ਜਲੰਧਰ : ਆਮ਼ ਆਦਮੀ ਪਾਰਟੀ ‘ਚੋਂ ਕੱਡੇ ਜਾ ਚੁੱਕੇ ਸੁਖਪਾਲ ਖਹਿਰਾ ਆਪ ਤੋਂ ਅਸਤੀਫ ਦੇਣ ਦਾ ਡਰਾਮਾ ਕਰ ਰਹੇ ਹਨ, ਜੇਕਰ ਉਨ੍ਹਾਂ ‘ਚ ਹਿੰਮਤ ਹੈ ਤਾਂ ਉਹ ਵਿਧਾਇਕੀ ਤੋਂ ਅਸਤੀਫਾ ਦੇ ਕੇ ਪੰਜਾਬੀ ਏਕਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਮੁੜ ਚੋਣ ਲੜੇ। ਬੀਬੀ ਜਗੀਰ ਕੌਰ ਨੇ ਇਹ ਗੱਲ ਖਹਿਰਾ ਦੇ ਉਸ ਬਿਆਨ ਦਾ ਜਵਾਬ ਦੇਣ ਲਈ ਆਖੀ ਹੈ ਜਿਸ ਵਿੱਚ ਖਹਿਰਾ ਨੇ ਕਿਹਾ ਸੀ ਕਿ ਉਹ ਭੁਲੱਥ ਤੋਂ ਆਮ ਆਦਮੀ ਪਾਰਟੀ ਕਾਰਨ ਨਹੀਂ ਬਲਕਿ ਆਪਣੀ ਚੰਗੀ ਸਾਖ ਕਾਰਨ ਜਿੱਤੇ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਖਹਿਰਾ ਪ੍ਰਤੀ ਹਮਲਾਵਰ ਰੁਖ ਅਪਣਾਉਂਦਿਆਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਜੇਕਰ ਖਹਿਰਾ ਵਿੱਚ ਏਨੀ ਹੀ ਸਾਖ ਸੀ ਤਾਂ ਫਿਰ ਉਹ ਸਾਖ ਉਦੋਂ ਕਿੱਥੇ ਗਈ ਸੀ ਜਦੋਂ ਖਹਿਰਾ ਇੱਕ ਪੰਚ ਤੱਕ ਨਹੀਂ ਜਿੱਤਵਾ ਸਕੇ ਸਨ। ਉਨ੍ਹਾਂ ਕਿਹਾ ਕਿ ਜੇਕਰ ਸਾਲ 2017 ਦੀਆਂ ਚੋਣਾਂ ਖਹਿਰਾ ਜਿੱਤੇ ਵੀ ਹਨ ਤਾਂ ਉਸ ਵੇਲੇ ਵੀ ਕਾਂਗਰਸ ਨੇ ਹੀ ਆਪਣੀ ਵੋਟ ਖਹਿਰਾ ਨੂੰ ਪੁਵਾਈ ਸੀ ਕਿਉਂਕਿ ਕਾਂਗਰਸ ਪਾਰਟੀ ਨੇ ਭੁਲੱਥ ਵਿੱਚ ਆਪਣਾ ਉਮੀਦਵਾਰ ਆਖਰੀ ਸਮੇਂ ਵਿੱਚ ਜਾ ਕੇ ਖੜ੍ਹਾ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦੇ ਇੱਕ ਉਮੀਦਵਾਰ ਨੇ ਵੀ ਇਸ ਚੋਣ ਵਿੱਚ ਖਹਿਰਾ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਵੀ ਖਹਿਰਾ ਜੋ ਕੁਝ ਵੀ ਕਰ ਰਹੇ ਹਨ ਉਹ ਸਭ ਕਾਂਗਰਸ ਦੇ ਇਸ਼ਾਰੇ ਤੇ ਹੋ ਰਿਹਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਖਹਿਰਾ ਤੇ ਫਾਜ਼ਿਲਕਾ ਵਿਖੇ ਨਸ਼ਾ ਸਮੱਗਲਿੰਗ ਦਾ ਪਰਚਾ ਦਰਜ਼ ਹੈ ਤੇ ਇਹ ਪਰਚਾ ਅਦਾਲਤੀ ਹੁਕਮਾਂ ਤੇ ਦਰਜ਼ ਹੋਇਆ ਹੈ ਜਿਸ ਬਾਰੇ ਸਾਰੀ ਦੁਨੀਆਂ ਜਾਣਦੀ ਹੈ।