ਆਹ ਚੱਕੋ! ਫੂਲਕਾ ਦੇ ਮਿਹਣਿਆਂ ਦਾ ਅਸਰ! ਪੜ੍ਹੋ ਤੇ ਫੈਸਲਾ ਕਰੋ, ਜਥੇਦਾਰ ਅਕਾਲ ਤਖ਼ਤ ਨੇ ਧਿਆਨ ਤਾਂ ਖਿਚਿਐ, ਪਰ..?

Prabhjot Kaur
3 Min Read

ਅੰਮ੍ਰਿਤਸਰ : ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਹੁਣ ਤਕ ਅਕਾਲੀਆਂ ਦੇ ਹੱਥਾਂ ਦੀ ਕਠਪੁਤਲੀ ਹੋਣ ਦੇ ਦੋਸ਼ ਲੱਗਦੇ ਆਏ ਨੇ, ਇੰਝ ਜਾਪਦਾ ਹੈ ਜਿਵੇਂ ਅੱਜ ਉਹ ਕਮੇਟੀ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਧੋਣ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਮੀਡੀਆ ਭਰਿਆ ਹੋਇਆ ਹੈ ਉਨ੍ਹਾਂ ਰਿਪੋਰਟਾਂ ਨਾਲ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਹੁਣ ਤੱਕ ਐਸਜੀਪੀਸੀ ਨੂੰ ਜਿਹੜਾ ਵੀ ਫੈਸਲਾ ਲੈਣਾ ਹੁੰਦਾ ਸੀ ਪਹਿਲਾਂ ਅਕਾਲੀ ਲੀਡਰਾਂ ਦੀ ਸਹਿਮਤੀ ਲੈਣੀ ਜਰੂਰੀ ਸੀ, ਪਰ ਹੁਣ ਉਹ ਰਣਨੀਤੀ ਕੁਝ ਬਦਲੀ ਹੋਈ ਜਾਪਦੀ ਹੈ। ਦੇਖਣ ਨੂੰ ਵੀ ਲੱਗਦਾ ਹੈ ਕਿ ਹੁਣ ਅਜਿਹਾ ਨਹੀਂ ਹੈ। ਹਾਲਤ ਇਹ ਹਨ ਕਿ ਹੁਣ ਜੇਕਰ ਕੋਈ ਅਕਾਲੀ ਲੀਡਰ ਸਿੱਖ ਮਰਿਆਦਾ ਵਿਰੁੱਧ ਕੁਝ ਵੀ ਬੋਲਦਾ ਹੈ ਤਾਂ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਹੋਣ ਲੱਗ ਪਏ ਨੇ, ਫਿਰ ਭਾਂਵੇ ਉਹ ਪੁਰਾਣੇ ਮਾਮਲੇ ਹੋਣ ਜਾ ਨਵੇਂ । ਜੀ ਹਾਂ ! ਇਹੋ ਹੋਇਐ, ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਕਾਲੀ ਲੀਡਰ ਅਵਤਾਰ ਸਿੰਘ ਹਿੱਤ ਨਾਲ ।  ਜਿੰਨਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਸਿੱਖ ਧਰਮ ਦੀ ਅਰਦਾਸ ਦੇ ਸ਼ਬਦ ਵਰਤੇ ਸਨ । ਪਤਾ ਲੱਗਦੀਆਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗਲਤੀ ਲਈ ਅਵਤਾਰ ਸਿੰਘ ਹਿੱਤ ਨੂੰ 28 ਜਨਵਰੀ ਵਾਲੇ ਦਿਨ ਤਲਬ ਕਰ ਲਿਆ ਹੈ ।

ਦੱਸ ਦਈਏ ਕਿ ਬੀਤੇ ਦਿਨੀਂ ਜਦੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕੀਤਾ ਗਿਆ ਸੀ ਤਾਂ ਇਸ ਮੌਕੇ ਗੁਰਦੁਆਰਾ ਸ਼੍ਰੀ ਸੀਤਲਕੁੰਡ ਦੀ ਇਮਾਰਤ ਦਾ ਨੀਂਹ ਪੱਥਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਰੱਖਿਆ ਗਿਆ ਸੀ । ਇਸ ਦੌਰਾਨ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਦੇ ਪ੍ਰਬੰਧਕ ਤੇ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਮੌਜੂਦਗੀ ‘ਚ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਨ ਲਈ ਸਿੱਖ ਧਰਮ ਦੀ ਅਰਦਾਸ ਦੇ ਅੰਦਰਲੇ ਸ਼ਬਦ ਵਰਤੇ ਸਨ। ਜਿਸ ਦੀ ਚਾਰੇ ਪਾਸੇ ਘੋਰ ਨਿੰਦਾ ਕੀਤੀ ਗਈ ਸੀ। ਇਸ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਵਤਾਰ ਸਿੰਘ ਹਿੱਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਹੋਣ ਦੇ ਹੁਕਮ ਦਿੱਤੇ ਹਨ। ਹੁਣ ਫੂਲਕਾ ਦੇ ਮਿਹਣਿਆਂ ਤੋਂ ਬਾਅਦ ਜਾਗੀ ਸ਼੍ਰੋਮਣੀ ਕਮੇਟੀ ਵਲੋਂ ਇਹ ਸਭ ਸਿੱਖ ਸੁਧਾਰਾਂ ਵੱਲ ਕਦਮ ਵਧਾ ਕੇ ਕਿਤੈ, ਕਿਸੇ ਭੈਅ ਕਾਰਨ ਕਿਤੈ ਜਾਂ ਐਸਜੀਪੀਸੀ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਹੈ ਇਹ ਤਾਂ ਸ਼੍ਰੋਮਣੀ ਕਮੇਟੀ ਵਾਲੇ ਜਾਨਣ ਜਾਂ ਜਥੇਦਾਰ, ਪਰ ਇੰਨਾ ਜਰੂਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਕਦਮ ਨੇ ਸਿੱਖ ਪੰਥ ਦਾ ਧਿਆਨ ਆਪਣੇ ਵੱਲ ਜਰੂਰ ਖਿੱਚਿਆ ਹੈ।

Share this Article
Leave a comment