ਕਰਤਾਰਪੁਰ ਲਾਂਘਾ: ਸਿੱਧੂ ਦੀ ਨਵ-ਜੋਤ, ਖਾਨ ਦਾ ਈਮਾਨ

TeamGlobalPunjab
3 Min Read

ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਕਰਤਾਰਪੁਰ ਸਾਹਿਬ ਲਈ ਲਾਂਘਾ ਖੁੱਲ੍ਹ ਗਿਆ ਹੈ। ਚਿਰਾਂ ਤੋਂ ਅਰਦਾਸ ਕਰ ਰਹੀ ਗੁਰੂ ਦੀ ਸੰਗਤ ਉਸ ਦੇ ਦਰਸ਼ਨ ਦੀਦਾਰ ਲਈ ਵਧ ਰਹੀ ਹੈ। ਹਰ ਮਾਈ ਭਾਈ  ਦੇ ਮਨ ਵਿੱਚ ਲਾਂਘੇ ਨੂੰ ਪਾਰ ਕਰਕੇ ਉਸ ਅਗੰਮੀ ਧਰਤ ‘ਤੇ ਨਤਮਸਤਕ ਹੋਣ ਦੀ ਤਾਂਘ ਵਧਦੀ ਜਾ ਰਹੀ ਹੈ। ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਨੇ ਸੰਗਤ ਦੀ ਅਰਦਾਸ ਅੱਗੇ ਝੁਕਦਿਆਂ ਆਪਣੇ ਫਰਜ਼ ਨਿਭਾ ਦਿੱਤੇ ਹਨ। ਦੋਵਾਂ ਮੁਲਕਾਂ ਦੇ ਰਿਸ਼ਤੇ ਜੋ ਹਨੇਰੇ ਜਾਪ ਰਹੇ ਸਨ, ਲਾਂਘਾ ਖੁੱਲ੍ਹਣ ਨਾਲ ਭਵਿੱਖ ਵਿਚ ਦੋਵਾਂ ਮੁਲਕਾਂ ਦੇ ਆਪਸੀ ਸਬੰਧ ਬਿਹਤਰ ਹੋਣਗੇ, ਲਾਂਘਾ ਸਥਿਤੀਆਂ ਨੂੰ ਰੌਸ਼ਨ ਕਰੇਗਾ। ਲਾਂਘੇ ਨਾਲ ਅਮਨ ਦਾ ਰਾਹ ਖੁੱਲ੍ਹੇਗਾ। ਲੋਕਾਂ ਦਾ ਆਪਸੀ ਰਾਬਤਾ ਕਾਇਮ ਹੋਵੇਗਾ। ਰਸਤੇ ਬੰਦ ਕਰਨ ਨਾਲ ਕਿਸੇ ਵੀ ਮੁਲਕ ਦੀ ਤਰੱਕੀ ਨਹੀਂ ਹੁੰਦੀ। ਸਾਰੇ  ਹਿੰਦੂਆਂ ਤੇ ਸਿੱਖਾਂ ਨੂੰ ਪਾਕਿਸਤਾਨ ਆਉਣਾ ਜਾਣਾ ਚਾਹੀਦਾ ਹੈ। ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੇ ਰਾਹ ਖੁੱਲ੍ਹਣ ਨਾਲ ਸਿੱਖ ਭਾਈਚਾਰਾ ਖੁਸ਼ ਹੋ ਰਿਹਾ ਹੈ। ਇਸੇ ਤਰ੍ਹਾਂ ਮੁਸਲਮਾਨ ਭਾਈਚਾਰੇ ਲਈ ਵੀ ਭਾਰਤ ਦੀਆਂ ਥਾਵਾਂ ਖੁਲਣੀਆਂ ਚਾਹੀਦੀਆਂ ਹਨ।

ਅੱਜ ਕਰਤਾਰਪੁਰ ਸਾਹਿਬ ਦੇ ਉਦਘਾਟਨੀ ਸਮਾਰੋਹ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਰਧਾ ਦਾ ਸਬੂਤ ਦਿੰਦਿਆਂ ਕੰਪਲੈਕਸ ਦੀ ਪਰਿਕਰਮਾ ਤੋਂ ਬਾਅਦ ਗੁਰਦੁਆਰਾ ਦਰਬਾਰ ਸਾਹਿਬ ਵੱਲ ਸਿਰ ਢਕ ਕੇ ਗਏ। ਉਨ੍ਹਾਂ ਦੇ ਨਾਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਤੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਵੀ ਸਨ। ਇਮਰਾਨ ਖ਼ਾਨ ਦੇ ਨਾਲ ਭਾਰਤ ਤੋਂ ਪਹੁੰਚੇ ਉਨ੍ਹਾਂ ਦੇ ਦੋਸਤ ਨਵਜੋਤ ਸਿੰਘ ਸਿੱਧੂ ਵੀ ਸਟੇਜ ’ਤੇ ਸ਼ਸ਼ੋਭਿਤ ਹੋਏ। ਇਮਰਾਨ ਖ਼ਾਨ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ਼ ਮਨਮੋਹਨ ਸਿੰਘ ਨਾਲ ਵੀ ਮੁਲਾਕਾਤ ਕੀਤੀ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨੀ ਸਮਾਰੋਹ ਮੌਕੇ ਕਿਹਾ ਕਿ ਲਾਂਘੇ ਦੇ ਬਣਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਸੌਖੇ ਹੋ ਜਾਣਗੇ। ਉਨ੍ਹਾਂ ਨੇ ਤੈਅ ਸਮੇਂ ‘ਚ ਲਾਂਘੇ ਦਾ ਕੰਮ ਮੁੰਕਮਲ ਕਰਨ ਲਈ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਲਾਂਘਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਹਰ ਇਨਸਾਨ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵੀ ਧੰਨਵਾਦ ਕਰ ਚੁਕੇ ਹਨ  ਕਿ ਉਨ੍ਹਾਂ ਕਰਤਾਰਪੁਰ ਲਾਂਘੇ ਲਈ ਭਾਰਤ ਦੀਆਂ ਭਾਵਨਾਵਾਂ ਨੂੰ ਸਮਝਿਆਂ, ਸਨਮਾਨ ਦਿੱਤਾ ਤੇ ਉਸੇ ਭਾਵਨਾ ਨਾਲ ਕੰਮ ਕੀਤਾ। ਲਾਂਘਾ ਖੁੱਲ੍ਹਣ ਨਾਲ ਦੋਵਾਂ ਪਾਸਿਆਂ ਦੇ ਸਰਹੱਦੀ ਖੇਤਰਾਂ ਵਿਚ ਆਰਥਿਕ ਤਰੱਕੀ ਦੀਆਂ ਸੰਭਾਵਨਾਵਾਂ ਵਧਣਗੀਆਂ ਕਿਉਂਕਿ

ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਖੇਤਰ ਆਰਥਿਕ ਪੱਖੋਂ ਕਾਫੀ ਪਛੜਿਆ ਹੋਇਆ ਹੈ। ਇਸ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ ਚਾਰ ਕਿਲੋਮੀਟਰ ਅੰਦਰ ਹੈ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ। ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17-18 ਸਾਲ ਬਿਤਾਏ ਸਨ।

- Advertisement -

ਇਸ ਸੰਦਰਭ ਵਿੱਚ ਨਵਜੋਤ ਸਿੰਘ ਸਿੱਧੂ ਵਲੋਂ ਜਗਾਈ ਨਵ-ਜੋਤ ਅਤੇ ਇਮਰਾਨ ਖਾਨ ਦੇ ਈਮਾਨ ਨੂੰ ਲੋਕ ਭੁਲਾ ਨਹੀਂ ਸਕਣਗੇ।

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

Share this Article
Leave a comment