Home / ਸਿਆਸਤ / ਖਹਿਰਾ ਨੂੰ ਛੱਡਣੀ ਪੈ ਸਕਦੀ ਹੈ ਐੱਮ ਐੱਲ ਏ ਦੀ ਕੁਰਸੀ? ਫੈਂਸਲਾ ਹੈ ਸਪੀਕਰ ਦੇ ਹੱਥ

ਖਹਿਰਾ ਨੂੰ ਛੱਡਣੀ ਪੈ ਸਕਦੀ ਹੈ ਐੱਮ ਐੱਲ ਏ ਦੀ ਕੁਰਸੀ? ਫੈਂਸਲਾ ਹੈ ਸਪੀਕਰ ਦੇ ਹੱਥ

ਚੰਡੀਗੜ੍ਹ : ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਅਸਤੀਫਾ ਤਾਂ ਦੇ ਦਿੱਤਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਬਾਅਦ ਉਹ ਵਿਧਾਨ ਸਭਾ  ਵਿੱਚ ਆਪਣੀ ਮੈਂਬਰੀ ਬਰਕਰਾਰ ਰੱਖ ਵੀ ਸਕਣਗੇ ਜਾਂ ਨਹੀਂ? ਸੁਖਪਾਲ ਸਿੰਘ ਖਹਿਰਾ ਵੱਲੋਂ ਅਸਤੀਫਾ ਦਿੱਤੇ ਜਾਣ ਕਾਰਨ ਕੀ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰੀ ਆਪਣੇ ਆਪ ਹੀ ਖਤਮ ਹੋ ਜਾਵੇਗੀ? ਇਸ ਸਬੰਧ ਵਿੱਚ ਕਾਨੂੰਨ ਮਾਹਿਰਾਂ ਵੱਲੋਂ ਮਿਲੇ ਹਵਾਲਿਆਂ ਤੋਂ ਪਤਾ ਲੱਗਿਆ ਹੈ ਕਿ ਭਾਰਤ ਦੇ ਕਾਨੂੰਨ ਅਨੁਸਾਰ ਕੋਈ ਵੀ ਐੱਮ ਐੱਲ ਏ ਜੇਕਰ ਆਪਣੀ ਪਾਰਟੀ ਤੋਂ ਅਸਤੀਫਾ ਦੇ ਦਿੰਦਾ ਹੈ ਤਾਂ ਉਸ ਦੀ ਵਿਧਾਨ ਸਭਾ ‘ਚ ਮੈਂਬਰੀ ਨਹੀਂ ਰਹਿ ਸਕਦੀ ਪਰ ਇਹ ਕਾਰਵਾਈ ਆਪਣੇ ਆਪ ਨਹੀਂ ਹੁੰਦੀ ਇਸ ਦੇ ਲਈ ਵਿਧਾਨ ਸਭਾ ਜਾਂ ਲੋਕ ਸਭਾ ਦੇ ਸਪੀਕਰ ਦੁਆਰਾ ਆਪਣਾ ਫੈਂਸਲਾ ਲਿਆ ਜਾਂਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਖਹਿਰਾ ਦੇ ਅਸਤੀਫਾ ਦੇਣ ਨਾਲ ਹੀ ਸਿਰਫ ਉਸ ਦੀ ਵਿਧਾਨ ਸਭਾ ‘ਚ ਮੈਂਬਰੀ ਖਤਮ ਨਹੀਂ ਹੋ ਜਾਂਦੀ। ਇਸ ਦੇ ਲਈ ਜਾਂ ਤਾਂ ਖਹਿਰਾ ਦਾ ਖੁਦ ਦਾ ਫੈਂਸਲਾ ਹੋਣਾ ਚਾਹੀਦਾ ਹੈ ਤੇ ਜਾਂ ਫਿਰ ਜੇਕਰ ਪਾਰਟੀ ਸਪੀਕਰ ਨੂੰ ਲਿਖਤੀ ਰੂਪ ਚ ਦੇਵੇ ਕਿ ਖਹਿਰੇ ਨੇ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਹੈ ਇਸ ਲਈ ਉਸ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ। ਪਰ ਅਜਿਹੇ ਹਾਲਾਤ ‘ਚ ਵੀ ਸਪੀਕਰ ਵੱਲੋਂ ਖਹਿਰਾ ਦੀ ਮੈਂਬਰਸ਼ਿਪ ਸਿੱਧੇ ਹੀ ਬਰਖਾਸਤ ਨਹੀਂ ਕੀਤੀ ਜਾਵੇਗੀ। ਇਸ ਦੇ ਲਈ ਸਪੀਕਰ ਵੱਲੋਂ ਦੋਨਾਂ ਧਿਰਾਂ ਦੀ ਸੁਣਵਾਈ ਕੀਤੀ ਜਾਵੇਗੀ। ਸੁਣਵਾਈ ਸਮੇਂ ਜੇਕਰ ਖਹਿਰਾ ਇਹ ਬਿਆਨ ਦਿੰਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਨਹੀਂ ਛੱਡਣਾ ਚਾਹੁੰਦਾ ਤਾਂ ਸਪੀਕਰ ਵੱਲੋਂ ਆਮ ਆਦਮੀ ਪਾਰਟੀ ਦਾ ਪੱਖ ਵੀ ਸੁਣਿਆ ਜਾਵੇਗਾ ਅਤੇ ਫਿਰ ਸੰਵਿਧਾਨ ਅਨੁਸਾਰ ਆਪਣਾ ਨਿਰਣਾ ਕਰੇਗਾ। ਅਜਿਹੇ ਕੇਸਾਂ ਚ ਸਪੀਕਰ ਆਪਣਾ ਫੈਂਸਲਾ ਸੁਣਾਉਣ ਲਈ ਕਾਰਵਾਈ ਨੂੰ ਲਟਕਾ ਵੀ ਸਕਦਾ ਹੈ। ਇਸ ਪ੍ਰਕਾਰ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਜਾਂ ਨਾ ਕਰਨ ਦਾ ਫੈਂਸਲਾ ਸਪੀਕਰ ਦੇ ਹੱਥ  ਚ ਹੈ। ਇੱਥੇ ਦੱਸ ਦਈਏ ਕਿ ਐਚ ਐਸ ਫੂਲਕਾ ਨੇ ਬੇਸ਼ੱਕ ਲਿਖਤੀ ਰੂਪ ਚ ਈਮੇਲ ਦੇ ਜ਼ਰੀਏ ਆਪਣੇ ਅਸ਼ਤੀਫੇ ਦੀ ਮੰਗ ਕਰ ਚੁੱਕੇ ਹਨ ਪਰ ਫਿਰ ਵੀ ਉਹ ਅਜੇ ਤੱਕ ਸਪੀਕਰ ਵੱਲੋਂ ਮਨਜ਼ੂਰ ਨਹੀਂ ਹੋਇਆ। ਇਸ ਦੇ ਲਈ ਫੂਲਕਾ ਨੂੰ ਖੁਦ ਹਾਜ਼ਿਰ ਹੋ ਕੇ ਆਪਣਾ ਪੱਖ ਰੱਖਣਾ ਪਵੇਗਾ। ਇਸੇ ਪ੍ਰਕਾਰ ਜੇਕਰ ਖਹਿਰਾ ਅਤੇ ਫੂਲਕਾ ਦੋਹਾਂ ਦੇ ਅਸਤੀਫੇ ਮਨਜ਼ੂਰ ਹੋ ਜਾਂਦੇ ਹਨ ਤਾਂ ਵਿਧਾਨ ਸਭਾ ਚ ‘ਆਪ’ ਪਾਰਟੀ ਦੇ ਮੈਂਬਰਾਂ ਦੀ ਗਿਣਤੀ 18 ਰਹਿ ਜਾਵੇਗੀ ਅਤੇ ਅਕਾਲੀ ਭਾਜਪਾ ਵਿਰੋਧੀ ਧਿਰ ਦੀ ਗਿਣਤੀ 17 ਹੈ। ਇਸ ਹਿਸਾਬ ਨਾਲ ਅਜੇ ਵੀ ਮੁੱਖ ਵਿਰੋਧੀ ਧਿਰ ਦਾ ਦਰਜ਼ਾ ਆਪ ਕੋਲ ਹੀ ਹੈ। ਪਰ ਜੇਕਰ ਖਹਿਰਾ ਸਮਰਥਕ ਵੀ ਅਸਤੀਫਾ ਦਿੰਦੇ ਹਨ ਤਾਂ ਆਮ ਆਦਮੀ ਪਾਰਟੀ ਕੋਲੋਂ ਮੁੱਖ ਵਿਰੋਧੀ ਧਿਰ ਦਾ ਰੁਤਬਾ ਖੁੱਸ ਸਕਦਾ ਹੈ। ਅਜਿਹੇ ਹਾਲਾਤ ਚ ਫੈਂਸਲਾ ਸਪੀਕਰ ਦੇ ਹੱਥ ਚ ਹੋਵੇਗਾ।

Check Also

ਦਿਹਾਤੀ ਖੇਤਰ ਦੇ ਕੁਲੈਕਟਰ ਰੇਟਾਂ ਦੀਆਂ ਸੰਸ਼ੋਧਿਤ ਸੂਚੀਆਂ ਦੀ ਤਿਆਰੀ

ਚੰਡੀਗੜ੍ਹ: ਪੰਜਾਬ ਸਰਕਾਰ ਪੂਰੇ ਸੂਬੇ ’ਚ ਕੁਲੈਕਟਰ ਰੇਟ ਵਧਾਉਣ ਜਾ ਰਹੀ ਹੈ। ਵਧੇ ਹੋਏ ਕੁਲੈਕਟਰ …

Leave a Reply

Your email address will not be published. Required fields are marked *