ਬੈਂਕਾਕ: ਇਸਲਾਮ ਛੱਡਣ ਤੇ ਪਰਿਵਾਰ ਵਲੋਂ ਕਤਲ ਦਾ ਖਦਸ਼ਾ ਜਤਾ ਰਹੀ ਸਾਊਦੀ ਅਰਬ ਦੀ 18 ਸਾਲਾ ਲੜਕਿ ਰਹਾਫ ਨੂੰ ਲੈ ਕੇ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਲੜਕੀ ਨੂੰ ਸ਼ਰਨਾਰਥੀ ਦਾ ਦਰਜਾ ਦੇ ਦਿੱਤਾ ਹੈ। ਜਿਸ ਦੀ ਜਾਣਕਾਰੀ ਉਸ ਦੇ ਮਿੱਤਰਾਂ ਤੇ ਸਹਿਯੋਗੀਆਂ ਵਲੋਂ ਦਿੱਤੀ ਗਈ ਹੈ।
18 ਸਾਲਾ ਰਹਾਫ਼ ਕੁਨਨ ਨੇ ਕਿਹਾ ਹੈ ਕਿ ਉਸ ਨੂੰ ਡਰ ਹੈ ਕਿ ਜੇ ਉਸ ਨੂੰ ਜ਼ਬਰਦਸਤੀ ਸਾਊਦੀ ਅਰਬ ਵਾਪਸ ਭੇਜਿਆ ਦਿੱਤਾ ਗਿਆ ਤਾਂ ਉਸ ਦੇ ਰਿਸ਼ਤੇਦਾਰ ਵਲੋਂ ਉਸਦੀ ਜਾਨ ਲੈ ਲਈ ਜਾਵੇਗੀ ਕਿਉਂਕਿ ਉਸ ਨੇ ਇਸਲਾਮ ਧਰਮ ਛੱਡ ਦਿੱਤਾ ਹੈ। ਉਹ ਬੀਤੇ ਸ਼ਨੀਵਾਰ ਨੂੰ ਲੁਕ-ਛਿਪ ਕੇ ਕੁਵੈਤ ਤੋਂ ਬੈਂਕਾਕ ਆ ਗਈ ਸੀ। ਉਸ ਦਾ ਮਕਸਦ ਆਸਟ੍ਰੇਲੀਆ ਜਾ ਕੇ ਸ਼ਰਨ ਲੈਣ ਲਈ ਪਟੀਸ਼ਨ ਪਾਉਣਾ ਸੀ।
ਸਾਊਦੀ ਲੜਕੀ ਦਾ ਇਲਜ਼ਾਮ ਹੈ ਕਿ ਕੁਵੈਤ ਏਅਰਵੇਜ਼ ਦੇ ਮੁਲਾਜ਼ਮ ਨੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਤੇ ਕਿਹਾ ਕਿ ਉਸ ਨੂੰ ਵਾਪਸ ਉਸ ਦੇ ਦੇਸ਼ ਭੇਜਿਆ ਜਾਵੇਗਾ, ਜਿੱਥੇ ਉਸ ਦੇ ਰਿਸ਼ਤੇਦਾਰ ਉਸ ਦਾ ਇੰਤਜ਼ਾਰ ਕਰ ਰਹੇ ਹਨ। ਜਦ ਉਸ ਨੇ ਥਾਈ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਪੀਲ ਕੀਤੀ ਤਾਂ ਉਸ ਨੂੰ ਨੇੜਲੇ ਹੋਟਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੇ ਖ਼ੁਦ ਨੂੰ ਉਦੋਂ ਤਕ ਲਈ ਕਮਰੇ ਵਿੱਚ ਬੰਦ ਕਰ ਲਿਆ ਜਦ ਤਕ ਉਸ ਨੂੰ ਥਾਈਲੈਂਡ ਵਿੱਚ ਆਰਜ਼ੀ ਤੌਰ ‘ਤੇ ਰੁਕਣ ਦੀ ਆਗਿਆ ਨਹੀਂ ਮਿਲ ਗਈ।
