Breaking News

ਆਹ ਲਓ ! ਅਕਾਲੀਆਂ ਦੇ ਪ੍ਰਧਾਨ ਜੀ ਪਹੁੰਚ ਗਏ ਅਕਾਲ ਤਖ਼ਤ ਸਾਹਿਬ ‘ਤੇ ਮਾਫੀ ਮੰਗਣ, ਬੋਲੋ ਵਾਹਿਗੁਰੂ

ਅੰਮ੍ਰਿਤਸਰ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਸਿੱਖ ਧਰਮ ਦੀ ਅਰਦਾਸ ਦੇ ਸ਼ਬਦ ਵਰਤਣ ਦੇ ਮਾਮਲੇ ਵਿੱਚ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਲੀਡਰ ਅਵਤਾਰ ਸਿੰਘ ਹਿੱਤ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬੁਲਾਵੇ ‘ਤੇ ਉੱਥੇ ਪੇਸ਼ ਹੋਏ। ਇਸ ਮੌਕੇ ਹਿੱਤ ਨੇ ਕਿਹਾ ਕਿ ਉਨ੍ਹਾਂ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਹੀ ਸਰਵ ਉੱਚ ਹੈ, ਤੇ ਇਹ ਉਨ੍ਹਾਂ ਨੂੰ ਹੀ ਪਤਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਕੀ ਹੈ। ਲਿਹਾਜ਼ਾ ਉਹ ਇੱਥੇ ਆਪਣੀ ਭੁੱਲ ਬਖਸ਼ਾਉਣ ਆਏ ਹਨ। ਪਰ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਕੀ ਭੁੱਲ ਕੀਤੀ ਹੈ, ਜਿਸ ਲਈ ਤੁਸੀਂ ਮਾਫੀ ਮੰਗ ਰਹੇ ਹੋ, ਤਾਂ ਉਨ੍ਹਾਂ ਕਿਹਾ ਕਿ ਇਹ ਮੈਨੂੰ ਨਹੀਂ ਪਤਾ। ਇਸ ਬਾਰੇ ਤਾਂ ਅੰਦਰ ਜਾ ਕੇ ਹੀ ਪਤਾ ਲੱਗੇਗਾ।

ਜਦਕਿ ਸੱਚਾਈ ਇਹ ਹੈ ਕਿ ਅਕਾਲ ਤਖ਼ਤ ਸਾਹਿਬ ‘ਤੇ ਮਾਫੀ ਮੰਗਣ ਦੀ ਮਰਿਆਦਾ ਹੈ ਕਿ ਤੁਹਾਨੂੰ ਪਹਿਲਾਂ ਉੱਥੇ ਲਿਖ ਕੇ ਇਹ ਮੰਨਣਾ ਹੋਵੇਗਾ ਕਿ ਤੁਸੀ ਕੀ ਭੁੱਲ ਕੀਤੀ ਹੈ ਉਸ ਤੋਂ ਬਾਅਦ ਪੰਜਾ ਤਖ਼ਤਾਂ ਦੇ ਜਥੇਦਾਰ ਆਪਸ ਵਿੱਚ ਫੈਸਲਾ ਕਰਦੇ ਹਨ, ਤੇ ਫਿਰ ਗੁਨਾਹਗਾਰ ਨੂੰ ਅਕਾਲ ਤਖ਼ਤ ਸਾਹਿਬ ‘ਤੇ ਬੁਲਾਇਆ ਜਾਂਦਾ ਹੈ। ਚਰਚਾ ਹੈ ਕਿ ਹੁਣ ਜਾਂ ਤਾਂ ਅਵਤਾਰ ਸਿੰਘ ਹਿੱਤ ਝੂਠ ਬੋਲ ਗਏ ਹਨ, ਤੇ ਜਾਂ ਫਿਰ ਉਨ੍ਹਾਂ ਦੇ ਮਾਮਲੇ ‘ਚ ਖਾਸ ਢਿੱਲ ਦੇ ਦਿੱਤੀ ਗਈ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਜਦੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕੀਤਾ ਗਿਆ ਸੀ ਤਾਂ ਇਸ ਮੌਕੇ ਗੁਰਦੁਆਰਾ ਸ਼੍ਰੀ ਸੀਤਲਕੁੰਡ ਦੀ ਇਮਾਰਤ ਦਾ ਨੀਂਹ ਪੱਥਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਰੱਖਿਆ ਗਿਆ ਸੀ । ਇਸ ਦੌਰਾਨ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਦੇ ਪ੍ਰਬੰਧਕ ਤੇ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਮੌਜੂਦਗੀ ‘ਚ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਨ ਲਈ ਸਿੱਖ ਧਰਮ ਦੀ ਅਰਦਾਸ ਦੇ ਅੰਦਰਲੇ ਸ਼ਬਦ ਵਰਤੇ ਸਨ। ਜਿਸ ਦੀ ਚਾਰੇ ਪਾਸੇ ਘੋਰ ਨਿੰਦਾ ਹੋਈ ਸੀ। ਇਸ ਤੋਂ ਬਾਅਦ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਵਤਾਰ ਸਿੰਘ ਹਿੱਤ ਨੂੰ ਅੱਜ ਦੇ ਦਿਨ 28 ਜਨਵਰੀ 2019 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਹੋਣ ਦੇ ਹੁਕਮ ਦਿੱਤੇ ਹਨ।

ਇਸ ਨੂੰ ਫੂਲਕਾ ਦੇ ਮਿਹਣਿਆਂ ਦਾ ਅਸਰ ਕਹੀਏ ਜਾਂ ਚੋਣਾ ਦੇ ਇਸ ਮੌਸਮ ਵਿੱਚ ਕੁਝ ਹੋਰ, ਪਰ ਇੰਨਾਂ ਸਪਸ਼ਟ ਹੈ ਕਿ ਉਸ ਤੋਂ ਬਾਅਦ ਜਾਗੀ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸੁਧਾਰਾਂ ਵੱਲ ਕਦਮ ਵਧਾ ਦਿੱਤੇ ਹਨ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਹੁਣ ਤਕ ਅਕਾਲੀਆਂ ਦੇ ਹੱਥਾਂ ਦੀ ਕਠਪੁਤਲੀ ਹੋਣ ਦੇ ਦੋਸ਼ ਲੱਗਦੇ ਆਏ ਨੇ, ਉਹ ਹੁਣ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਧੋਣ ਲਈ ਅੱਡੀ ਚੋਟੀ ਦਾ ਪੂਰਾ ਜ਼ੋਰ ਲਾ ਰਹੀ ਹੈ। ਮੀਡੀਆ ਭਰਿਆ ਹੋਇਆ ਹੈ ਉਨ੍ਹਾਂ ਰਿਪੋਰਟਾਂ ਨਾਲ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਹੁਣ ਤੱਕ ਐਸਜੀਪੀਸੀ ਨੂੰ ਜਿਹੜਾ ਵੀ ਫੈਸਲਾ ਲੈਣਾ ਹੁੰਦਾ ਸੀ, ਉਸ ਸਬੰਧੀ ਪਹਿਲਾਂ ਅਕਾਲੀ ਲੀਡਰਾਂ ਦੀ ਸਹਿਮਤੀ ਲੈਣੀ ਜਰੂਰੀ ਹੁੰਦੀ ਸੀ, ਪਰ ਹੁਣ ਉਹ ਰਣਨੀਤੀ ‘ਚ ਕੁਝ ਤਬਦੀਲੀ ਹੋਈ ਜਾਪਦੀ ਹੈ। ਦੇਖਣ ਨੂੰ ਵੀ ਲੱਗਦਾ ਹੈ ਕਿ ਹੁਣ ਅਜਿਹਾ ਨਹੀਂ ਹੈ। ਹਾਲਾਤ ਇਹ ਹਨ ਕਿ ਹੁਣ ਜੇਕਰ ਕੋਈ ਅਕਾਲੀ ਲੀਡਰ ਸਿੱਖ ਮਰਿਆਦਾ ਵਿਰੁੱਧ ਕੁਝ ਵੀ ਬੋਲਦਾ ਹੈ ਤਾਂ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਹੋਣ ਲੱਗ ਪਏ ਨੇ, ਫਿਰ ਭਾਂਵੇ ਉਹ ਪੁਰਾਣੇ ਮਾਮਲੇ ਹੋਣ ਜਾ ਨਵੇਂ।

ਇਹ ਸਭ ਕਿਸੇ ਭੈਅ ਕਾਰਨ ਕੀਤਾ ਗਿਆ ਹੈ, ਜਾਂ ਐਸਜੀਪੀਸੀ ‘ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਹੈ ਇਹ ਤਾਂ ਸ਼੍ਰੋਮਣੀ ਕਮੇਟੀ ਵਾਲੇ ਜਾਨਣ ਜਾਂ ਜਥੇਦਾਰ, ਪਰ ਇੰਨਾ ਜਰੂਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਕਦਮ ਨੇ ਸਿੱਖ ਪੰਥ ਦਾ ਧਿਆਨ ਆਪਣੇ ਵੱਲ ਜਰੂਰ ਖਿੱਚਿਆ ਹੈ।

Check Also

ਸਰਕਾਰ ਵਪਾਰੀ ਮਿਲਣੀ ਚ ਮਿਲੀ ਫੀਡਬੈਕ ਤੋਂ ਬਾਅਦ ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ

ਨਿਊਜ ਡੈਸਕ- ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ …

Leave a Reply

Your email address will not be published. Required fields are marked *