ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਵਿਵਾਦਿਤ ਪ੍ਰਧਾਨ ਦੱਸੇ ਜਾਂਦੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸਨਕਦੀਪ ਸਿੰਘ ਸੰਧੂ ਨੂੰ ਪਾਰਟੀ ਦਾ ਪ੍ਰਧਾਨ ਤਕਨੀਕੀ ਗਲਤੀ ਨਾਲ ਬਣਾਇਆ ਗਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਪਿੱਛੇ ਕਿਸੇ ਦੀ ਕੋਈ ਮਾੜੀ ਭਾਵਨਾ ਨਹੀਂ ਹੈ। ਇਹ ਤਾਂ ਸੀ ਉਹ ਬਿਆਨ ਜਿਹੜੇ ਖਹਿਰਾ ਨੇ ਦਿੱਤਾ ਤੇ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤਾ ਪਰ ਇਸ ਦੇ ਪਿੱਛੇ ਦੀ ਸੱਚਾਈ ਇਹ ਹੈ ਕਿ ਕਾਗਜਾਂ ਵਿੱਚ ਪੰਜਾਬ ਏਕਤਾ ਦੀ ਪ੍ਰਧਾਨਗੀ ਸਨਕਦੀਪ ਸੰਧੂ ਕੋਲ ਹੋਣ ਦੇ ਬਾਵਜੂਦ ਇਸ ਗੱਲ ਨੂੰ ਜਨਤਕ ਨਹੀਂ ਕੀਤਾ ਗਿਆ ਤੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਸਨਕਦੀਪ ਸੰਧੂ ਨੂੰ ਆਪਣਾ ਸਿਆਸੀ ਸਕੱਤਰ ਨਿਯੁਕਤ ਕਰ ਲਿਆ ਜੋ ਕਿ ਕਿਤੇ-ਨਾ-ਕਿਤੇ ਕਿਸੇ ਵੱਡੇ ਘਪਲੇਬਾਜ਼ੀ ਵੱਲ ਇਸ਼ਾਰਾ ਕਰ ਰਿਹਾ ਹੈ।
ਇਹੋ ਸਵਾਲ ਜਦੋਂ ਪੱਤਰਕਾਰਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਇਸ ਨੂੰ ਤਕਨੀਕੀ ਗਲਤੀ ਕਰਾਰ ਦਿੰਦਿਆਂ ਕਿਹਾ ਕਿ ਇਸ ਪਿੱਛੇ ਕਿਸੇ ਦੀ ਕੋਈ ਮਾੜੀ ਭਾਵਨਾ ਨਹੀਂ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਬਿਨਾਂ ਵਜ੍ਹਾ ਮੁੱਦੇ ਭੜਕਾਅ ਰਹੇ ਹਨ। ਇੱਧਰ ਖਹਿਰਾ ਵਿਰੋਧੀਆਂ ਦਾ ਇਹ ਤਰਕ ਹੈ ਕਿ ਸੁਖਪਾਲ ਖਹਿਰਾ ਨੇ ਪੰਜਾਬ ਏਕਤਾ ਪਾਰਟੀ ਦੀ ਪ੍ਰਧਾਨਗੀ ਵਾਲੇ ਸਾਰੇ ਤੱਥ ਆਮ ਲੋਕਾਂ, ਸਪੀਕਰ ਵਿਧਾਨ ਸਭਾ ਤੇ ਚੋਣ ਕਮਿਸ਼ਨ ਕੋਲੋਂ ਛੁਪਾ ਕੇ ਕਾਨੂੰਨ ਭੰਗ ਕੀਤਾ ਹੈ, ਲਿਹਾਜ਼ਾ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਿਰੋਧੀ ਇਹ ਤਰਕ ਦਿੰਦੇ ਹਨ ਕਿ ਸੁਖਪਾਲ ਖਹਿਰਾ ਇਸ ਮਾਮਲੇ ਵਿੱਚ ਤਕਨੀਕੀ ਗਲਤੀ ਕਹਿ ਕੇ ਦੋਸ਼ ਮੁਕਤ ਨਹੀਂ ਹੋ ਸਕਦੇ। ਕੀ ਇਹ ਤਕਨੀਕੀ ਗਲਤੀ ਹੈ ਜਾਂ ਜਾਣਬੁੱਝ ਕੇ ਕੀਤਾ ਗਿਆ ਹੈ ਇਸ ਦਾ ਫੈਸਲਾ ਜਾਂਚ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ, ਤੇ ਕਾਨੂੰਨ ਵੀ ਇਹ ਕਹਿੰਦਾ ਹੈ ਕਿ ਜੇਕਰ ਤੁਸੀਂ ਅਣਜਾਣੇ ਵਿੱਚ ਵੀ ਕਾਨੂੰਨ ਭੰਗ ਕੀਤਾ ਹੈ ਤਾਂ ਵੀ ਤੁਸੀਂ ਸਜ਼ਾ ਦੇ ਹੱਕਦਾਰ ਹੋਂ।
ਉੱਧਰ ਦੂਜੇ ਪਾਸੇ ਵਿਰੋਧੀਆਂ ਵੱਲੋਂ ਇਹ ਵੀ ਦੋਸ਼ ਲਾਏ ਜਾ ਰਹੇ ਹਨ ਕਿ ਖਹਿਰਾ ਨੇ ਇਹ ਸਭ ਆਪਣੀ ਵਿਧਾਇਕੀ ਬਚਾਉਣ ਲਈ ਕੀਤਾ ਸੀ ਤੇ ਇਸ ਦੇ ਪਿੱਛੇ ਕਾਰਨ ਇਹ ਸੀ ਕਿ ਖਹਿਰਾ ਨਹੀਂ ਚਾਹੁੰਦੇ ਸਨ ਕਿ ਹਲਕਾ ਭੁਲੱਥ ਦੀ ਉਪ ਚੋਣ ਵੀ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਵੇ, ਜਿਸ ਵਿੱਚ ਖਹਿਰਾ ਕਾਮਯਾਬ ਰਹੇ ਹਨ । ਹੁਣ ਇਨ੍ਹਾਂ ਇਲਜ਼ਾਮਾਂ ਬਾਰੇ ਖਹਿਰਾ ਕੀ ਜਵਾਬ ਦਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।