ਕੈਪਟਨ ਖਿਲਾਫ ਟੁੱਟ ਕੇ ਪੈ ਗਿਆ ਸਿੱਧੂ, ਕਹਿੰਦਾ ਕੈਪਟਨ ਤੇ ਉਨ੍ਹਾਂ ਦਾ ਮੁੰਡਾ ਵੀ ਹਾਰਿਐ ਬਠਿੰਡੇ ਤੋਂ, 40 ਸਾਲਾਂ ਦਾ ਕੱਢ ਲਿਆਂਦਾ ਕੱਚਾ ਚਿੱਠਾ

TeamGlobalPunjab
6 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਆਪਣੀ ਹੀ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਬਾਅਦ ਆਖ਼ਰਕਾਰ ਸਿੱਧੂ ਖੁੱਲ੍ਹ ਕੇ ਮੈਦਾਨ ਵਿੱਚ ਆ ਹੀ ਗਏ। ਆਪਣੇ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਖਿਲਾਫ ਸਿੱਧੂ ਨੇ ਇੱਕ ਇੱਕ ਕਰਕੇ ਅਜਿਹੇ ਠੋਕਵੇਂ ਜਵਾਬ ਦਿੱਤੇ ਕਿ ਸੁਣਨ ਵਾਲਿਆਂ ਨੂੰ ਵੀ ਆਪਣੇ ਨਾਲ ਸਹਿਮਤ ਹੋਣ ਲਈ ਮਜ਼ਬੂਰ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, “ਮੇਰੇ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੈਂ ਗਲਤ ਬਿਆਨਬਾਜ਼ੀ ਕੀਤੀ ਹੈ, ਜਿਸ ਕਾਰਨ ਕਈ ਸੀਟਾਂ ‘ਤੇ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ।” ਉਨ੍ਹਾਂ ਕਿਹਾ ਕਿ, “ਮੈਂ ਕਿਸੇ ਦਾ ਨਾਮ ਨਹੀਂ ਲਿਆ ਤੇ ਮੈਂ ਸਿਰਫ ਇਹ ਕਿਹਾ ਸੀ, ਕਿ ਜਿਹੜਾ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਦਾ ਹੈ ਉਸ ਨੂੰ ਠੋਕ ਦਿਓ।” ਸਿੱਧੂ ਅਨੁਸਾਰ, “ਕਾਂਗਰਸ ਪਿਛਲੇ 40 ਸਾਲਾਂ ਤੋਂ ਬਠਿੰਡਾ ਅੰਦਰ ਉਦੋਂ ਉਦੋਂ ਹਾਰੀ ਹੈ ਜਦੋਂ ਜਦੋਂ ਬਾਦਲ ਉਨ੍ਹਾਂ ਵਿਰੁੱਧ ਖੜ੍ਹੇ ਹੋਏ ਹਨ। ਹਾਲਾਤ ਇਹ ਹਨ ਕਿ ਕੈਪਟਨ ਦਾ ਪੁੱਤਰ ਇੱਥੋਂ 1 ਲੱਖ 20 ਹਜ਼ਾਰ ਤੋਂ ਵੱਧ ਵੋਟਾਂ ‘ਤੇ ਅਤੇ ਕੈਪਟਨ ਅਮਰਿੰਦਰ ਸਿੰਘ ਆਪ ਖੁਦ ਵਿਧਾਨ ਸਭਾ ਚੋਣਾਂ ਦੌਰਾਨ ਸਿਰਫ ਲੰਬੀ ਤੋਂ ਹੀ 25 ਹਜ਼ਾਰ ਤੋਂ ਵੱਧ ਵੋਟਾਂ ‘ਤੇ ਹਾਰੇ ਹਨ।” ਨਵਜੋਤ ਸਿੱਧੂ ਨੇ ਸਵਾਲ ਕੀਤਾ ਕਿ, “ਜੇਕਰ ਮੇਰੀ ਗੱਲ ਦਾ ਇੰਨਾ ਹੀ ਅਸਰ ਹੋਇਆ ਹੈ ਕਿ ਕਾਂਗਰਸ ਪੰਜਾਬ ਦੀਆਂ 5 ਸੀਟਾਂ ‘ਤੇ ਹਾਰ ਗਈ ਹੈ ਤਾਂ ਫਿਰ ਇਹ ਅਸਰ ਬਾਕੀ ਦੀਆਂ 8 ਸੀਟਾਂ ‘ਤੇ ਕਿਉਂ ਨਹੀਂ ਹੋਇਆ?” ਉਨ੍ਹਾਂ ਕਿਹਾ ਕਿ, ” ਅੱਜ ਵੀ ਸੂਬੇ ਵਿੱਚ ਅਕਾਲੀ ਦਲ ਨਹੀਂ ਜਿੱਤਿਆ, ਸਿਰਫ ਇੱਕ ਪਰਿਵਾਰ ਜਿੱਤਿਆ ਹੈ।”

ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ, “ਮੇਰੇ ਵਿਰੁੱਧ ਪਹਿਲਾਂ ਵੀ 7-8 ਵਾਰ ਬਿਆਨਬਾਜ਼ੀਆਂ ਕੀਤੀਆਂ ਗਈਆਂ ਹਨ, ਤੇ ਹਰ ਵਾਰ ਇਹ ਬਿਆਨਬਾਜ਼ੀਆਂ ਕਰਨ ਵਾਲੇ ਮੇਰੇ ਆਪਣੇ ਉਹ ਹੀ ਭਰਾ ਹੁੰਦੇ ਹਨ, ਤੇ ਹਰ ਵਾਰ ਇਹ ਲੋਕ ਉਹ ਹੀ ਗੱਲਾਂ ਦੁਹਰਾਉਂਦੇ ਹਨ, ਪਰ ਮੇਰੇ ਵੱਲੋਂ ਅੱਜ ਤੱਕ ਇਨ੍ਹਾਂ ਖਿਲਾਫ ਇੱਕ ਸ਼ਬਦ ਨਹੀਂ ਨਿੱਕਲਿਆ, ਤੇ ਐਤਕੀ ਵੀ ਨਹੀਂ ਨਿੱਕਲੇਗਾ।” ਸਿੱਧੂ ਨੇ ਕਿਹਾ ਕਿ, “ਜਦੋਂ ਸਾਂਝੀ ਜ਼ਿੰਮੇਵਾਰੀ ਦੀ ਗੱਲ ਆਉਂਦੀ  ਹੈ ਤਾਂ ਉਸ ਵੇਲੇ ਸਰਕਾਰ ‘ਚੋਂ  ਸਿਰਫ ਸਿੱਧੂ ਕੱਢ ਲਿਆ ਜਾਂਦਾ ਹੈ ਪਰ ਹਰ ਵਾਰ ਸਿੱਧੂ ਦੇ ਖਿਲਾਫ ਹੀ ਕਿਉਂ ਬੋਲਿਆ ਜਾਂਦਾ ਹੈ? ਇਸ ਗੱਲ ਦਾ ਜਵਾਬ ਮੈਂ ਨਹੀਂ ਦੇ ਸਕਦਾ।” ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, “ਐਤਕੀ ਵੀ ਸਾਂਝੀ ਜ਼ਿੰਮੇਵਾਰੀ ‘ਚੋਂ ਇਕੱਲਾ ਸਿੱਧੂ ਦਾ ਵਿਭਾਗ ਹੀ ਲਿਆ ਕੇ ਖੜ੍ਹਾ ਕਰ ਲਿਆ ਗਿਆ, ਤੇ ਮੈਂ ਅੱਜ ਤੱਕ ਨਹੀਂ ਸੁਣਿਆ ਕਿ ਸਰਕਾਰ ਵਿੱਚ ਕਦੇ ਇੱਕ ਬੰਦੇ ਵਿਰੁੱਧ ਹੀ ਉਂਗਲ ਉਠਦੀ ਹੋਵੇ।” ਸਿੱਧੂ ਅਨੁਸਾਰ, “ਜੇਕਰ ਹੁਣ ਉਂਗਲ ਉਠ ਹੀ ਗਈ ਹੈ, ਤਾਂ ਉਂਗਲ ਚੁੱਕਣ ਵਾਲੇ ਵੀ ਮਹਾਂ ਬਦੌਲਤ ਨੇ ਜਿਨ੍ਹਾਂ ਦੇ ਖਿਲਾਫ ਕੁਝ ਨਹੀਂ ਬੋਲਿਆ ਜਾ ਸਕਦਾ, ਸੁਣਨੀ ਪੈਣੀ ਐ।”

ਨਵਜੋਤ ਸਿੰਘ ਸਿੱਧੂ ਨੇ ਆਪਣੇ ਦਿਲ ਅੰਦਰ ਦੱਬੀ ਗੱਲ ਬਾਹਰ ਕੱਢਦਿਆਂ ਕਿਹਾ ਕਿ, “ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਪੰਜਾਬ ਅੰਦਰ ਮੇਅਰ ਬਣਾਏ, ਇਸ ਬਾਰੇ ਮੈਨੂੰ ਪੁੱਛਿਆ ਵੀ ਨਹੀਂ ਗਿਆ।” ਉਨ੍ਹਾਂ ਕਿਹਾ ਕਿ, “ਉਹ ਮਹਾਂ ਬਦੌਲਤ ਨੇ, ਜੋ ਕਰਨ, ਅਸੀਂ ਕਦੀ ਸਵਾਲ ਨਹੀਂ ਕਰ ਸਕਦੇ।” ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਭਾਗ ਵੱਲੋਂ ਕੀਤੇ ਗਏ ਕੰਮਾਂ ਦਾ ਇੱਕ ਇੱਕ ਕਰਕੇ ਵੇਰਵਾ ਦੇਣ ਤੋਂ ਬਾਅਦ ਉਲਟਾ ਉਨ੍ਹਾਂ ਵਿਰੁੱਧ ਦੋਸ਼ ਲਾਉਣ ਵਾਲਿਆਂ ਤੋਂ ਹੀ ਸਵਾਲ ਕਰ ਦਿੱਤੇ ਕਿ ਉਹ ਲੋਕ ਦੱਸਣ ਕਿ, “ਕੀ ਪੰਜਾਬ ਦੀਆਂ ਜਿਹੜੀਆਂ 8 ਸੀਟਾਂ ‘ਤੇ ਜਿੱਤ ਹੋਈ ਹੈ ਕੀ ਉੱਥੇ ਸ਼ਹਿਰ ਨਹੀਂ ਹਨ? ਕੀ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਜਿੱਥੇ ਸ਼ਹਿਰਾਂ ਅੰਦਰ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਉੱਥੇ ਸ਼ਹਿਰ ਨਹੀਂ ਹਨ? ਪਰ ਸਿਰਫ ਮੈਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ?” ਉਨ੍ਹਾਂ ਕਿਹਾ ਕਿ, “ਸੱਤਾ ਆਪਣਿਆ ਵਿਰੁੱਧ ਬੋਲਣ ਲਈ ਨਹੀਂ ਹੁੰਦੀ, ਵਿਰੋਧੀਆਂ ਲਈ ਹੁੰਦੀ ਹੈ ਤੇ ਜੇਕਰ ਮੈਂ ਬੋਲਾਂਗਾ ਤਾਂ ਤੱਥਾਂ ਦੇ ਅਧਾਰ ‘ਤੇ ਪ੍ਰਧਾਨ ਮੰਤਰੀ, ਜਾਂ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਬੋਲਾਂਗਾ। ਮੇਰੇ ਵਿਰੁੱਧ ਮੇਰੇ ਭਰਾ ਜੇਕਰ ਬੋਲਦੇ ਵੀ ਰਹਿਣਗੇ ਤਾਂ ਮੈਂ ਉਨ੍ਹਾਂ ਦਾ ਜਵਾਬ ਨਹੀਂ ਦਿਆਂਗਾ।”

ਇਹ ਤਾਂ ਸੀ ਉਹ ਬਿਆਨ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਸਾਹਮਣੇ ਦਿੱਤਾ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤਾ, ਪਰ ਇਸ ਬਿਆਨ ਦੇ ਆਉਂਦੀਆਂ ਹੀ ਸਿਆਸੀ ਮਾਹਰ ਇਸ ਨੂੰ ਟੁੱਟ ਕੇ ਪੈ ਗਏ ਤੇ ਇਸ ਦੀ ਪੂਰੀ ਤਰ੍ਹਾਂ ਪੁਣਛਾਣ ਕਰਨ ਤੋਂ ਬਾਅਦ ਉਨ੍ਹਾਂ ਤਰਕ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਬਿਆਨ ਰਾਹੀਂ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡੇ ਹਨ। ਮਾਹਰਾਂ ਅਨੁਸਾਰ ਇਸ ਬਿਆਨ ਵਿੱਚ ਸਿੱਧੂ ਨੇ ਜਿੱਥੇ ਕੈਪਟਨ ਵੱਲੋਂ ਕੁਝ ਸੀਟਾਂ ਦੀ ਹਾਰ ਦਾ ਠੀਕਰਾ ਉਨ੍ਹਾਂ ਸਿਰ ਭੰਨ੍ਹਣ ਦਾ ਜੋਰ ਦਾਰ ਢੰਗ ਨਾਲ ਜਵਾਬ ਦਿੱਤਾ ਹੈ, ਉੱਥੇ ਉਨ੍ਹਾਂ ਆਪਣੇ ਵਿਰੁੱਧ ਬੋਲ ਰਹੇ ਪੰਜਾਬ ਦੇ ਮੰਤਰੀਆਂ  ਵਿਰੁੱਧ ਨਾ ਬੋਲ ਕੇ ਇਹ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਦੀ ਲੜਾਈ ਮੰਤਰੀਆਂ ਨਾਲ ਨਹੀਂ ਹੈ, ਤੇ ਇੰਝ ਸਿੱਧੂ ਨੇ ਭਵਿੱਖ ਵਿੱਚ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦਾ ਰਾਹ ਵੀ ਖੁੱਲ੍ਹਾ ਰੱਖਿਆ ਹੈ। ਇਸੇ ਤਰ੍ਹਾਂ ਜਿਹੜਾ ਦੋਸ਼ ਉਨ੍ਹਾਂ ਦੇ ਵਿਭਾਗ ਦੀ ਮਾੜੀ ਕਾਰਗੁਜਾਰੀ ‘ਤੇ ਲਾਇਆ ਗਿਆ ਸੀ ਸਿੱਧੂ ਨੇ ਉਹ ਦੋਸ਼ ਵੀ ਤੱਥਾਂ ਦੇ ਅਧਾਰ ‘ਤੇ ਗਲਤ ਸਾਬਤ ਕਰ ਦਿੱਤਾ ਹੈ, ਤੇ ਯਾਦ ਕਰਵਾਇਆ ਹੈ ਕਿ ਬਠਿੰਡਾ ਤੋਂ ਕਾਂਗਰਸ ਦੀ ਹਾਰ ਪਹਿਲੀ ਵਾਰ ਨਹੀਂ ਹੋਈ ਕੈਪਟਨ ਤੇ ਉਨ੍ਹਾਂ ਦਾ ਬੇਟਾ ਵੀ ਇੱਥੋਂ ਹਾਰ ਚੁਕੇ ਹਨ। ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ‘ਤੇ ਕੀ ਪ੍ਰਤੀਕਿਰਿਆ ਦਿੰਦੇ ਹਨ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ, ਕਿਉਂਕਿ ਇਸ ਵੇਲੇ ਸਾਰੇ ਪੰਜਾਬ ਦੀ ਨਜ਼ਰ ਸਿੱਧੂ ਅਤੇ ਕੈਪਟਨ ਸਮੇਤ ਉਨ੍ਹਾਂ ਦੇ ਮੰਤਰੀਆਂ ਦੀ ਲੜਾਈ ‘ਤੇ ਟਿਕੀ ਹੋਈ ਹੈ।

- Advertisement -

Share this Article
Leave a comment