ਆਪ ਦੋਸ਼ਾਂ ‘ਚ ਘਿਰੀ ਅਕਾਲੀ ਦਲ, ਕੇਂਦਰ ‘ਤੇ ਦਬਾਅ ਪਾ ਰਹੀ ਹੈ, ਜਲ੍ਹਿਆਂਵਾਲੇ ਬਾਗ਼ ਕਾਂਡ ਲਈ ਬਰਤਾਨੀਆ ਤੋਂ ਮਾਫੀ ਮੰਗਵਾਉਣ ਲਈ !

Prabhjot Kaur
2 Min Read

ਨਵੀ ਦਿੱਲੀ : ਸ਼੍ਰੋਮਣੀ ਅਕਾਲੀ ਦਲ ਆਪ ਭਾਵੇਂ ਬੇਅਦਬੀ ਕਾਂਡ ਦੀਆਂ ਘਟਨਾਂਵਾਂ ਤੋਂ ਬਾਅਦ ਪੁਲਿਸ ਦੀ ਗੋਲੀ ਦਾ  ਸ਼ਿਕਾਰ ਹੋ ਕੇ ਮਾਰੇ, ਅਤੇ ਜ਼ਖਮੀ ਹੋਏ ਸਿੰਘਾਂ ਦੇ ਮਾਮਲਿਆਂ ਵਿੱਚ ਜਿੰਨਾਂ ਮਰਜ਼ੀ ਘਿਰੀ ਹੋਵੇ, ਪਰ ਇਸ ਦੇ ਬਾਵਜੂਦ ਪਾਰਟੀ ਦੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ, ਪਾਰਲੀਮੈਂਟ ਦੇ ਲੋਕ ਸਭਾ ਸਦਨ ‘ਚ ਸਿਫਰ ਕਾਲ ਦੌਰਾਨ ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ ਸਰਕਾਰ ਵੱਲੋਂ ਜਿਲ੍ਹਿਆਂਵਾਲੇ ਬਾਗ਼ ‘ਚ ਗੋਲੀਆਂ ਮਾਰ ਕੇ ਨਿਹੱਥੇ ਲੋਕਾਂ ਨੂੰ ਮਾਰ ਦੇਣ ਦਾ ਮੁੱਦਾ ਉਠਾਉਣੋ ਸੰਕੋਚ ਨਹੀਂ ਕੀਤਾ। ਚੰਦੂਮਾਜਰਾ ਨੇ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬਰਤਾਨੀਆਂ ‘ਤੇ ਇਹ ਦਬਾਅ ਪਾਵੇ ਕਿ ਉਹ ਜਿਲ੍ਹਿਆਂਵਾਲੇ ਬਾਗ਼ ਵਿੱਚ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮਾਰ ਮੁਕਾਉਣ ਦੇ ਮੁੱਦੇ ‘ਤੇ ਜਨਤਕ ਤੌਰ ‘ਤੇ ਮਾਫ਼ੀ ਮੰਗੇ। ਇਸ ਮੌਕੇ ਚੰਦੂਮਾਜਰਾ ਨੇ ਜਿਲ੍ਹਿਆਂਵਾਲੇ ਬਾਗ਼ ਦੀ ਸਤਾਬਦੀ ਮਨਾਉਣ ਸਬੰਧੀ ਰੱਖੇ ਗਏ ਸਮਾਗਮ ਲਈ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ।

ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿਲ੍ਹਿਆਂਵਾਲੇ ਬਾਗ਼ ਦੇ ਸ਼ਹੀਦੀ ਸਾਕੇ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦ ਉਧਮ ਸਿੰਘ ਨੇ ਇਸ ਕਤਲੇਆਮ ਦਾ ਬਦਲਾ ਬਰਤਾਨੀਆਂ ‘ਚ ਜਾ ਕੇ ਲਿਆ, ਜਿੱਥੇ ਉਨ੍ਹਾਂ ਨੇ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਤੇ ਇਹ ਇੱਕ ਅਜਿਹਾ ਸੱਚ ਹੈ ਜਿਹੜਾ ਜੇਕਰ ਬਰਤਾਨੀਆਂ ਦੇ ਲੋਕ ਆਪਣੇ ਦੇਸ਼ ਅੰਦਰ ਆਪਣੇ ਅੱਖੀਂ ਅਫਸਰ ਦਾ ਡੁੱਲ੍ਹਿਆ ਖੂਨ ਨਾ ਦੇਖਦੇ ਤਾਂ ਉਨ੍ਹਾਂ ਨੂੰ ਜਿਲ੍ਹਿਆਂਵਾਲੇ ਬਾਗ਼ ਅੰਦਰ ਸੈਂਕੜੇ ਭਾਰਤੀਆਂ ਦਾ ਖੂਨ ਕਦੇ ਯਾਦ ਨਹੀਂ ਸੀ ਆਉਣਾ ਤੇ ਸ਼ਾਇਦ ਆਉਂਦੀ ਇੱਕ ਹੋਰ ਸਤਾਬਦੀ ਤੱਕ ਹਿੰਦੁਸਤਾਨੀਆਂ ਨੂੰ ਗੋਰੀ ਸਰਕਾਰ ਦੇ ਜੁਲਮ ਸਹਿਣੇ ਪੈਂਦੇ।

ਚੰਦੂਮਾਜਰਾ ਅਨੁਸਾਰ ਸ਼ਹੀਦ ਉਧਮ ਸਿੰਘ ਨੇ ਇਸ ਕਾਂਡ ਦਾ ਬਦਲਾ ਲੈ ਕੇ ਭਾਰਤੀਆਂ ਤੇ ਖਾਸ ਕਰ ਪੰਜਾਬੀਆਂ ਦਾ ਸੀਨਾਂ ਚੌੜਾ ਕੀਤਾ ਹੈ। ਇੱਥੇ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜ਼ਨਾਥ ਸਿੰਘ ਦਾ ਜਿਲ੍ਹਿਆਂਵਾਲੇ ਬਾਗ਼ ਅੰਦਰ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਉਣ ‘ਤੇ ਧੰਨਵਾਦ ਕੀਤਾ, ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸੈਂਟਰਲ ਹਾਲ ਅੰਦਰ ਵੀ ਸ਼ਹੀਦ ਊਧਮ ਸਿੰਘ ਦੀ ਤਸਵੀਰ ਲਾਈ ਜਾਵੇ।

Share this Article
Leave a comment