Breaking News

ਕੈਪਟਨ ਦੇ ਹੱਕ ਵਿੱਚ ਆਇਆ ਬੀਜੇਪੀ ਦਾ ਵੱਡਾ ਆਗੂ, ਸਿੱਧੂ ਨੂੰ ਕਿਹਾ ਇਮਰਾਨ ਖਾਨ ਦੀ ਪਾਰਟੀ ‘ਚ ਜਾਓ

ਨਵੀਂ ਦਿੱਲੀ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਦੌਰਾਨ ਜਿੱਥੇ ਕੈਪਟਨ ਵਜ਼ਾਰਤ ਦੇ ਤਿੰਨ ਮੰਤਰੀਆਂ ਨੇ ਸਿੱਧੂ ਵਿਰੁੱਧ ਸ਼ਰੇਆਮ ਮੋਰਚਾ ਖੋਲ੍ਹ ਦਿੱਤਾ ਹੈ, ਉੱਥੇ ਦੂਜੇ ਪਾਸੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਹੈ। ਅਨਿਲ ਵਿੱਜ ਨੇ ਇੱਕ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਦੱਬ ਕੇ ਭੜਾਸ ਕੱਢੀ ਹੈ, ਜਿਸ ਨੂੰ ਦੇਖ, ਸੁਣ ਅਤੇ ਪੜ੍ਹ ਕੇ ਜਿੱਥੇ ਨਾ ਚਾਹੁੰਦਿਆਂ ਹੋਇਆਂ ਵੀ ਕਾਂਗਰਸੀਆਂ ਦੀਆਂ ਕੱਛਾਂ ਥੱਲੋਂ ਦੀ ਹਾਸੀ ਨਿੱਕਲ ਗਈ ਹੈ, ਉੱਥੇ ਦੂਜੇ ਪਾਸੇ ਸਿੱਧੂ ਹਿਤਾਇਸ਼ੀਆਂ ਨੇ ਇਹ ਕਹਿ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ, “ਦੇਖਿਆ? ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ, ਕਿ ਰਲੇ ਹੋਏ ਨੇ।”

ਦੱਸ ਦਈਏ ਕਿ ਅਨਿਲ ਵਿੱਜ ਨੇ ਇੱਕ ਟਵੀਟ ਕਰਕੇ ਲਿਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਅਤੇ ਕਾਂਗਰਸ ਦੋਵਾਂ ਪਾਰਟੀਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਲਿਹਾਜਾ ਹੁਣ ਸਿੱਧੂ ਕੋਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਗਿਆ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਆਸਾ ਰਾਮ ਵਰਗੇ ਮੂੰਹਾਂਦਰੇ ਵਾਲੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਦੱਸਿਆ ਜਾਂਦਾ ਹੈ। ਕਿਉਂਕਿ ਕਦੇ ਉਹ ਡੇਰਾ ਸੱਚਾ ਸੌਦਾ ਨਾਲ ਜੁੜੇ ਬਿਆਨਾਂ ਨੂੰ ਲੈ ਕੇ ਵਿਵਾਦ ਵਿੱਚ ਰਹੇ ਹਨ, ਤੇ ਕਦੇ ਅੰਬਾਲਾ ਦੇ ਪਿੰਡ ਵਿੱਚ ਲੋਕਾਂ ਨੂੰ ਸ਼ਰੇਆਮ ਗੰਦੀ ਗਾਲ੍ਹ ਕੱਢਣ ਦੇ ਮਾਮਲੇ ਵਿੱਚ। ਇੰਝ ਜਾਪਦਾ ਹੈ ਜਿਵੇਂ ਅਨਿਲ ਵਿੱਜ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਹੁਣ ਵਿੱਜ ਇੱਕ ਹੋਰ ਵਿਵਾਦ ਨਾਲ ਜੁੜਨ ਜਾ ਰਹੇ ਹਨ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਵਾਰ ਵਿੱਜ ਦੇ ਬਿਆਨ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਹਿਮਾਇਤ ਮੰਨਿਆ ਜਾਵੇਗਾ, ਤੇ ਇਹ ਅਜਿਹੇ ਸਮੇਂ ਵਿੱਚ ਆਇਆ ਹੈ ਜਿਸ ਸਮੇਂ ਕੈਪਟਨ ਅਤੇ ਸਿੱਧੂ ਦਾ ਆਪਸੀ ਵਿਵਾਦ ਚਰਮ ਸੀਮਾਂ ‘ਤੇ ਹੈ। ਅਜਿਹੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਚਾਹੁਣ ਵਾਲੇ ਇਸ ਬਿਆਨ ਨੂੰ ਪੜ੍ਹ, ਸੁਣ ਤੇ ਦੇਖ ਕੇ ਜਬਰਦਸਤ ਪ੍ਰਤੀਕਿਰਿਆ ਦਿੰਦਿਆਂ ਇਹ ਕਹਿ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਹ ਸਭ ਰਲੇ ਹੋਏ ਹਨ, ਤੇ ਅਨਿਲ ਵਿੱਜ ਦਾ ਬਿਆਨ ਪੜ੍ਹ ਕੇ ਦੇਖ ਲਓ ਸਿੱਧੂ ਦੇ ਬਿਆਨ ਨੂੰ ਕੋਈ ਝੂਠ ਨਹੀਂ ਕਹਿ ਸਕੇਗਾ।

Check Also

ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਵਿਸ਼ਵ ਜਲ ਦਿਵਸ ਮਨਾਇਆ

ਚੰਡੀਗੜ੍ਹ :ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ …

Leave a Reply

Your email address will not be published. Required fields are marked *