ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ

TeamGlobalPunjab
2 Min Read

ਐਸ ਏ ਐਸ ਨਗਰ, 16 ਅਕਤੂਬਰ: ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ 350 ਵੇਂ ਜਨਮ ਦਿਵਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜਚਿੜੀ ਵਿਖੇ ਪੰਜਾਬ ਸਰਕਾਰ ਦੀ ਤਰਫੋਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਐਸ.ਡੀ.ਐਮ ਮੋਹਾਲੀ ਜਗਦੀਪ ਸਹਿਗਲ ਅਤੇ ਹੋਰ ਸਿਵਲ ਅਤੇ ਪੁਲਿਸ ਅਧਿਕਾਰੀ ਮੌਜ਼ੂਦ ਸਨ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਬਹਾਦਰੀ, ਦੇਸ਼ ਭਗਤੀ ਅਤੇ ਵਡਿਆਈਆਂ ਦੀਆਂ ਮਹਾਨ ਗਾਥਾਵਾਂ ਨਾਲ ਭਰਿਆ ਹੋਇਆ ਹੈ, ਇਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਨ ਬੇਮਿਸਾਲ ਹੈ । ਬਾਬਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਲਈ ਰੱਬੀ ਨਿਆਂ ਦਿਵਾਉਣ ਦਾ ਮਾਣ ਹਾਸਿਲ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹਿੰਮਤ, ਦੇਸ਼ ਭਗਤੀ ਅਤੇ ਰਾਸ਼ਟਰ ਪ੍ਰਤੀ ਸਮਰਪਣ ਸਦੀਵੀ ਪ੍ਰੇਰਣਾ ਸਰੋਤ ਹਨ।


ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1710 ਵਿਚ ਚੱਪੜਚਿੜੀ ਵਿਖੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੀ ਅਗਵਾਈ ਵਾਲੀ ਜ਼ਾਲਮ ਮੁਗਲ ਫੌਜਾਂ ਨੂੰ ਹਰਾਉਣਾ, ਬੁਰਾਈ ਅਤੇ ਜ਼ੁਲਮ ਉੱਤੇ ਸੱਚਾਈ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਨਾ ਸਿਰਫ ਮੁਗਲ ਫੌਜ ਨੂੰ ਕੁਚਲਿਆ ਬਲਕਿ ਮੁਗਲਾਂ ਅਧੀਨ ਉਸ ਸਮੇਂ ਦੀ ਜ਼ਿਮੀਂਦਾਰੀ ਪ੍ਰਣਾਲੀ ਨੂੰ ਖ਼ਤਮ ਕੀਤਾ ਅਤੇ ਜ਼ਮੀਨ ਦੇ ਅਸਲੀ ਕਾਸ਼ਤਕਾਰਾਂ ਨੂੰ ਮਾਲਕੀ ਦੇ ਅਧਿਕਾਰ ਦਿੱਤੇ। ਆਸ਼ੂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾ ਸੁਮਨ ਅਰਪਿਤ ਕਰਦਿਆਂ ਸਾਰਿਆਂ ਨੂੰ ਬੇਇਨਸਾਫੀ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।

ਆਸ਼ੂ ਵੱਲੋਂ ਬੇਜ਼ਮੀਨੇ ਕਿਸਾਨਾਂ ਦੇ ਹੱਕਾਂ ਪ੍ਰਤੀ ਪੰਜਾਬ ਸਰਕਾਰਾਂ ਦੀ ਵਚਨ-ਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਗਿਆ ਕਿ ਆਖਰੀ ਸਾਹ ਤੱਕ ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ। ਇਸ ਮੌਕੇ ਸਥਾਨਕ ਗਾਈਡਾਂ ਨੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਅਤੇ ਹੋਰਨਾ ਨੂੰ ਜੰਗੀ ਯਾਦਗਾਰ ਚੱਪੜਚਿੜੀ ਵਿਖੇ ਬਣੇ ਵੱਖ ਵੱਖ ਸਥਾਨਾਂ ਦਾ ਦੌਰਾ ਕਰਵਾਇਆ ਅਤੇ ਜੰਗੀ ਯਾਦਗਾਰ ਦੇ ਸਥਾਨ ‘ਤੇ ਚੱਲ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ।

Share this Article
Leave a comment