ਕੈਬਨਿਟ-ਮੀਟਿੰਗ ‘ਚ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਸਬੰਧੀ ਫੈਸਲਾ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਨਾ-ਮਨਜ਼ੂਰ

TeamGlobalPunjab
2 Min Read

 26 ਜਨਵਰੀ ਨੂੰ ਪੰਜਾਬ ਸਰਕਾਰ ਖ਼ਿਲਾਫ਼ ਰੋਸ-ਮੁਜ਼ਾਹਰੇ ਕਰਨ ਦਾ ਐਲਾਨ

ਸਮੁੱਚੀਆਂ ਖਾਲੀ ਅਸਾਮੀਆਂ ਭਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ         

ਸੰਗਰੂਰ    : ਪੰਜਾਬ ਕੈਬਨਿਟ ਵੱਲੋਂ ਸਿੱਖਿਆ ਵਿਭਾਗ ‘ਚ  3182 ਅਸਾਮੀਆਂ ਭਰਨ ਸਬੰਧੀ ਫੈਸਲਾ ਟੈੱਟ ਪਾਸ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਅਧਿਆਪਕ ਯੂਨੀਅਨਾਂ ਨੇ ਨਾ-ਮਨਜ਼ੂਰ ਕਰਦਿਆਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਟੈੱਟ ਪਾਸ ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਅਤੇ ਸੂਬਾ ਕਮੇਟੀ ਮੈਂਬਰ ਦੀਪ ਬਨਾਰਸੀ ਅਤੇ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ ਅਤੇ ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਈਟੀਟੀ ਉਮੀਦਵਾਰਾਂ ਲਈ 500 ਅਤੇ ਬੀਐੱਡ ਲਈ 2182 ਅਸਾਮੀਆਂ ਦੀ ਪ੍ਰਵਾਨਗੀ ਬੇਰੁਜ਼ਗਾਰ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ, ਕਿਉਂਕਿ ਪੰਜਾਬ ਵਿੱਚ ਕਰੀਬ 15 ਹਜ਼ਾਰ ਈਟੀਟੀ ਅਤੇ 50 ਹਜ਼ਾਰ ਬੀਐੱਡ ਟੈੱਟ ਪਾਸ ਉਮੀਦਵਾਰ ਹਨ ਅਤੇ ਸਰਕਾਰੀ ਸਕੂਲਾਂ ‘ਚ ਹਜ਼ਾਰਾਂ ਅਸਾਮੀਆਂ ਖਾਲੀ ਹਨ। ਇਸ ਕਰਕੇ ਨਿਗੁਣੀ ਭਰਤੀ ਦਾ ਮੰਤਵ ਮਹਿਜ਼ ਖਜ਼ਾਨਾ ਭਰਨਾ ਅਤੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਠੰਢਾ ਪਾਉਣਾ ਹੈ। ਪਰ ਪੰਜਾਬ ਦੇ ਬੇਰੁਜ਼ਗਾਰ ਅਧਿਆਪਕ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਮੰਗ ਕਰਦੇ ਹਨ ਕਿ ਅਸਾਮੀਆਂ ਦੀ ਗਿਣਤੀ ‘ਚ ਵਾਧਾ ਕਰਦਿਆਂ ਸਰਕਾਰੀ ਸਕੂਲਾਂ ‘ਚ ਖਾਲੀ ਪਈਆਂ ਕੁੱਲ ਅਸਾਮੀਆਂ ਭਰਨ ਲਈ ਈਟੀਟੀ ਦੀਆਂ 12 ਹਜ਼ਾਰ ਅਤੇ ਬੀਐੱਡ ਦੀਆਂ 15 ਹਜ਼ਾਰ ਅਸਾਮੀਆਂ ਲਈ  ਇਸ਼ਤਿਹਾਰ ਜਾਰੀ ਕੀਤਾ ਜਾਵੇ। ਉਹਨਾਂ ਕਿਹਾ ਕਿ ਟੈੱਟ ਪਾਸ ਕਰਨ ਦੇ ਬਾਵਜੂਦ ਹਜ਼ਾਰਾਂ ਉਮੀਦਵਾਰ ਨੌਕਰੀ ਉਡੀਕਦਿਆਂ ਭਰਤੀ ਲਈ ਨਿਰਧਾਰਿਤ ਉਮਰ-ਸੀਮਾ ਲੰਘਾ ਚੁੱਕੇ ਹਨ, ਇਸ ਕਰਕੇ ਭਰਤੀ ਲਈ ਉਮਰ-ਹੱਦ 37 ਤੋਂ 42 ਸਾਲ ਕੀਤੀ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਣਦੱਸੀਆਂ ਥਾਵਾਂ ‘ਤੇ ਰੋਸ-ਮੁਜ਼ਾਹਰੇ ਕੀਤੇ ਜਾਣਗੇ।

Share this Article
Leave a comment