ਵੈਨਕੂਵਰ ਆਈਲੈਂਡ ‘ਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ, 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ

TeamGlobalPunjab
2 Min Read

ਵੈਨਕੂਵਰ: ਵੈਨਕੂਵਰ ਆਈਲੈਂਡ ਉੱਤੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਨਿੱਕੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪ੍ਰਾਈਵੇਟ ਤੌਰ ਉੱਤੇ ਰਜਿਸਟਰਡ ਬੀਚ ਜੀ 36 ਬੋਨਾਂਜ਼ਾ(Beech G36 Bonanza) ਪਲੇਨ ਸੋਮਵਾਰ ਨੂੰ ਵਿਕਟੋਰੀਆ ਤੋਂ 44 ਕਿਲੋਮੀਟਰ ਉੱਤਰ ਵੱਲ ਮਿੱਲ ਬੇਅ ਵਿੱਚ ਹੇਅਡਨ ਪਲੇਸ ਨੇੜੇ ਰਾਤੀਂ 1:25 ਵਜੇ ਹਾਦਸੇ ਦਾ ਸ਼ਿਕਾਰ ਹੋਇਆ।

ਬੀਸੀ ਦੀ ਐਮਰਜੰਸੀ ਹੈਲਥ ਸਰਵੀਸਿਜ਼ ਅਨੁਸਾਰ ਛੇ ਐਂਬੂਲੈਂਸਾਂ ਤੇ ਦੋ ਏਅਰ ਐਂਬੂਲੈਂਸਾਂ ਮੌਕੇ ਉੱਤੇ ਭੇਜੀਆਂ ਗਈਆਂ। ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਪਰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਐਮਰਜੰਸੀ ਸਰਵੀਸਿਜ਼ ਅਨੁਸਾਰ ਦੂਜੇ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਮਿੱਲ ਬੇਅ ਵਾਸੀ ਥੌਮਸ ਰੌਏ ਹੌਰਟਨ ਰੋਡ ਤੇ ਹੇਡਨ ਪਲੇਸ ਇਲਾਕੇ ਵਿੱਚ ਮੌਕੇ ਉੱਤੇ ਹੀ ਮੌਜੂਦ ਸੀ। ਉਸ ਨੇ ਦੱਸਿਆ ਕਿ 1:30 ਵਜੇ ਦੇ ਨੇੜੇ ਤੇੜੇ ਉਹ ਆਪਣੇ ਘਰ ਪਹੁੰਚਿਆ ਤੇ ਉਸ ਨੇ ਐਂਬੂਲੈਂਸ ਤੇ ਫਾਇਰ ਡਿਪਾਰਟਮੈਂਟ ਨੂੰ ਹਾਦਸੇ ਵਾਲੀ ਥਾਂ ਉੱਤੇ ਵੇਖਿਆ। ਉਸ ਨੇ ਕਿਹਾ ਕਿ  ਜਹਾਜ਼ ਵਿੱਚ ਦੋ ਲੋਕ ਸਵਾਰ ਸਨ।

ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ (ਟੀਐਸਬੀ) ਦੇ ਦੱਸਣ ਮੁਤਾਬਕ ਜਹਾਜ਼ ਸੈਸ਼ੈਲ ਤੋਂ ਵਿਕਟੋਰੀਆ ਜਾ ਰਿਹਾ ਸੀ। ਟੀਐਸਬੀ ਦਾ ਕਹਿਣਾ ਹੈ ਕਿ ਉਹ ਹਾਦਸੇ ਦੀ ਜਾਂਚ ਲਈ ਜਾਂਚਕਾਰ ਨਿਯੁਕਤ ਨਹੀਂ ਕਰ ਰਹੀ ਪਰ ਜਾਣਕਾਰੀ ਇੱਕਠੀ ਕਰਨ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਵਿਕਟੋਰੀਆ ਏਅਰਪੋਰਟ ਅਥਾਰਟੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਜਹਾਜ਼ ਵਿਕਟੋਰੀਆ ਏਅਰਪੋਰਟ ਉੱਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇਹ ਹਾਦਸਾਗ੍ਰਸਤ ਹੋ ਗਿਆ।

Share this Article
Leave a comment