ਇੰਤਜ਼ਾਰ ਖਤਮ, ਸਿੱਧੂ ਦੀ ਪ੍ਰਿਅੰਕਾ-ਰਾਹੁਲ ਨਾਲ ਹੋ ਗਈ ਮੁਲਾਕਾਤ, ਆਹ ਦੇਖੋ ਨਤੀਜਾ !

TeamGlobalPunjab
3 Min Read

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਵਜ਼ਾਰਤੀ ਫੇਰਬਦਲ ਦੌਰਾਨ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋ ਲਏ ਜਾਣ ਤੋਂ ਨਰਾਜ਼ ਹੋ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਦਿੱਲੀ ਡੇਰੇ ਲਾਈ ਬੈਠੇ ਨਵਜੋਤ ਸਿੰਘ ਸਿੱਧੂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ ਤੇ ਉਨ੍ਹਾਂ ਨੇ ਪ੍ਰਿਅੰਕਾ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਲਈ ਹੈ। ਇਸ ਮੁਲਾਕਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ ਦੋਵਾਂ ਆਗੂਆਂ ਨੂੰ ਲਿਖਤੀ ਤੌਰ ‘ਤੇ ਆਪਣੀਆਂ ਸ਼ਿਕਾਇਤਾਂ ਸੌਂਪ ਦਿੱਤੀਆਂ ਹਨ।

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਹ ਬਿਆਨ ਦਿੱਤਾ ਸੀ ਕਿ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਸ਼ਹਿਰਾਂ ਅੰਦਰ ਚੰਗੀ ਨਹੀਂ ਰਹੀ। ਇਸ ਤੋਂ ਬਾਅਦ ਭਾਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਤੱਥਾਂ ਅਤੇ ਸਬੂਤਾਂ ਦੇ ਅਧਾਰ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ‘ਤੇ ਪਲਟਵਾਰ ਕਰਨ ਦੀ ਬੇਹੱਦ ਕੋਸ਼ਿਸ਼ ਕੀਤੀ, ਤੇ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਕੈਪਟਨ ਆਪਣਾ ਫੈਸਲਾ ਲੈਣ ਤੇ ਮੈਂ ਆਪਣਾ ਫੈਸਲਾ ਲਵਾਂਗਾ, ਪਰ ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਬਾਅਦ ਹੀ ਆਪਣੇ ਵਜ਼ਾਰਤੀ ਫੇਰਬਦਲ ਦੌਰਾਨ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਬਿਜਲੀ ਅਤੇ ਨਿਵਾਉਣਯੋਗ ਊਰਜਾ ਵਿਭਾਗ ਦੇ ਦਿੱਤਾ।

ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਭਾਗ ਦਾ ਚਾਰਜ ਤਾਂ ਕੀ ਸੰਭਾਲਣਾ ਸੀ, ਸੂਤਰਾਂ ਅਨੁਸਾਰ ਉਨ੍ਹਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਫਾਇਲਾਂ ਅਤੇ ਕੁਝ ਹੋਰ ਦਸਤਾਵੇਜ਼ਾਂ ਸਣੇ ਇਹ ਮਾਮਲਾ ਕੁੱਲ ਹਿੰਦ ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਧਿਆਨ ‘ਚ ਲਿਆਉਣ ਲਈ ਦਿੱਲੀ ਜਾ ਡੇਰੇ ਲਾਏ ਹਨ। ਜਿੱਥੇ ਰਾਹੁਲ ਗਾਂਧੀ ਦਿੱਲੀ ਤੋਂ ਬਾਹਰ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਸਿੱਧੂ ਉਨ੍ਹਾਂ ਦੇ ਇੰਤਜਾਰ ਵਿੱਚ ਸਨ। ਆਖ਼ਰਕਾਰ ਨਵਜੋਤ ਸਿੰਘ ਸਿੱਧੂ ਨੇ ਆਪਣੀਆਂ ਸ਼ਿਕਾਇਤਾਂ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੂੰ ਸੌਂਪ ਦਿੱਤੀਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਰਾਹੁਲ ਤੇ ਪ੍ਰਿਅੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਦਾ ਸਾਥ ਦਿੰਦੇ ਹਨ ਜਾਂ ਪਹਿਲਾਂ ਹੀ ਕਈ ਸੂਬਿਆਂ ਅੰਦਰ ਕਾਂਗਰਸ ਦੀ ਵਧਦੀ ਗੁੱਟਬਾਜੀ ਅਤੇ ਫੁੱਟ ਨੂੰ ਦੇਖਦਿਆਂ ਕੈਪਟਨ ਵਿਰੁੱਧ ਜਾ ਕੇ ਕੋਈ ਅਜਿਹਾ ਕੰਮ ਕਰਨ ਤੋਂ ਗੁਰੇਜ਼ ਕਰਨਗੇ ਜਿਸ ਨਾਲ ਪੰਜਾਬ ਕਾਂਗਰਸ ਅੰਦਰ ਵੀ ਬਗਾਵਤੀ ਸੁਰਾਂ ਉਠ ਖੜ੍ਹੀਆਂ ਹੋਣ। ਕੁੱਲ ਮਿਲਾ ਕੇ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਲਈ ਹਾਲਾਤ ਦੋਵੇਂ ਪਾਸੇ ਚਿੰਤਾਜਨਕ ਹਨ, ਕਿਉਂਕਿ ਜੇ ਉਹ ਕੈਪਟਨ ਦੇ ਵਿਰੁੱਧ ਜਾਂਦੇ ਹਨ ਤਾਂ ਉਨ੍ਹਾਂ ਦੇ ਨਰਾਜ਼ ਹੋਣ ਦਾ ਖਤਰਾ ਹੁੰਦਾ ਹੈ ਤੇ ਜੇਕਰ ਉਹ ਨਵਜੋਤ ਸਿੰਘ ਸਿੱਧੂ ਦੀ ਸੰਤੁਸ਼ਟੀ ਨਹੀਂ ਕਰਾਉਂਦੇ ਤਾਂ ਸਿੱਧੂ ਵਲੋ ਅਸਤੀਫਾ ਦਿੱਤਾ ਜਾ ਸਕਦਾ ਹੈ। ਅਜਿਹੇ ਵਿੱਚ ਅੱਗੇ ਕੀ ਹੋਵੇਗਾ ਇਹ ਵੇਖਣ ਲਈ ਕਾਂਗਰਸ ਪਾਰਟੀ ਦੇ ਲੋਕ ਹੀ ਨਹੀਂ ਸਿੱਧੂ ਤੇ ਕੈਪਟਨ ਨੂੰ ਸੋਸ਼ਲ ਮੀਡੀਆ ‘ਤੇ ਟਿੱਚਰਾਂ ਕਰਨ ਵਾਲੇ ਲੋਕ ਵੀ ਨਜ਼ਰਾਂ ਗੱਡੀ ਬੈਠੇ ਹਨ। ਦੇਖੋ ਕੀ ਬਣਦੈ?

 

- Advertisement -

Share this Article
Leave a comment