ਕਾਰਸੇਵਾ ਵਾਲੇ ਬਾਬੇ ਉਤਰੇ ਮਨਮਾਨੀਆਂ ‘ਤੇ, ਤਰਨ ਤਾਰਨ ਗੁਰਦੁਆਰੇ ਦੀ ਢਾਹ ਤੀ ਦਰਸ਼ਨੀ ਡਿਉੜੀ, ਲੌਂਗੋਵਾਲ ਕਹਿੰਦਾ ਪਰਚਾ ਦਰਜ਼ ਕਰਵਾਵਾਂਗੇ

Prabhjot Kaur
9 Min Read

ਕੁਲਵੰਤ ਸਿੰਘ

ਤਰਨ ਤਾਰਨ : ਬੀਤੀ ਰਾਤ ਪੰਜਾਬ ਦੇ ਇਤਿਹਾਸਿਕ ਗੁਰਦੁਆਰ ਤਰਨ ਤਾਰਨ ਦੀ ਉਹ ਇਤਿਹਾਸਿਕ ਦਰਸ਼ਨੀ ਡਿਉੜੀ ਜਿਸ ਦੇ ਦਰਸ਼ਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੂਰੋਂ ਦੂਰੋਂ ਕਰਨ ਆਉਂਦੀਆਂ ਸਨ, ਉਹ ਡਿਉੜੀ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਕਾਰਸੇਵਾ ਵਾਲੇ ਬਾਬਿਆਂ ਨੇ ਇੱਕ ਝਟਕੇ ਵਿੱਚ ਢਾਹ ਦਿੱਤੀ। ਤ੍ਰਾਸਦੀ ਇਹ ਰਹੀ ਕਿ ਜਿੱਥੇ ਕਾਰਸੇਵਾ ਵਾਲੇ ਬਾਬੇ ਇਸ ਇਤਿਹਾਸਿਕ ਡਿਉੜੀ ਦੀ ਤੁਲਨਾ ਮਾਮੂਲੀ ਇਮਾਰਤਾਂ ਨਾਲ ਕਰਕੇ, ਇਸ ਤਰਕ ਨਾਲ ਉਸ ਫੈਸਲੇ ਨੂੰ ਸਹੀ ਠਹਿਰਾ ਰਹੇ ਹਨ ਕਿ ਇਹ ਡਿਉੜੀ ਕਿਹੜਾ ਮਹਾਰਾਜ ਸਾਬ੍ਹ ਨੇ ਆਪਣੇ ਹੱਥਾਂ ਨਾਲ ਬਣਾਈ ਸੀ ਉੱਥੇ ਸ਼੍ਰੋਮਣੀ ਕਮੇਟੀ ਵਾਲੇ ਆਪਣੇ ਮਤੇ ਅਤੇ ਹੁਕਮਾਂ ਦੀਆਂ ਕਾਪੀਆਂ ਦਿਖਾ ਕੇ ਸਫਾਈ ਦਿੰਦੇ ਫਿਰਦੇ ਹਨ ਕਿ ਇਹ ਫੈਸਲਾ ਉਨ੍ਹਾਂ ਤੋਂ ਬਾਹਰ ਹੋ ਕੇ ਲਿਆ ਗਿਆ ਹੈ, ਪਰ ਇਸ ਦੌਰਾਨ ਇੱਕ ਸੱਚਾਈ ਇਹ ਹੈ ਕਿ ਸਿੱਖ ਇਤਿਹਾਸ ਦੇ ਜਿਸ ਮਹਾਨ ਸਰਮਾਏ ਨੂੰ ਖਤਮ ਕਰ ਦਿੱਤਾ ਗਿਆ ਹੈ, ਉਸ ਨੂੰ ਹੁਣ ਕਦੀ ਨਹੀਂ ਪੂਰਿਆ ਜਾ ਸਕੇਗਾ।

ਡਿਉੜੀ ਢਾਹੇ ਜਾਣ ਦੀ ਖ਼ਬਰ ਜਿਉਂ ਹੀ ਮੀਡੀਆ ‘ਚ ਵਾਇਰਲ ਹੋਈ ਦੁਨੀਆਂ ਭਰ ਦੀ ਸਿੱਖ ਸੰਗਤ ਵਿੱਚ ਇਸ ਘਟਨਾ ਨੂੰ ਲੈ ਕੇ ਹਾ-ਹਾ-ਕਾਰ ਮੱਚ ਗਈ, ਤੇ ਹੁਣ ਹਲਾਤ ਇਹ ਹਨ ਕਿ ਜਿੱਥੇ ਕਾਰਸੇਵਾ ਵਾਲੇ ਬਾਬੇ ਇਸ ਦਰਸ਼ਨੀ ਡਿਉੜੀ ਢਾਹੇ ਜਾਣ ਦੇ ਫੈਸਲੇ ਦਾ ਭਾਂਡਾ ਸ਼੍ਰੋਮਣੀ ਕਮੇਟੀ ਦੇ ਸਿਰ ‘ਤੇ ਭੰਨ੍ਹ ਰਹੇ ਹਨ, ਉੱਥੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪਤਾ ਲੱਗਣ ‘ਤੇ ਉਹ ਇੰਨੇ ਭੜ੍ਹਕ ਗਏ ਹਨ ਕਿ ਉਨ੍ਹਾਂ ਐਲਾਨ ਕਰ ਦਿੱਤਾ ਹੈ ਕਿ ਡਿਉੜੀ ਢਾਹੁਣ ਵਾਲੇ ਬਾਬਿਆਂ ‘ਤੇ ਉਹ ਪਰਚਾ ਦਰਜ਼ ਕਰਵਾਉਣਗੇ।

ਇੱਥੇ ਦੱਸ ਦਈਏ ਕਿ ਇਹ ਇਤਿਹਾਸਿਕ ਦਰਸ਼ਨੀ ਡਿਉੜੀ ਕਾਫੀ ਪੁਰਾਣੀ ਹੋ ਗਈ ਸੀ, ਤੇ ਇਸ ਦੀ ਸਾਂਭ ਸੰਭਾਲ ਦੀ ਲੋੜ ਪਿਛਲੇ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਜਿਸ ਨੂੰ ਲੈ ਕੇ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਢਾਹ ਕੇ ਨਵੀਂ ਦਰਸ਼ਨੀ ਡਿਉੜੀ ਬਣਾਏ ਜਾਣ ਸਬੰਧੀ ਮਤਾ ਪਾ ਦਿੱਤਾ। ਜਿਸ ‘ਤੇ ਅਮਲ ਕਰਦਿਆਂ 14 ਸਤੰਬਰ 2018 ਵਾਲੇ ਦਿਨ ਕਾਰਸੇਵਾ ਵਾਲੇ ਬਾਬਿਆਂ ਜਗਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਦੋਂ ਉਸ ਨੂੰ ਢਾਹਉਣਾ ਚਾਹਿਆ ਤਾਂ ਮੌਕੇ ‘ਤੇ ਮੌਜੂਦ ਸੰਗਤ ਵੱਲੋਂ ਇਸ ਦਾ ਸਖਤ ਵਿਰੋਧ ਕਰਨ ‘ਤੇ ਮਾਮਲਾ ਭਖ ਗਿਆ। ਜਿਸ ਤੋਂ ਬਾਅਦ ਇਸ ਡਿਉੜੀ ਨੂੰ ਢਾਹੇ ਜਾਣ ‘ਤੇ ਰੋਕ ਲਾ ਦਿੱਤੀ ਗਈ। ਪਰ ਬੀਤੀ ਰਾਤ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ ਬਾਬੇ ਜਗਤਾਰ ਸਿੰਘ ਨੇ ਆਪਣੇ ਸੇਵਾਦਾਰਾਂ ਦੀ ਫੌਜ ਲੈ ਕੇ ਇਸ ਦਰਸ਼ਨੀ ਡਿਉੜੀ ਨੂੰ ਇੱਕ ਝਟਕੇ ਵਿੱਚ ਹੀ ਢਾਹ ਦਿੱਤਾ। ਬੱਸ ਫਿਰ ਕੀ ਸੀ ਮੌਕੇ ‘ਤੇ ਮੌਜੂਦ ਕੈਮਰਿਆਂ ਦੀ ਅੱਖ ਨੇ ਇਸ ਮੰਜ਼ਰ ਨੂੰ ਤੁਰੰਤ ਕੈਦ ਕਰ ਲਿਆ ਤੇ ਉਸ ਤੋਂ ਬਾਅਦ ਹਰਕਤ ਵਿੱਚ ਆਏ ਮੀਡੀਆ ਨੇ ਇਸ ਸਬੰਧੀ ਜਦੋਂ ਬਾਬਾ ਮਹਿੰਦਰ ਸਿੰਘ ਕਾਰ ਸੇਵਾ ਵਾਲਿਆਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨੂੰ ਢਾਹੇ ਜਾਣ ਦਾ ਮਤਾ ਸ਼੍ਰੋਮਣੀ ਕਮੇਟੀ ਨੇ ਆਪ ਖੁਦ ਪਾਇਆ ਸੀ ਕਿਉਂਕਿ ਇਹ ਇਮਾਰਤ ਪੁਰਾਣੀ ਹੋ ਚੁਕੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਮਾਰਤ ਗੁਰੂ ਮਹਾਰਾਜ ਨੇ ਆਪਣੇ ਹੱਥਾਂ ਨਾਲ ਬਣਾਈ ਹੋਵੇ ਤਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਉਸ ਦੀ ਸਾਂਭ ਸੰਭਾਲ ਕੀਤੀ ਜਾਣੀ ਚਾਹੀਦੀ ਹੈ, ਪਰ ਇਹ ਇਮਾਰਤਾਂ ਦੂਜੀਆਂ ਹਨ ਤੇ ਜੇਕਰ ਕੋਈ ਜ਼ਿਆਦਾ ਹੀ ਖ਼ਰਾਬ ਹੋ ਜਾਵੇ ਤਾਂ ਉਸ ਨੂੰ ਢਾਹ ਕੇ ਬਣਾਉਣਾ ਹੀ ਪੈਦਾ ਹੈ, ਪਰ ਜੇਕਰ ਕੋਈ ਮੁਰੰਮਤ ਹੋ ਸਕਦੀ ਹੋਵੇ ਤਾਂ ਉਸ ਦੀ ਮੁਰੰਮਤ ਕਰ ਲਈ ਜਾਂਦੀ ਹੈ। ਇਸੇ ਇਮਾਰਤ ਨੂੰ ਮੁਰੰਮਤ ਕਰਕੇ ਠੀਕ ਕਰ ਲੈਣ ਦੇ ਸਵਾਲ ‘ਤੇ ਬਾਬਾ ਮਹਿੰਦਰ ਸਿੰਘ ਨੇ ਕਿਹਾ ਕਿ ਆਖ਼ਰ ਇਮਾਰਤ ਤਾਂ ਇਮਾਰਤ ਹੀ ਹੁੰਦੀ ਹੈ, ਆਪਾਂ ਘਰਾਂ ਦੀਆਂ ਇਮਾਰਤਾਂ ਵੀ ਤਾਂ ਮੁੜ ਬਣਾਉਦੇ ਹੀ ਹਾਂ। ਇਸ ਲਈ ਗੁਰੂ ਸਾਬ੍ਹ ਦੀ ਇਮਾਰਤ ਵੀ ਜੇਕਰ ਪੁਰਾਣੀ ਹੋ ਜਾਵੇ ਤਾਂ ਮੁੜ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਇਮਾਰਤ ਰਾਤ ਵੇਲੇ ਇਸ ਲਈ ਢਾਹੀ ਗਈ ਤਾਂ ਕਿ ਨੇੜੇ ਤੇੜੇ ਦੀਆਂ ਦੁਕਾਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ।

- Advertisement -

ਉੱਧਰ ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਓੜੀ ਢਾਹੇ ਜਾਣ ਦੇ ਮਾਮਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋਸ਼ੀਆਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰਦਿਆਂ ਇਸ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਕਾਰਸੇਵਾ ਵਾਲਿਆਂ ਬਾਬਿਆਂ ਦੀ ਆਪਹੁਦਰੀ ਕਾਰਵਾਈ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਇਸ ਪੁਰਾਤਨ ਦਰਸ਼ਨੀ ਡਿਓੜੀ ਸਬੰਧੀ ਫਿਲਹਾਲ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਇਸ ਦਰਸ਼ਨੀ ਡਿਓੜੀ ਦੀ ਕਾਰਸੇਵਾ ਸਬੰਧੀ ਸੰਗਤਾਂ ਵੱਲੋਂ ਇਤਰਾਜ਼ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ ’ਤੇ ਰੋਕ ਲਗਾ ਦਿੱਤੀ ਸੀ। ਇਸ ਸਬੰਧ ਵਿਚ 18 ਅਕਤੂਬਰ 2018 ਨੂੰ ਹੋਈ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਵਿਚ ਮਤਾ ਨੰ: 765 ਰਾਹੀਂ ਇਸ ਮਾਮਲੇ ਨੂੰ ਪੈਂਡਿੰਗ ਕਰ ਦਿੱਤਾ ਸੀ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਫੈਸਲਾ ਨਾ ਲਏ ਜਾਣ ਬਗੈਰ ਹੀ ਮੈਨੇਜਰ ਅਤੇ ਕਾਰਸੇਵਾ ਵਾਲੇ ਬਾਬਿਆਂ ਵੱਲੋਂ ਬੀਤੀ ਰਾਤ ਡਿਓੜੀ ਢਾਹ ਦਿੱਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਮਾਮਲੇ ‘ਤੇ ਸਖ਼ਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਪ੍ਰਤਾਪ ਸਿੰਘ ਨੂੰ ਦਫ਼ਤਰ ਦੇ ਆਰਡਰ ਨੰ: 5407, ਮਿਤੀ 31-3-2019 ਰਾਹੀਂ ਮੁਅੱਤਲ ਕਰਕੇ ਜੀਂਦ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਪਾਸੋਂ ਵੀ ਗੁਰਦੁਆਰਾ ਸਾਹਿਬ ਦੀਆਂ ਕਾਰ ਸੇਵਾਵਾਂ ਵਾਪਸ ਲੈ ਲਈਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਡਿਓੜੀ ਢਾਹੁਣ ਦੀ ਕਾਰਵਾਈ ਕਿਸੇ ਡੂੰਘੀ ਸਾਜ਼ਸ਼ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਬਦਨਾਮ ਕਰਨ ਲਈ ਕੀਤੀ ਗਈ ਹੈ, ਜੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਸਿੱਧਾ ਦਖ਼ਲ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਉਣ ਦੀ ਵੀ ਮੈਨੇਜਰ ਨੇ ਕੋਸ਼ਿਸ਼ ਨਹੀਂ ਕੀਤੀ, ਜਿਸ ਲਈ ਪੜਤਾਲ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਿੱਥੇ ਡਾ. ਰੂਪ ਸਿੰਘ ਨੇ ਕਿਹਾ ਕਿ ਮਾਮਲਾ ਅਤਿ ਗੰਭੀਰ ਅਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਣ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ, ਉੱਥੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਡੇ ਪੱਤਰਕਾਰ ਸਿਮਰਨਪ੍ਰੀਤ ਸਿੰਘ ਨਾਲ ਫੋਨ ‘ਤੇ ਕੀਤੀ ਗੱਲਬਾਤ ਦੌਰਾਨ ਬਾਬਿਆਂ ਵੱਲੋਂ ਕੀਤੀ ਗਈ ਇਸ ਕਾਰਵਾਈ ‘ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਬਾਬਿਆਂ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ ਤੇ ਉਹ ਬਹੁਤ ਜਲਦ ਇਸ ਕਾਰਵਾਈ ਵਿੱਚ ਸ਼ਾਮਲ ਪਾਏ ਜਾਣਗੇ ਉਨ੍ਹਾਂ ਖਿਲਾਫ ਕਨੂੰਨੀ ਕਾਰਵਾਈ ਕਰਨ ਜਾ ਰਹੇ ਹਨ।

ਮਸਲਾ ਗੰਭੀਰ ਹੈ ਤੇ ਇਹ ਉਹ ਕੁਝ ਹੋ ਗਿਆ ਹੈ ਜਿਸ ਦੀ ਭਰਪਾਈ ਕਦੀ ਨਹੀਂ ਕੀਤੀ ਜਾ ਸਕੇਗੀ, ਕਿਉਂਕਿ ਪੁਰਾਤਨ ਇਮਰਾਤਾਂ ਕੇਵਲ ਇੱਟਾਂ ਗਾਰਿਆਂ ਦਾ ਸੁਮੇਲ ਹੀ ਨਹੀਂ ਹੁੰਦੀਆਂ, ਸਗੋਂ ਇਹ ਵਿਚਾਰਧਾਰਾ ਤੇ ਅਟੁੱਟ ਰਿਸ਼ਤਿਆਂ ‘ਚ ਬੱਝੀਆਂ ਹੁੰਦੀਆਂ ਨੇ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਦਰਸ਼ਨੀ ਡਿਊੜੀ ਨੂੰ ਮੁਰੰਮਤ ਦੇ ਨਾਮ ਤੇ ਢਾਹੇ ਜਾਣ ਦੇ ਕਾਰਜ ਨੂੰ ਸਿੱਖਾਂ ਨੇ ਸਾਲ 2018 ‘ਚ ਤਾਂ ਇੱਕ ਵਾਰ ਰੋਕ ਲਿਆ ਸੀ, ਪਰ ਮੁੜ ਇਸ ਪੁਰਾਤਨ ਡਿਉੜੀ ਨੁੰ ਢਾਹੇ ਜਾਣ ਦੀ ਖਬਰ ਨੇ ਸਿੱਖਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਹਨ। ਪਰ ਇੱਕ ਸੱਚਾਈ ਇਹ ਵੀ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਸ ਵੱਲੋਂ ਥਾਪੇ ਗਏ ਬਾਬਿਆਂ ਨੇ ਆਪਣੇ ਨੈਤਿਕ ਫਰਜ਼ ਤੋਂ ਉਲਟ ਜਾ ਕੇ ਕੋਈ ਕਦਮ ਚੁੱਕਿਆ ਹੋਵੇ। ਇਸ ਤੋਂ ਪਹਿਲਾਂ ਵੀ ਸੂਬੇ ਦੀ ਕਈ ਇਤਿਹਾਸਿਕ ਗੁਰਦੁਆਰਿਆਂ ਦੀ ਇਮਾਰਤਾਂ ਨੂੰ ਢਾਹ ਕੇ ਉਸ ‘ਤੇ ਸੰਗਮਰਮਰ ਤਾਂ ਚਾੜ੍ਹ ਦਿੱਤਾ ਗਿਆ, ਪਰ ਸਿੱਖੀ ਇਤਿਹਾਸ ਨਾਲ ਜੁੜੀਆਂ ਉਨ੍ਹਾਂ ਇਮਾਰਤਾਂ ਨਾਲ ਜੋ ਭਾਵੁਕ ਰਿਸ਼ਤਾ ਸਿੱਖ ਸੰਗਤ ਦਾ ਦਹਾਕਿਆਂ ਤੋਂ ਜੁੜਿਆ ਹੋਇਆ ਸੀ ਉਸ ਰਿਸ਼ਤੇ ਨੂੰ ਮੁੜ ਕਦੇ ਸੁਰਜੀਤ ਨਹੀਂ ਕੀਤਾ ਜਾ ਸਕਦਾ। ਸਵਾਲ ਇਹ ਹੈ ਕਿ, ਕੀ ਅਸੀਂ ਇਤਿਹਾਸ ਦੀਆਂ ਗਲਤੀਆਂ ਤੋਂ ਕੋਈ ਸਬਕ ਲਿਆ ਹੈ? ਨਵੀਂ ਵਾਪਰੀ ਇਸ ਘਟਨਾ ਨੇ ਤਾਂ ਘੱਟੋ ਘੱਟ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਕੋਈ ਸਬਕ ਨਹੀਂ ਲਿਆ। ਚੋਣਾਂ ਦਾ ਮੌਕਾ ਨੇੜੇ ਹੋਣ ਕਾਰਨ ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਵਾਲੇ ਵੀ ਕਦਮ ਫੂਕ-ਫੂਕ ਕੇ ਰੱਖ ਰਹੇ ਹੋਣ, ਤਾਂ ਕਿ ਉਨ੍ਹਾਂ ਦੇ ਸਿਆਸੀ ਵਿੰਗ ਨੂੰ ਕਿਸੇ ਤਰ੍ਹਾਂ ਦੀਆਂ ਵੋਟਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਪਰ ਮਾਹਰ ਕਹਿੰਦੇ ਹਨ ਕਿ ਵੋਟਾਂ ਦਾ ਹੋਇਆ ਨੁਕਸਾਨ ਤਾਂ ਫਿਰ ਪੂਰਾ ਹੋ ਜਾਊ, ਲੇਕਿਨ ਜੋ ਨੁਕਸਾਨ ਅਸੀਂ ਆਪਣੇ ਇਤਿਹਾਸ ਦਾ ਕਰ ਰਹੇ ਹਾਂ ਉਸ ਨੂੰ ਰਹਿੰਦੀ ਦੁਨੀਆਂ ਤੱਕ ਕਦੇ ਨਹੀਂ ਪੂਰਿਆ ਜਾ ਸਕੇਗਾ।

 

 

- Advertisement -
Share this Article
Leave a comment