Home / ਸਿਆਸਤ / ਖਹਿਰਾ ਖ਼ਿਲਾਫ਼ ਚਿੜ੍ਹਨ ਦੀ ਹੱਦ ਦੇਖੋ, ਆਪ ਆਗੂ ਕਹਿੰਦੇ ਕਿਸੇ ਨੂੰ ਵੀ ਪਾਰਟੀ ‘ਚ ਲੈ ਲਾਂਗੇ ਪਰ ਖਹਿਰਾ ਨੂੰ ਨਹੀਂ !..

ਖਹਿਰਾ ਖ਼ਿਲਾਫ਼ ਚਿੜ੍ਹਨ ਦੀ ਹੱਦ ਦੇਖੋ, ਆਪ ਆਗੂ ਕਹਿੰਦੇ ਕਿਸੇ ਨੂੰ ਵੀ ਪਾਰਟੀ ‘ਚ ਲੈ ਲਾਂਗੇ ਪਰ ਖਹਿਰਾ ਨੂੰ ਨਹੀਂ !..

ਚੰਡੀਗੜ੍ਹ : ਲੋਕ ਸਭਾ ਚੋਣਾਂ ਨੇੜੇ ਹਨ, ਤੇ ਆਮ ਆਦਮੀ ਪਾਰਟੀ ਆਪ ਤੋਂ ਬਾਗ਼ੀ ਹੋ ਕੇ ਅਲੱਗ ਹੋਏ ਪੰਜਾਬ ਦੇ ਵਿਧਾਇਕਾਂ ਦੀ ਘਰ ਵਾਪਸੀ ਲਈ ਯਤਨਸ਼ੀਲ ਹੈ। ਪਰ ਜਿਸ ਤਰ੍ਹਾਂ ਅਣਖ ਦੋਵਾਂ ਧੜਿਆਂ ਦੇ ਏਕੇ ‘ਚ ਆੜੇ ਆ ਰਹੀ ਹੈ, ਉਸਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਇਹ ਏਕਾ ਹੋਣਾ ਲਗਭਗ ਅਸੰਭਵ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਪ ਆਗੂ ਪੰਜਾਬ ਦੇ ਸੱਤਾਂ ਵਿੱਚੋ ਪੰਜਾਂ ਵਿਧਾਇਕਾਂ ਨੂੰ ਤਾਂ ਪਾਰਟੀ ‘ਚ ਵਾਪਸ ਲੈਣ ਨੂੰ ਤਿਆਰ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੂੰ ਕਿਸੇ ਹਾਲਾਤ ‘ਚ ਵੀ ਵਾਪਸ ਨਹੀਂ ਲਿਆ ਜਾ ਸਕਦਾ, ਕਿਉਂਕਿ ਇਨ੍ਹਾਂ ਆਗੂਆਂ ਦੀ ਪਾਰਟੀ ਅੰਦਰ ਵਿਰੋਧਤਾ ਬਹੁਤ ਜ਼ਿਆਦਾ ਹੈ। ਇਸਦੇ ਉਲਟ ਬਾਗੀ ਧੜ੍ਹਾ ਸੁਖਪਾਲ ਖਹਿਰਾ ਦੀ ਵਾਪਸੀ ਦੀ ਸ਼ਰਤ ਤੇ ਅੜਿਆ ਹੋਇਆ ਹੈ। ਅਜਿਹੇ ਵਿੱਚ ਜਿੱਥੇ ਆਪ ਤੇ ਖਹਿਰਾ ਦੇ ਉਹ ਸਮਰਥਕਾਂ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ ਜਿਹੜੇ ਇਸ ਏਕੇ ਦੇ ਹਾਮੀ ਹਨ, ਉੱਥੇ ਵਿਰੋਧੀਆਂ ਦੀਆਂ ਇਸ ਏਕੇ ਦੀ ਗੱਲਬਾਤ ਟੁੱਟਦੀਆਂ ਦੇਖ ਵਾਛਾਂ ਖਿੜ ਗਈਆਂ ਹਨ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਆਪ ਦੇ ਦੋਵਾਂ ਗੁੱਟਾਂ ਵਿਚਕਾਰ ਇਸ ਏਕੇ ਨੂੰ ਸਿਰੇ ਚਾੜ੍ਹਨ ਲਈ ਬੜੀ ਸੰਜੀਦਗੀ ਨਾਲ ਗੱਲਬਾਤ ਚਲਾਈ ਗਈ ਸੀ। ਜਿਸ ਵਿੱਚ ਆਪ ਅਤੇ ਬਾਗੀ ਦੋਵਾਂ ਵਲੋਂ ਪੂਰੀ ਦਿਲਚਸਪੀ ਵੀ ਦਿਖਾਈ ਗਈ ਸੀ, ਪਰ ਇਸ ਤੋਂ ਪਹਿਲਾਂ ਕਿ ਗੱਲਬਾਤ ਇਸ ਮੁਕਾਮ ਤੱਕ ਪਹੁੰਚਦੀ ਕਿ ਬਾਗੀ ਵਿਧਾਇਕ ਕਿਨ੍ਹਾਂ ਸ਼ਰਤਾਂ ਤੇ ਘਰ ਵਾਪਸੀ ਕਰਨਗੇ, ਇਸ ਮੀਟਿੰਗ ਵਿੱਚ ਸੁਖਪਾਲ ਖਹਿਰਾ ਦਾ ਨਾਮ ਆ ਗਿਆ। ਸੂਤਰਾਂ ਅਨੁਸਾਰ ਇਹ ਸੁਣਦਿਆਂ ਹੀ ਆਪ ਵਾਲੇ ਭੜਕ ਗਏ ਤੇ ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਸੁਖਪਾਲ ਖਹਿਰਾ ਲਈ ਹੁਣ ਆਮ ਆਦਮੀ ਪਾਰਟੀ ਅੰਦਰ ਕੋਈ ਜਗ੍ਹਾ ਨਹੀਂ ਹੈ ਤੇ ਖਹਿਰਾ ਲਈ ਹੁਣ ਪਾਰਟੀ ਦੇ ਸਾਰੇ ਦਰਵਾਜੇ ਬੰਦ ਹੋ ਚੁਕੇ ਹਨ। ਇੱਥੇ ਹੀ ਆ ਕੇ ਪੇਚ ਫੱਸ ਗਿਆ ਕਿਉਂਕਿ ਬਾਗ਼ੀ ਧੜ੍ਹੇ ਦੇ ਵਿਧਾਇਕ ਇਸ ਗੱਲ ਤੇ ਅੜੇ ਹੋਏ ਹਨ ਕਿ ਉਹ ਖਹਿਰਾ ਨੂੰ ਇਕੱਲਿਆਂ ਛੱਡ ਕੇ ਘਰ ਵਾਪਸੀ ਨਹੀਂ ਕਰਨਗੇ।
ਸੂਤਰਾਂ ਅਨੁਸਾਰ ਆਪ ਆਗੂ ਕੁਝ ਬਾਗੀਆਂ ਨੂੰ ਪਾਰਟੀ ‘ਚ ਕੋਰ ਕਮੇਟੀ ਮੈਂਬਰਾਂ ਵਜੋਂ ਲੈਣ ਲਈ ਵੀ ਤਿਆਰ ਸਨ ਤੇ ਬਾਗੀਆਂ ਦੇ ਕਹਿਣ ਤੇ ਆਪ ਦਾ ਪੰਜਾਬ ਅੰਦਰ ਜਥੇਬੰਦਕ ਢਾਂਚਾ ਵੀ ਤੋੜ ਭੰਨ੍ਹ ਕੇ ਉਸ ਵਿੱਚ ਸੋਧ ਕੀਤੀ ਜਾ ਸਕਦੀ ਸੀ। ਪਰ ਸੁਖਪਾਲ ਖਹਿਰਾ ਨੂੰ ਲੈਕੇ ਇਹ ਏਕਾ ਹੁੰਦਾ ਹੁੰਦਾ ਰਹਿ ਗਿਆ। ਇਸ ਦੌਰਾਨ ਅਹਿਮ ਰੋਲ ਅਦਾ ਕਰਨ ਵਾਲੇ ਆਪ ਦੇ ਵਿਧਾਇਕ ਮੀਤ ਹੇਅਰ ਨੇ ਮੀਡੀਆ ਕੋਲ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਗੱਲਬਾਤ ਦੇ ਸਾਰਥਕ ਨਤੀਜੇ ਕੱਢਣ ਲਈ ਭਗਵੰਤ ਮਾਨ ਤੇ ਕਈ ਹੋਰ ਆਪ ਆਗੂਆਂ ਨੂੰ ਵੀ ਗੱਲਬਾਤ ‘ਚ ਸ਼ਾਮਲ ਕੀਤਾ ਗਿਆ ਸੀ, ਪਰ ਜਿਸ ਵੇਲੇ ਸੁਖਪਾਲ ਖਹਿਰਾ ਨੂੰ ਪਾਰਟੀ ‘ਚ ਮੁੜ ਸ਼ਾਮਲ ਕਰਨ ਦੀ ਗੱਲ ਆਈ ਤਾਂ ਆਪ ਆਗੂਆਂ ਦਾ ਤਰਕ ਸੀ ਕਿ ਪਾਰਟੀ ਅੰਦਰ ਕੋਈ ਵੀ ਖਹਿਰਾ ਦੀ ਘਰ ਵਾਪਸੀ ਲਈ ਤਿਆਰ ਨਹੀਂ ਹੈ, ਜਦਕਿ ਬਾਗੀ ਧੜੇ ਦੇ ਲੋਕ ਸੁਖਪਾਲ ਖਹਿਰਾ ਦੀ ਵਾਪਸੀ ਤੋਂ ਬਿਨਾਂ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਸਨ। ਮੀਤ ਹੇਅਰ ਅਨੁਸਾਰ ਬਾਗੀਆਂ ਵਲੋਂ ਖਹਿਰਾ ਦੀ ਵਾਪਸੀ ਸਬੰਧੀ ਰੱਖੀ ਗਈ ਸ਼ਰਤ ਨੂੰ ਆਪ ਦੀ ਕੋਰ ਕਮੇਟੀ ਦੇ ਮੈਂਬਰਾਂ ਨੇ ਵੀ ਵਿਚਾਰਿਆ ਸੀ ਪਰ ਉੱਥੇ ਵੀ ਇਹੋ ਗੱਲ ਨਿਕਲ ਕੇ ਸਾਹਮਣੇ ਆਈ ਕਿ ਖਹਿਰਾ ਨੂੰ ਪਾਰਟੀ ‘ਚ ਵਾਪਸ ਨਹੀਂ ਲਿਆ ਜਾ ਸਕਦਾ।
ਉੱਧਰ ਦੂਜੇ ਪਾਸੇ ਬਾਗੀ ਧੜ੍ਹੇ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਆਪ ਆਗੂਆਂ ਨਾਲ ਏਕੇ ਦੀ ਗੱਲ ਚੱਲੀ ਸੀ ਤੇ ਉਹ ਏਕੇ ਦੇ ਹੱਕ ‘ਚ ਵੀ ਹਨ। ਉਨ੍ਹਾਂ ਨੇ ਖਹਿਰਾ ਨੂੰ ਇਸ ਏਕੇ ਲਈ ਤਿਆਰ ਵੀ ਕਰ ਲਿਆ ਸੀ ਪਰ ਆਪ ਵਾਲੇ ਸੁਖਪਾਲ ਖਹਿਰਾ ਨੂੰ ਵਾਪਸ ਲੈਣ ਨੂੰ ਤਿਆਰ ਨਹੀਂ ਸਨ ਇਸ ਲਈ ਉਨ੍ਹਾਂ(ਬਾਗੀ ਧੜ੍ਹੇ) ਨੇ ਇਹ ਕਹਿ ਕੇ ਘਰ ਵਾਪਸੀ ਤੋਂ ਇਨਕਾਰ ਕਰ ਦਿੱਤਾ ਕਿ ਉਹ ਖਹਿਰਾ ਨੂੰ ਇੱਕਲਿਆਂ ਨਹੀਂ ਛੱਡ ਸਕਦੇ।

Check Also

ਸਿਮਰਜੀਤ ਸਿੰਘ ਬੈਂਸ ਦੀਆਂ ਵਧ ਸਕਦੀਆਂ ਹਨ ਮੁਸੀਬਤਾਂ? ਹੋ ਸਕਦੇ ਹਨ ਗ੍ਰਿਫਤਾਰ!..

ਗੁਰਦਾਸਪੁਰ : ਇੰਝ ਲਗਦਾ ਹੈ ਜਿਵੇਂ ਹੁਣ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ …

Leave a Reply

Your email address will not be published. Required fields are marked *