ ਤੱਕ ਵੀ ਸੀ। ਅੰਮਿ੍ਤਸਰ ਦੇ ਪਿੰਡ ਆਲੋਵਾਲ ਦੇ ਚਾਰ ਬੱਬਰ ਸ਼ਹੀਦ ਹੋਏ ਜਿਨ੍ਹਾਂ ਵਿੱਚ ਬੰਤਾ ਸਿੰਘ ਸਪੁੱਤਰ ਈਸ਼ਰ ਸਿੰਘ, ਤੇਜਾ ਸਿੰਘ ਸਪੁੱਤਰ ਬੂਟਾ ਸਿੰਘ ਤੇ ਗਿਆਨ ਸਿੰਘ ਸਪੁੱਤਰ ਹੀਰਾ ਸਿੰਘ ਨੇ ਕਾਲੇ ਪਾਣੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਜਦਕਿ ਨਿੱਕਾ ਸਿੰਘ ਸਪੁੱਤਰ ਸਿੰਘ ਅਲੋਵਾਲ ਤੇ ਬੰਤਾ ਸਿੰਘ ਗੁਰੂਸਰ ਸਤਲਾਣੀ ਨੂੰ 27/2/1927 ਨੂੰ ਫਾਂਸੀ ਦਿੱਤੀ ਗਈ। ਲਗਭਗ ਸੌ ਦੇ ਕਰੀਬ (91) ਬੱਬਰਾਂ ਨੇ ਇਸ ਲਹਿਰ ਵਿੱਚ ਯੋਗਦਾਨ ਪਾਇਆ। ਜਿਨਾਂ ਵਿੱਚ ਬੱਬਰ ਰਤਨ ਸਿੰਘ ਰੱਕੜ ਬੇਟ ਵੀ ਸ਼ਾਮਲ ਸਨ।

ਬੱਬਰ ਰਤਨ ਸਿੰਘ ਦਾ ਜਨਮ ਨੰਬਰਦਾਰ ਜਵਾਹਰ ਸਿੰਘ ਦੇ ਘਰ ਪਿੰਡ ਰੱਕੜਾਂ ਬੇਟ ਜੋ ਬਲਾਚੌਰ ਤੋਂ ਤਿੰਨ ਕੁ ਕਿਲੋਮੀਟਰ ਦੂਰੀ ‘ਤੇ ਸਤਲੁਜ ਕੰਢੇ ਤੇ ਹੈ ਵਿੱਚ ਹੋਇਆ। ਸਰਕਾਰੀ ਹਾਈ ਸਕੂਲ ਰਾਹੋਂ ਤੋਂ ਦਸਵੀਂ ਕਰਨ ਮਗਰੋਂ ਫੌਜ ਵਿੱਚ ਭਰਤੀ ਹੋ ਗਏ। ਅੰਗਰੇਜ਼ ਅਫ਼ਸਰਾਂ ਵੱਲੋਂ ਗੁਲਾਮਾਂ ਵਾਲਾ ਸਲੂਕ ਹੁੰਦਾ ਵੇਖ ਕੇ ਉਨਾਂ ਨੇ ਅਸਲਾਖਾਨੇ ਵਿੱਚੋਂ ਚੋਰੀ ਇਕ ਪਿਸਤੋਲ, ਬੰਦੂਕ ਤੇ ਗਰਨੇਡ ਲਿਆ ਕੇ ਘਰ ਵਿੱਚ ਟੋਆ ਪੁੱਟ ਕੇ ਦਬ ਦਿੱਤੇ ਤੇ ਫੌਜ ‘ਚੋਂ ਛੇਤੀ ਹੀ ਡਿਸਚਾਰਜ ਲੈ ਲਿਆ। ਦੋਸਤ ਦੀ ਮੁਖਬਰੀ ਤੇ ਘਰੋਂ ਅਸਲਾ ਫੜੇ ਜਾਣ ਤੇ ਤਿੰਨ ਸਾਲ ਦੀ ਸ਼ਜਾ ਹੋ ਗਈ। ਕੈਦ ਪੂਰੀ ਹੋਣ ਤੇ ਅਕਾਲੀ ਜਥੇ ਦਾ ਜਥੇਦਾਰ ਬਣ ਕੇ ਸਰਕਾਰ ਖਿਲਾਫ ਹਥਿਆਰਬੰਦ ਟਾਕਰੇ ਲਈ ਪ੍ਰਚਾਰ ਕਰਦੇ ਰਹੇ। 1930 ਵਿੱਚ ਇਲਾਕੇ ਵਿੱਚ ਚਾਰ ਥਾਣੇ ਬੰਬਾਂ ਨਾਲ ਉਡਾਉਣ ਬਾਰੇ ਇਸ਼ਤਿਹਾਰ ਲਾਉਣ ਤੇ ਬਬਰ ਰਤਨ ਸਿੰਘ ਦੇ ਵਾਰੰਟ ਜਾਰੀ ਹੋ ਗਏ।

ਗਦਾਰ ਮੇਲਾ ਸਿੰਘ ਦੀ ਸੂਹ ਤੇ ਫੜੇ ਜਾਣ ‘ਤੇ 11ਸਾਲ ਕੈਦ ਦੀ ਸ਼ਜਾ ਹੋਈ। ਲਾਹੌਰ ਜੇਲ ਵਿੱਚ ਅਫਸਰਾਂ ਖਿਲਾਫ ਵਖਤ ਪਾਉਣ ਤੇ ਕਾਲੇ ਪਾਣੀ ਭੇਜਣ ਲਈ ਰੇਲ ਗੱਡੀ ਤੇ ਕਲਕੱਤੇ ਭੇਜਿਆ ਗਿਆ ਪਰ ਰਾਹ ਵਿੱਚ ਜਗਾਧਰੀ ਸ਼ਟੇਸਨ ‘ਤੇ ਭੱਜਣ ਦੀ ਕੋਸ਼ਿਸ਼ ਅਸਫਲ ਹੋ ਗਈ।

ਅੰਡੇਮਾਨ ਦੀ ਜੇਲ ਵਿੱਚ ਪਹੁੰਚ ਕੇ ਉਥੇ ਹੜਤਾਲਾਂ ਕਰਾਉਣ ਲਈ ਜਿੰਮੇਵਾਰ ਸਮਝਕੇ ਵਾਪਸ ਲਾਹੌਰ ਭੇਜ ਦਿਤਾ। ਵਾਪਸੀ ਤੇ ਨਰਵਾਣੇ ਸ਼ਟੇਸਨ ਤੋਂ ਹੱਥਕੜੀ ਤੇ ਬੇੜੀਆਂ ਕੱਟ ਕੇ ਪੁਲਿਸ ਨੂੰ ਸ਼ਰਾਬੀ ਕਰਕੇ ਦੋ ਰਾਈਫਲਾਂ ਲੈ ਕੇ ਫਰਾਰ ਹੋ ਗਏ। 1932 ਵਿੱਚ ਪਿੰਡ ਆ ਕੇ ਖਤਰਾ ਹੋਣ ਤੇ ਆਪਣੇ ਦੋਸਤ ਗੇਂਦਾ ਸਿੰਘ ਰੁੜਕੀਆਂ ਸੈਣੀਆਂ ਪਾਸ ਰਹਿਣ ਲਗੇ।ਸਰਕਾਰ ਨੇ ਬੱਬਰ ਨੂੰ ਫੜਾਉਣ ਵਾਸਤੇ ਪੰਜ ਮੁਰਬੇ ਤੇ 4 ਹਜ਼ਾਰ ਰੁਪਏ ਇਨਾਮ ਦੇਣ ਲਈ ਪਿੰਡ ਪਿੰਡ ਇਸ਼ਤਿਹਾਰ ਲਵਾਏ।

ਗਦਾਰ ਮੀਂਹਾ ਸਿੰਘ ਨੇ ਲਾਲਚ ਵਿੱਚ ਬੱਬਰ ਨੂੰ ਫੜਾਉਣ ਲਈ ਗੇਂਦਾ ਸਿੰਘ ਦੇ ਘਰ ਦਾ ਨਕਸ਼ਾ ਹੁਸ਼ਿਆਰਪੁਰ ਦੇ ਡੀ ਸੀ ਨੂੰ ਦਿੱਤਾ। ਉਸਨੇ ਭਾਰੀ ਫੋਰਸ ਲੈ ਕਿ ਗੇਂਦਾ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ। ਬੱਬਰ ਨੇ ਹਥਿਆਰ ਸੁੱਟਣ ਦੀ ਥਾਂ ਮੁਕਾਬਲੇ ਨੂੰ ਪਹਿਲ ਦਿੱਤੀ। ਜਦ ਘਰ ਦੀ ਛੱਤ ਪਾੜੀ ਤਾਂ ਹੇਠੋਂ ਬੱਬਰ ਨੇ ਗੋਲੀਆਂ ਨਾਲ ਦੋ ਸਿਪਾਹੀ ਮਾਰ ਦਿਤੇ। ਉਨਾਂ ਘਰ ਨੂੰ ਅੱਗ ਲਾਈ ਤਾਂ ਬੱਬਰ ਘਰ ਦੀ ਕੰਧ ਪਾੜ ਕੇ ਇਕ ਘਰ ਤੋਂ ਦੂਜੇ ਤੇ ਫਿਰ ਅਗੇ ਵਧਦਾ ਚਲਾ ਗਿਆ। ਉਸ ਨੇ ਅੱਗੇ ਖੜੇ ਹਜ਼ਾਰਾ ਸਿੰਘ ਮੁਖਬਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਪੁਲਿਸ ਦੀਆਂ ਗੋਲੀਆਂ ਨਾਲ ਬੱਬਰ ਜਖ਼ਮੀ ਹੋਣ ਉਪਰੰਤ 15 ਜੁਲਾਈ,1932 ਨੂੰ ਸ਼ਹੀਦ ਹੋ ਗਿਆ। ਲਾਸ਼ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਜਲੂਸ ਕੱਢਣਾ ਚਾਹੁੰਦੀਆਂ ਸਨ ਪਰ ਉਨ੍ਹਾਂ ਨੂੰ ਇਜ਼ਾਜਤ ਨਾ ਮਿਲੀ। ਦੋ ਦਿਨ ਪੋਸਟ ਮਾਰਟਮ ਤੋਂ ਬਾਅਦ ਉਥੇ ਨੰਗੀ ਪਈ ਲਾਸ਼ ਵੇਖ ਕੇ ਬੱਬਰ ਮਿਲਖਾ ਸਿੰਘ ਤੇ ਉਸਦੇ ਸਾਥੀਆਂ ਨੇ ਤੇੜ ਦੀਆਂ ਚਾਂਦਰਾ ਲਾਹ ਕੇ ਉਪਰ ਪਾ ਦਿਤੀਆਂ ਤੇ ਉਸਦੀ ਲਾਸ਼ ਨੂੰ ਲਿਜਾ ਕੇ ਗੜਸ਼ੰਕਰ ਲਾਗੇ ਉਜਾੜ ਥਾਂ ਤੇ ਸਸਕਾਰ ਕਰ ਦਿੱਤਾ। ਉਸਦੀ ਰਾਖ ਨਾਲ ਲਗਦੇ ਚੋਅ ਵਿੱਚ ਵਹਾ ਦਿੱਤੀ। ਰੁੜਕੀ ਖਾਸ ਵਿੱਚ ਹੋਏ ਪੁਲਿਸ ਮੁਕਾਬਲੇ ਦਾ ਸਾਰਾ ਖਰਚ ਸਰਕਾਰ ਨੇ ਪਿੰਡ ਦੇ ਪੈਨਸ਼ਰਾਂ ਦੀਆਂ ਪੈਨਸ਼ਨਾਂ ਪੰਜ ਸਾਲ ਬੰਦ ਕਰਕੇ ਪੂਰਾ ਕੀਤਾ ਤੇ ਕਿਸੇ ਨੂੰ ਵੀ ਨੌਕਰੀ ਵਿੱਚ ਭਰਤੀ ਨਾ ਕੀਤਾ।

Check Also

ਮੋਦੀ ਸਰਕਾਰ ਨੇ ਧੱਕੇ-ਜ਼ੋਰੀ ਪਾਸ ਕੀਤੇ ਖੇਤੀ ਬਿੱਲ; ਬਾਦਸ਼ਾਹ ਸਲਾਮਤ ਨੇ ਕੀਤੇ ਰੱਦ

-ਗੁਰਮੀਤ ਸਿੰਘ ਪਲਾਹੀ; ‘ਚਿੜੀਓ ਜੀ ਪਓ, ਚਿੜੀਓ ਮਰ ਜਾਓ’ ਦਾ ਵਰਤਾਰਾ ਮੋਦੀ ਸਰਕਾਰ ਨੇ ਜਿਸ …

Leave a Reply

Your email address will not be published. Required fields are marked *