ਡੇਰਾ ਸਿਰਸਾ ਦੀ ਚੇਅਰਪਰਸਨ ਨੂੰ ਹੁਣ SIT ਭੇਜੇਗੀ ਅੰਤਿਮ ਸੰਮਨ, ਪੇਸ਼ ਨਾਂ ਹੋਈ ਤਾਂ ਹੋਵੇਗੀ ਸਖਤ ਕਾਰਵਾਈ

TeamGlobalPunjab
2 Min Read

ਲੁਧਿਆਣਾ: ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸਾਲ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਪਾਵਨ ਸਰੂਪ ਦੇ ਮਾਮਲੇ ਨੂੰ ਲੈ ਕੇ ਅੱਜ ਐਸਆਈਟੀ ਵੱਲੋਂ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਪ੍ਰਬੰਧਕ ਪੀਆਰ ਨੈਨ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ, ਪਰ ਇਨ੍ਹਾਂ ਦੋਵਾਂ ਵਿਚੋਂ ਕੋਈ ਵੀ ਐਸਆਈਟੀ ਅੱਗੇ ਪੇਸ਼ ਨਹੀਂ ਹੋਇਆ। ਜਿਸ ਸਬੰਧੀ ਐੱਸਆਈਟੀ ਦੇ ਮੁਖੀ ਆਈਜੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਹੁਣ ਅਗਲੇ ਸ਼ੁੱਕਰਵਾਰ ਪੇਸ਼ ਹੋਣ ਲਈ ਇਨ੍ਹਾਂ ਨੂੰ ਤੀਸਰਾ ਤੇ ਆਖਰੀ ਸੰਮਨ ਭੇਜਿਆ ਜਾਵੇਗਾ ਤੇ ਜੇ ਇਸ ਤੋਂ ਬਾਅਦ ਵੀ ਉਹ ਪੇਸ਼ ਨਹੀਂ ਹੋਏ ਤਾਂ ਇਹਨਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਐਸਆਈਟੀ ਮੁੱਖੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਮਾਮਲਾ ਬੁਰਜ ਜਵਾਹਰ ਸਿੰਘ ਵਾਲਾ ਦਾ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਸਆਈਟੀ ਵੱਲੋਂ 9 ਨਵੰਬਰ ਨੂੰ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ ਗਈ ਸੀ, ਉਦੋਂ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਸਿਰਫ਼ ਸਤਿਸੰਗ ਚ ਹੀ ਹਿੱਸਾ ਲੈਂਦੇ ਸਨ ਬਾਕੀ ਡੇਰੇ ਦੇ ਫੈਸਲੇ ਪ੍ਰਬੰਧਕਾਂ ਵੱਲੋਂ ਹੀ ਤੈਅ ਕੀਤੇ ਜਾਂਦੇ ਰਹੇ ਨੇ ਜਿਸ ਕਰਕੇ ਹੁਣ ਐਸਆਈਟੀ ਵੱਲੋਂ ਇਨ੍ਹਾਂ ਦੋਵਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।

ਆਈਜੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਪੀ ਆਰ ਨੈਨ ਨੇ ਤਾਂ ਮੈਡੀਕਲ ਭੇਜ ਕੇ ਆਪਣੇ ਠੀਕ ਨਾਂ ਹੋਣ ਦਾ ਹਵਾਲਾ ਦਿੱਤਾ ਜਦੋਂ ਕਿ ਵਿਪਾਸਨਾ ਵੱਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਜਾਂਚ ਕਦੋਂ ਤੱਕ ਪੂਰੀ ਹੋ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕੋਈ ਭਵਿੱਖਬਾਣੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਾਂਚ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ।

ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਜਾਂਚ ਮੁਕੰਮਲ ਕਰਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਜਾਂਚ ਕੱਲ੍ਹ ਹੀ ਪੂਰੀ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਦਬਾਅ ਜਾਂਚ ਜਲਦ ਕਰਨ ਲਈ ਨਹੀਂ ਪਾ ਸਕਦੀ।

- Advertisement -

Share this Article
Leave a comment