ਆਸਟ੍ਰੇਲੀਆ ‘ਚ ਪੰਜਾਬੀਆਂ ਨੂੰ ਮਿਲਿਆ ਪਹਿਲਾ ਸਿੱਖ ਸੰਸਦ ਮੈਂਬਰ

Prabhjot Kaur
1 Min Read

ਸਿਡਨੀ : ਆਸਟ੍ਰੇਲੀਆ ‘ਚ ਹੋਈਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਵਿਚ ਸਾਊਥ ਵੇਲਸ ਤੋਂ ਗੁਰਮੇਸ਼ ਸਿੰਘ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਗੁਰਮੇਸ਼ ਸਿੰਘ ਮੂਲ ਰੂਪ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਭੰਗਲਾਂ ਦੇ ਵਸਨੀਕ ਹਨ। ਆਸਟ੍ਰੇਲੀਆ ਦੀ ਨੈਸ਼ਨਲ ਪਾਰਟੀ ਨੇ 28 ਸਾਲ ਤਕ ਸੰਸਦ ਮੈਂਬਰ ਰਹੇ ਐਂਡ੍ਰਿਊ ਫ੍ਰੇਜ਼ਰ ਤੋਂ ਬਾਅਦ ਗੁਰਮੇਸ਼ ਸਿੰਘ ਨੂੰ ਸਾਊਥ ਵੇਲਸ ਸੀਟ ਤੋਂ ਚੋਣ ਮੈਦਾਨ ‘ਚ ਉਤਾਰਿਆ ਸੀ। ਇਸ ਦੌਰਾਨ ਕੁੱਲ 41,581 ਵੋਟਾਂ ਵਿਚੋਂ ਗੁਰਮੇਸ਼ ਨੂੰ 18,172 ਵੋਟਾਂ ਪਈਆਂ, ਜਦਕਿ ਬਾਕੀ ਵੋਟਾਂ ਸੱਤ ਹੋਰ ਉਮੀਦਵਾਰਾਂ ਵਿਚ ਵੰਡੀਆਂ ਗਈਆਂ।

ਜ਼ਿਕਰਯੋਗ ਹੈ ਕਿ ਐਂਡ੍ਰਿਊ ਦੇ ਰਾਜਨੀਤੀ ਤੋਂ ਸੰਨਿਆਸ ਲਏ ਜਾਣ ਤੋਂ ਬਾਅਦ ਹੀ ਇਸ ਸੀਟ ਤੋਂ ਗੁਰਮੇਸ਼ ਸਿੰਘ ਨੂੰ ਚੋਣ ਲੜਾਈ ਗਈ। ਇਸ ਮੌਕੇ ਗੁਰਮੇਸ਼ ਸਿੰਘ ਨੇ ਕਿਹਾ ਕਿ ਉਹ ਅਪਣੇ ਤੋਂ ਪਹਿਲਾਂ ਅਪਣੀ ਪਾਰਟੀ ਦੇ ਸੰਸਦ ਮੈਂਬਰ ਐਂਡ੍ਰਿਊ ਦੇ ਨਕਸ਼ੇ ਕਦਮ ‘ਤੇ ਚੱਲ ਕੇ ਇਲਾਕੇ ਦਾ ਵਿਕਾਸ ਕਰਵਾਉਣਗੇ।

ਗੁਰਮੇਸ਼ ਸਿੰਘ ਓਜ਼ ਸਹਿਕਾਰੀ ਗਰੁੱਪ ਦੇ ਪ੍ਰਧਾਨ ਵੀ ਹਨ। ਇਹ ਗਰੁੱਪ ਆਸਟ੍ਰੇਲੀਆ ‘ਚ ਬਲੂਬੇਰੀ ਉਗਾਉਣ ਵਾਲੇ ਸਿੱਖ ਕਿਸਾਨਾਂ ਦਾ ਇਕ ਸੰਗਠਨ ਹੈ ਅਤੇ ਆਸਟ੍ਰੇਲੀਆ ‘ਚ ਬਲੂਬੇਰੀ ਦੇ ਸਭ ਤੋਂ ਵੱਡੇ ਸਪਲਾਈਕਰਤਾਵਾਂ ‘ਚੋਂ ਇਕ ਹੈ। ਗੁਰਮੇਸ਼ ਸਿੰਘ ਦੀ ਜਿੱਤ ਨਾਲ ਆਸਟ੍ਰੇਲੀਆ ‘ਚ ਵਸਦੇ ਸਮੂਹ ਸਿੱਖ ਭਾਈਚਾਰੇ ‘ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Share this Article
Leave a comment