ਕੈਨੇਡਾ ਵਿਖੇ ਲੁੱਟ-ਖੋਹਾਂ ਦੇ ਮਾਮਲੇ ‘ਚ 17 ਤੇ 19 ਸਾਲਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਦੋਸ਼ ਆਇਦ

TeamGlobalPunjab
2 Min Read

ਬਰੈਂਪਟਨ : ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਖ਼ਿਲਾਫ਼ ਲੁੱਟ-ਖੋਹਾਂ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 19 ਸਾਲ ਦੇ ਸਾਹਿਬਦੀਪ ਸਿੰਘ ਖਿਲਾਫ ਲੁੱਟ-ਖੋਹਾਂ ਕਰਨ ਦੇ 12 ਦੋਸ਼ ਆਇਦ ਕੀਤੇ ਗਏ ਹਨ ਜਦਕਿ ਇਕ ਹੋਰ 17 ਸਾਲ ਦੇ ਪੰਜਾਬੀ ਮੂਲ ਦੇ ਨੌਜਵਾਨ ਨੂੰ ਵੀ ਚਾਰਜ ਕੀਤਾ ਗਿਆ, ਜਿਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

ਇਸ ਸਬੰਧੀ ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ 23 ਜੁਲਾਈ ਤੋਂ 4 ਅਗਸਤ ਵਿਚਾਲੇ ਬਰੈਂਪਟਨ ਦੇ ਪੰਜ ਸਟੋਰਾਂ ‘ਚ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਈਆਂ, ਜਦਕਿ ਕਾਰ ਕਾਰ ਖੋਹਣ ਦੇ ਚਾਰ ਮਾਮਲੇ ਰਿਪੋਰਟ ਕੀਤੇ ਗਏ। ਪੁਲਿਸ ਮੁਤਾਬਕ ਇਨ੍ਹਾਂ ਸਾਰੀਆਂ ਵਾਰਦਾਤਾਂ ਦੌਰਾਨ ਸ਼ੱਕੀ ਛੁਰੇ ਅਤੇ ਨਕਲੀ ਪਿਸਤੌਲ ਨਾਲ ਲੈਸ ਸਨ।

ਯਾਰਕ ਰੀਜਨਲ ਪੁਲਿਸ, ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਅਤੇ ਟੋਰਾਂਟੋ ਪੁਲਿਸ ਦੇ ਸਹਿਯੋਗ ਨਾਲ ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਦੋ ਸ਼ੱਕੀਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਨੂੰ 5 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲੁੱਟ-ਖੋਹਾਂ ਦੀਆਂ ਵਾਰਦਾਤਾਂ ‘ਚ ਤੀਜਾ ਵਿਅਕਤੀ ਵੀ ਸ਼ਾਮਲ ਸੀ ਜੋ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।

ਪੁਲੀਸ ਨੇ ਦੱਸਿਆ ਕਿ ਤਲਾਸ਼ੀ ਵਾਰੰਟ ਦੇ ਆਧਾਰ ‘ਤੇ ਬਰੈਂਪਟਨ ਦੇ ਦੋ ਮਕਾਨਾਂ ‘ਚ ਛਾਪਾ ਮਾਰਿਆ ਗਿਆ। ਜਿੱਥੇ ਲੁੱਟ-ਖੋਹ ਦੀਆਂ ਵਾਰਦਾਤਾਂ ਨਾਲ ਸਬੰਧਤ ਕਈ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਮੁਤਾਬਕ ਸਾਹਿਬਦੀਪ ਸਿੰਘ ਵਿਰੁੱਧ ਪਿਛਲੇ ਸਾਲ ਵੀ ਲੁੱਟ ਖੋਹ ਦੇ ਦੋਸ਼ ਲੱਗੇ ਸਨ ਅਤੇ ਉਹ ਜ਼ਮਾਨਤ ਤੇ ਚੱਲ ਰਿਹਾ ਸੀ। ਦੂਜੇ ਪਾਸੇ 17 ਸਾਲਾ ਨੌਜਵਾਨ ‘ਤੇ ਵੀ ਲੁੱਟ-ਖੋਹ ਦੇ ਬਾਰਾਂ ਦੋਸ਼ ਆਇਦ ਕੀਤੇ ਗਏ ਹਨ, ਜਦਕਿ ਨਕਲੀ ਹਥਿਆਰ ਦੀ ਵਰਤੋਂ ਕਰਨ ਅਤੇ ਹਮਲਾ ਕਰਨ ਦੇ ਦੋਸ਼ ਵੱਖ ਤੋਂ ਆਇਦ ਕੀਤੇ ਗਏ ਹਨ।

- Advertisement -

Share this Article
Leave a comment