ਕਰਤਾਰਪੁਰ ਦਾ ਨਾਮ ਹੋਵੇਗਾ ਖ਼ਾਲਿਸਤਾਨ ਸਟੇਸ਼ਨ : ਪਾਕਿ ਰੇਲ ਮੰਤਰੀ

Prabhjot Kaur
3 Min Read

ਨਵੀਂ ਦਿੱਲੀ : ਇੱਕ ਬੇਹੱਦ ਭੜਕਾਊ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸਿਦ ਅਹਿਮਦ ਨੇ ਬਿਆਨ ਦਿੱਤਾ ਹੈ ਕਿ ਪਾਕਿ ਸਥਿਤ ਕਰਤਾਰਪੁਰ ਸਾਹਿਬ ਗ਼ਲਿਆਰਾ ਯੋਜਨਾਂ ਨੂੰ ਸਿਰੇ ਚਾੜ੍ਹਨ ਲਈ ਉੱਥੇ ਆਉਣ ਵਾਲੇ ਸਿੱਖ ਤੀਰਥ ਯਾਤਰੀਆਂ ਲਈ ਬਣਾਏ ਜਾ ਰਹੇ ਰੇਲਵੇ ਸਟੇਸ਼ਨ ਦਾ ਨਾਮ ਖ਼ਾਲਿਸਤਾਨ ਸਟੇਸ਼ਨ ਰੱਖਿਆ ਜਾਵੇ। ਸ਼ੇਖ ਰਾਸਿਦ ਅਹਿਮਦ ਨੇ ਇਹ ਬਿਆਨ ਬੀਤੇ ਸ਼ੁੱਕਰਵਾਰ ਪਾਕਿਸਤਾਨ ‘ਚ ਚਲਦੇ ਇੱਕ ਟੀ.ਵੀ. ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦਿੱਤਾ। ਰਾਸੀਦ ਨੇ ਖ਼ਾਲੀਸਤਾਨੀ ਖਾੜਕੂਆਂ ਦੀ ਭਾਸ਼ਾ ਬੋਲਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਇਸ ਸਬੰਧੀ ਆਪਣੇ ਵਿਦੇਸ਼ ਮੰਤਰਾਲਿਆ ਨਾਲ ਵੀ ਗੱਲਬਾਤ ਕਰਨ ਜਾ ਰਹੇ ਹਨ।

ਦੱਸ ਦਈਏ ਕਿ ਭਾਰਤ ਇਸ ਗੱਲ ਨੂੰ ਲੈ ਕੇ ਪਹਿਲਾਂ ਹੀ ਪੂਰੀ ਤਰ੍ਹਾਂ ਮੁਸਤੈਦ ਹੈ ਕਿ ਕਿਤੇ ਮੌਕੇ ਦਾ ਫਾਇਦਾ ਚੁੱਕ ਕੇ ਪਾਕਿ ਖੂਫੀਆ ਏਜੰਸੀ ਆਈਐਸਆਈ ਅਤੇ ਉੱਥੋਂ ਦੇ ਲੋਕ ਭਾਰਤੀ ਸ਼ਰਧਾਲੂਆਂ ਤੱਕ ਪਹੁੰਚ ਬਣਾ ਕੇ ਉਨ੍ਹਾਂ ਦੇ ਮਨਾਂ ਵਿੱਚ ਜ਼ਹਿਰ ਭਰਨ ਦੀ ਕੋਸ਼ਿਸ਼ ਨਾ ਕਰਨ। ਖ਼ਬਰ ਹੈ ਕਿ ਭਾਰਤ ਪਾਕਿਸਤਾਨ ਕੋਲ ਇਹ ਮੁੱਦਾ ਵੀ ਚੁੱਕੇਗਾ ਕਿ ਉੱਥੇ ਸ਼ਰਧਾਲੂਆਂ ਦੀ ਵਰਤੋਂ ਭਾਰਤ ਵਿਰੋਧੀ ਤੱਤਾਂ ਨੂੰ ਫਾਇਦਾ ਪਹੁੰਚਾਉਣ ਲਈ ਨਾ ਕੀਤੀ ਜਾਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਰਤਾਪੁਰ ਗ਼ਲਿਆਰਾ ਯੋਜਨਾਂ ਨੂੰ ਸਿਰੇ ਚਾੜ੍ਹਨ ਲਈ ਪਿਛਲੇ ਸਾਲ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸਿਦ ਅਹਿਮਦ ਨੇ ਇਹ ਐਲਾਨ ਕੀਤਾ ਸੀ ਕਿ ਨਨਕਾਣਾ ਸਾਹਿਬ, ਨਾਰੋਵਾਲ ਅਤੇ ਕਰਤਾਰਪੁਰ ਸਾਹਿਬ ਦੇ ਸ਼ਰਧਾਲੂਆਂ ਵਾਸਤੇ ਰੇਲਵੇ ਸਟੇਸ਼ਨ ਬਣਾਉਣ ਲਈ ਸਿੱਖ ਜਥੇਬੰਦੀਆਂ ਨੂੰ 10-10 ਏਕੜ ਜ਼ਮੀਨ ਅਲਾਟ ਕੀਤੀ ਜਾਵੇਗੀ।

ਆਪਣੇ ਇਸ ਬਿਆਨ ਵਿੱਚ ਸ਼ੇਖ ਨੇ ਕਿਹਾ ਹੈ ਕਿ ਜੇਕਰ ਉਹ ਪੁਰਾਣੇ ਸ਼ੇਖ ਰਾਸੀਦ ਅਹਿਮਦ ਹੁੰਦੇ ਤਾਂ ਉਨ੍ਹਾਂ ਨੇ ਹੁਣ ਤੱਕ ਇਸ ਸਟੇਸ਼ਨ ਦਾ ਨਾਮ ਖਾਲਿਸਤਾਨ ਸਟੇਸ਼ਨ ਰੱਖ ਦਿੱਤਾ ਹੁੰਦਾ, ਪਰ ਹੁਣ ਉਹ ਇੱਕ ਜ਼ਿੰਮੇਵਾਰ ਅਹੁਦੇ ‘ਤੇ ਹਨ ਲਿਹਾਜਾ ਹੁਣ ਉਹ ਇਸ ਸਬੰਧੀ ਪਾਕਿਸਤਾਨ ਵਿਦੇਸ਼ ਮੰਤਰਾਲਿਆ ਨਾਲ ਗੱਲਬਾਤ ਕਰਨ ਜਾ ਰਹੇ ਹਨ।

ਇੱਕ ਪਾਸੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਬਾਲਕੋਟ ਵਿੱਚ ਬੰਬ ਸੁੱਟਣਾ ਤੇ ਪਾਕਿਸਤਾਨ ਵੱਲੋਂ ਭਾਰਤ ‘ਤੇ ਵਾਪਸੀ ਹਮਲਾ ਕਰਨ ਦੇ ਨਾਲ ਇੱਥੇ ਪਹਿਲਾਂ ਹੀ ਪਾਕਿਸਤਾਨ ਵਿਰੋਧੀ ਭਾਵਨਾਵਾਂ ਨੂੰ ਚੋਣਾਂ ਦੇ ਮੌਕੇ ਹਵਾ ਦਿੱਤੀ ਜਾ ਰਹੀ ਹੈ ਉੱਥੇ ਦੂਜ਼ੇ ਪਾਸੇ ਪੰਜਾਬ ਅੰਦਰ ਕਰਤਾਪੁਰ ਸਾਹਿਬ ਗ਼ਲਿਆਰਾ ਯੋਜਨਾਂ ਸਿਰੇ ਚਾੜ੍ਹਨ ਦਾ ਸਿਹਰਾ ਇੱਕ ਦੂਜੇ ਤੋਂ ਖੋਹ-ਖੋਹ ਕੇ ਆਪਣੇ ਮੱਥੇ ‘ਤੇ ਬੱਨ੍ਹਣ ਦੇ ਚੱਕਰਾਂ ਵਿੱਚ ਸਿਆਸਤਦਾਨ ਪਾਕਿਸਤਾਨ ਵਿਰੁੱਧ ਬਿਆਨ ਦੇ ਕੇ ਇਹ ਲਾਂਘਾ ਖੁੱਲ੍ਹਣ ਦੇ ਰਾਹ ਵਿੱਚ ਪਹਿਲਾਂ ਹੀ ਕਾਫੀ ਰੋੜੇ ਅਟਕਾ ਚੁੱਕੇ ਹਨ, ਅਜਿਹੇ ਵਿੱਚ ਪਾਕਿਸਤਾਨ ਦੇ ਰੇਲ ਮੰਤਰੀ ਵੱਲੋਂ ਇਸ ਗ਼ਲਿਆਰੇ ਨਾਲ ਜੋੜ ਕੇ ਦਿੱਤਾ ਗਿਆ ਭਾਰਤ ਵਿਰੋਧੀ ਬਿਆਨ ਅੱਗੇ ਕੀ ਰੰਗ ਲਿਆਵੇਗਾ ਇਹ ਤਾਂ ਪਤਾ ਨਹੀਂ ਪਰ ਸਿੱਖ ਸੰਗਤਾਂ ਦੇ ਮਨਾਂ ਅੰਦਰ ਇਸ ਬਿਆਨ ਨੂੰ ਪੜ੍ਹ ਕੇ ਇਹ ਹੌਲ ਜਰੂਰ ਪੈਣ ਲੱਗ ਪਏ ਹਨ ਕਿ ਕਿਤੇ ਅਜਿਹੇ ਬਿਆਨਾਂ ਨਾਲ ਇਹ ਲਾਂਘਾ ਖੁੱਲ੍ਹਦਾ ਖੁੱਲ੍ਹਦਾ ਬੰਦ ਨਾ ਹੋ ਜਾਵੇ।

- Advertisement -

 

Share this Article
Leave a comment