ਬਠਿੰਡਾ : ਇੰਝ ਲਗਦਾ ਹੈ ਜਿਵੇਂ ਸਾਲ 2015 ਦੌਰਾਨ ਅਕਾਲੀ ਦਲ ਦੀ ਸਰਕਾਰ ਵੇਲੇ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਦਾ ਮਾਮਲਾ ਬਾਦਲ ਪਰਿਵਾਰ ਦਾ ਪਿੱਛਾ ਅਸਾਨੀ ਨਾਲ ਛੱਡਣ ਦਾ ਨਾਮ ਨਹੀਂ ਲੈ ਰਿਹਾ। ਇਸ ਮਸਲੇ ਨੂੰ ਲੈ ਕੇ ਹਰ ਦਿਨ ਉਨ੍ਹਾਂ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਦੀ ਅਕਾਲੀ ਉਮੀਦਵਾਰਾਂ ਨੂੰ ਸਿੱਖ ਜਥੇਬੰਦੀਆਂ ਵਾਲੇ ਲੋਕ ਕਾਲੀਆਂ ਝੰਡੀਆਂ ਦਿਖਾਉਂਦੇ ਹਨ, ਕਦੀ ਉਨ੍ਹਾਂ ਖਿਲਾਫ ਹਾਏ! ਹਾਏ! ਕਰਦੇ ਹਨ ਤੇ ਕਦੀ ਇਸ ਮਸਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਾਲੇ ਮੀਡੀਆ ਅੱਗੇ ਬਿਆਨਬਾਜ਼ੀਆਂ ਕਰਦੇ ਹਨ। ਹਾਲਾਤ ਇਹ ਹਨ ਕਿ ਹੁਣ ਤਾਂ ਪੰਥਕ ਧਿਰਾਂ ਨੇ ਇਕੱਠਿਆਂ ਹੋ ਕੇ ਬਾਦਲਾਂ ਖਿਲਾਫ 8 ਤੋਂ ਲੈ ਕੇ 10 ਮਈ ਤੱਕ ‘ਬਾਦਲ ਭਜਾਓ, ਪੰਥ ਬਚਾਓ’ ਮਾਰਚ ਕੱਢਣ ਦਾ ਐਲਾਨ ਵੀ ਕਰ ਦਿੱਤਾ ਹੈ। ਇਹ ਮਾਰਚ ਬਾਦਲਾਂ ਦੇ ਗੜ੍ਹ ਮੰਨੇ ਜਾਂਦੇ ਹਲਕਾ ਬਠਿੰਡਾ ਤੋਂ ਇਲਾਵਾ ਫਿਰੋਜ਼ਪੁਰ ਅਤੇ ਫ਼ਰੀਦਕੋਟ ਹਲਕੇ ਵਿੱਚ ਵੀ ਜਾਵੇਗਾ ਜਿੱਥੇ ਇਹ ਲੋਕ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਸਬੰਧੀ ਬਾਦਲਾਂ ਨੂੰ ਰੱਜ ਕੇ ਭੰਡਣਗੇ।
ਦੱਸ ਦਈਏ ਕਿ ਇਸ ਸਬੰਧ ਵਿੱਚ ਸਿੱਖ ਜਥੇਬੰਦੀਆਂ ਅਤੇ ਕਈ ਪੰਥਕ ਪਾਰਟੀਆਂ ਵੱਲੋਂ ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਮੀਟਿੰਗ ਕਰਕੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਸੀ, ਕਿ ਇਹ ਰੋਸ ਮਾਰਚ 8 ਮਈ ਨੂੰ ਬਰਗਾੜੀ ਤੋਂ ਬਠਿੰਡਾ ਵਿੱਚੋਂ ਹੁੰਦਾ ਹੋਇਆ ਪਿੰਡ ਬਾਦਲ ਜਾਵੇਗਾ। ਇਨ੍ਹਾਂ ਜਥੇਬੰਦੀਆਂ ਵੱਲੋਂ ਇਸ ਤੋਂ ਅਗਲਾ ਰੋਸ ਮਾਰਚ 10 ਮਈ ਨੂੰ ਜਲਾਲਾਬਾਦ ਅਤੇ ਫਿਰੋਜ਼ਪੁਰ ‘ਚ ਕੱਢੇ ਜਾਣ ਦਾ ਵੀ ਐਲਾਨ ਕੀਤਾ ਹੈ। ਇਨ੍ਹਾਂ ਸਾਰੇ ਰੋਸ ਮਾਰਚਾਂ ਸਬੰਧੀ ਮੀਡੀਆ ਨੂੰ ਜਾਣਕਾਰੀ ਯੂਨਾਇਟਡ ਅਕਾਲੀ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਇਸੇ ਪਾਰਟੀ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਤੋਂ ਇਲਾਵਾ ਭਾਈ ਜਗਤਾਰ ਸਿੰਘ ਹਵਾਰਾ ਦੀ ਪਾਰਟੀ ਦੇ ਪ੍ਰਧਾਨ ਨਰਾਇਣ ਸਿੰਘ ਨੇ ਦਿੱਤੀ। ਇੱਥੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਰੋਸ ਪ੍ਰਦਰਸ਼ਨ ਵਿੱਚ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੇ ਪਹੁੰਚਣ ਦੀਆਂ ਵੀ ਪੂਰੀਆਂ ਸੰਭਾਵਨਾਵਾਂ ਹਨ। ਜਾਣਕਾਰੀ ਮੁਤਾਬਕ ਇਸ ਮੀਟਿੰਗ ‘ਚ ਏਕਨੂਰ ਖਾਲਸਾ ਫੌਜ, ਸਤਿਕਾਰ ਸਭਾਵਾਂ, ਗ੍ਰੰਥੀ ਸਿੰਘਾਂ ਦੀਆਂ ਸਭਾਵਾਂ, ਕਿਸਾਨ ਯੂਨੀਅਨਾਂ, ਅਤੇ ਪੰਥਕ ਸੇਵਾ ਲਹਿਰ ਆਦਿ ਪਾਰਟੀਆਂ ਦੇ ਆਗੂ ਸ਼ਾਮਲ ਸਨ।
ਮੀਟਿੰਗ ਦੌਰਾਨ ਯੂਨਾਇਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਬਾਦਲਾਂ ਨੂੰ ਲੰਮੇ ਹੱਥੀਂ ਲੈਂਦਿਆਂ ਦੋਸ਼ ਲਾਇਆ ਕਿ ਬਾਦਲ ਨੇ ਸਾਲ 1978 ਤੋਂ ਸਿੱਖੀ ਦਾ ਘਾਣ ਕਰਨ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਤੋਂ ਬਾਅਦ ਸਿੱਖਾਂ ਲਈ ਇਹ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਬਾਦਲਾਂ ਨੂੰ ਸਿਆਸਤੀ ਤੌਰ ‘ਤੇ ਖਤਮ ਕਰਨ ਦੀ ਲੋੜ, ਸਮੇਂ ਦੀ ਮੰਗ ਹੈ। ਇੱਥੇ ਹੀ ਇਸੇ ਪਾਰਟੀ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਨੇ ਵੀ ਬਾਦਲਾਂ ਖਿਲਾਫ ਦੋਸ਼ ਲਾਉਂਦਿਆਂ ਲੋਕਾਂ ਨੂੰ ਸੰਬੋਧਨ ਕੀਤਾ, ਤੇ ਕਿਹਾ ਕਿ ਚੁਕੰਨੇ ਹੋ ਜਾਓ! ਇਸ ਵਾਰ ਬਾਦਲਾਂ ਨੂੰ ਵੋਟ ਪਾਉਣ ਦਾ ਮਤਲਬ ਡੇਰਾ ਸਿਰਸਾ ਦੀ ਹਿਮਾਇਤ ਕਰਨਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਆਪਣੀ ਵੋਟ ਦਾ ਇਸਤਿਮਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਧਿਆਨ ‘ਚ ਰੱਖ ਕੇ ਹੀ ਕਰਨਾ ਚਾਹੀਦਾ ਹੈ।
ਇਹ ਤਾਂ ਸੀ ਪੰਥਕ ਧਿਰਾਂ ਦੀ ਗੱਲ ਜਿਨ੍ਹਾਂ ਨੇ ਬਾਦਲਾਂ ਖਿਲਾਫ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਹੁਣ ਲੋਕ ਇਨ੍ਹਾਂ ਪੰਥਕ ਧਿਰਾਂ ਦਾ ਸਾਥ ਕਿੰਨਾ ਕੁ ਦਿੰਦੇ ਹਨ, ਤੇ ਇਨ੍ਹਾਂ ਦਾ ਵੀ ਕਿੰਨਾ ਕੁ ਵਿਰੋਧ ਹੁੰਦਾ ਹੈ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ, ਕਿਉਂਕਿ ਜਿਸ ਵੇਲੇ ਬਗਰਾੜੀ ਮੋਰਚੇ ਵਾਲਿਆਂ ਨੇ ਅਚਾਨਕ ਆਪਣਾ ਮੋਰਚਾ ਖਤਮ ਕੀਤਾ ਸੀ ਤਾਂ ਇਨ੍ਹਾਂ ਲੋਕਾਂ ‘ਤੇ ਵੀ ਕਈ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਕਿ ਇਸ ਮੋਰਚੇ ਦੀਆਂ ਮੰਗਾਂ ਤਾਂ ਸਰਕਾਰ ਨੇ ਮੰਨੀਆਂ ਨਹੀਂ, ਤੇ ਇਨ੍ਹਾਂ ਲੋਕਾਂ ਨੇ ਨਿੱਜੀ ਫਾਇਦੇ ਲੈ ਕੇ ਮੋਰਚਾ ਖਤਮ ਕਰ ਦਿੱਤਾ।