ਸੰਗਰੂਰ : ਲੋਕ ਸਭਾ ਚੋਣਾਂ ਨੇੜੇ ਹਨ ਤੇ ਇੰਝ ਜਾਪਦਾ ਹੈ ਜਿਵੇਂ ਸ਼ਰਾਬੀ ਵਾਲਾ ਟੈਗ ਭਗਵੰਤ ਮਾਨ ਦਾ ਪਿੱਛੇ ਦੌੜਦਾ ਹੀ ਚਲਾ ਜਾ ਰਿਹਾ ਹੈ। ਭਾਵੇਂ ਕਿ ਕੇਜ਼ਰੀਵਾਲ ਨੇ ਵੀ ਬਰਨਾਲਾ ਵਿਖੇ ਇੱਕ ਵੱਡੀ ਸਾਰੀ ਰੈਲੀ ਕਰਕੇ ਭਗਵੰਤ ਮਾਨ ਤੋਂ ਸ਼ਰਾਬੀ ਵਾਲਾ ਇਹ ਟੈਗ ਲਾਹ ਕੇ ਸੁੱਟਣ ਲਈ ਭਰਪੂਰ ਯਤਨ ਕੀਤੇ ਤੇ ‘ਆਪ’ ਸੁਪਰੀਮੋਂ ਵੱਲੋਂ ਉੱਥੇ ਦਿੱਤੇ ਭਾਸ਼ਣ ਵਿੱਚ ਮਾਨ ਦੀ ਸ਼ਰਾਬ ਛੱਡਣ ਨੂੰ ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਪ੍ਰਾਪਤੀ ਦੱਸਿਆ ਸੀ ਪਰ ਇਸ ਦੇ ਬਾਵਜੂਦ ਮੀਡੀਆ ਨੇ ਇਸ ਮੁੱਦੇ ਨੂੰ ਇੰਨਾਂ ਉਛਾਲ ਦਿੱਤਾ ਕਿ ਅੱਜ ਵੀ ਉਹ ਜਿੱਥੇ ਜਾਂਦੇ ਹਨ ਪੱਤਰਕਾਰ ਉਨ੍ਹਾਂ ਦੀ ਸ਼ਰਾਬ ਪੀਣ ਤੇ ਸਵਾਲ ਜਰੂਰ ਕਰਦੇ ਹਨ। ਇਹੋ ਜਿਹਾ ਹੀ ਸਵਾਲ ਜਦੋਂ ਮਾਨ ਨੂੰ ਸੰਗਰੂਰ ਦੇ ਪੱਤਰਕਾਰਾਂ ਨੇ ਵੀ ਕੀਤਾ ਤਾਂ ਮਾਨ ਇਸ ਬੁਰੀ ਤਰ੍ਹਾਂ ਚਿੜ ਗਏ ਕਿ ਉਨ੍ਹਾਂ ਕੈਮਰੇ ਅੱਗੇ ਇਹ ਕਹਿ ਦਿੱਤਾ ਕਿ, ”ਮੈਂ ਸ਼ਰਾਬ ਪੀਂਦਾ ਰਿਹਾ ਹਾਂ ਬਾਦਲਾਂ ਤੇ ਕੈਪਟਨ ਵਾਂਗ ਲੋਕਾਂ ਦਾ ਖੂਨ ਨਹੀਂ ਪੀਤਾ”।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸ਼ਰਾਬ ਤਾਂ ਛੱਡੀ ਸੀ ਕਿਉਂਕਿ ਕੈਪਟਨ, ਸੁਖਬੀਰ ਤੇ ਮਜੀਠੀਏ ਵਰਗੇ ਲੋਕ ਉਨ੍ਹਾਂ ਨੂੰ ਬਿਨਾਂ ਵਜਾ ਬਦਨਾਮ ਕਰਦੇ ਸੀ ਤੇ ਉਨ੍ਹਾਂ ਵੱਲੋਂ ਕੀਤੇ ਚੰਗੇ ਕੰਮਾਂ ‘ਤੇ ਪਰਦਾ ਪਾ ਕੇ ਇੱਕੋ ਗੱਲ ਦੁਹਰਾਉਂਦੇ ਰਹਿੰਦੇ ਸਨ ਕਿ ਭਗਵੰਤ ਮਾਨ ਤਾਂ ਸ਼ਰਾਬੀ ਹੈ, ਐਬੀ ਹੈ। ਭਗਵੰਤ ਮਾਨ ਨੇ ਕਿਹਾ ਕਿ ਮੈਂ ਇੰਨੀ ਵੀ ਨਹੀਂ ਪੀਂਦਾ ਤੇ ਜੇਕਰ ਪੀਂਦਾ ਵੀ ਸੀ ਤਾਂ ਆਪਣੀ ਪੀਂਦਾ ਸੀ ਤੇ ਘੱਟੋ ਘੱਟ ਬਾਦਲਾਂ ਤੇ ਕੈਪਟਨ ਵਾਂਗ ਲੋਕਾਂ ਦਾ ਖੂਨ ਨਹੀਂ ਪੀਂਦਾ ਸੀ। ਉਨ੍ਹਾਂ ਕਿਹਾ ਕਿ ਜੇ ਇਸ ਕਮੀ ਕਾਰਨ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਨੂੰ ਫਰਕ ਪੈਦਾ ਹੈ ਤਾਂ ਉਹ ਸ਼ਰਾਬ ਪੀਣਾ ਵੀ ਛੱਡਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇੱਕ ਮੰਦਬੁੱਧੀ ਇਨਸਾਨ ਹੈ ਜਿਸ ਦੀਆਂ ਗੱਲਾਂ ਨੂੰ ਪੱਤਰਕਾਰਾਂ ਵੱਲੋਂ ਬਹੁਤੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਸੁਖਬੀਰ ਬਾਦਲ ਵਰਗੇ ਲੋਕ ਜਿਹੜੇ ਅੱਜ ਇਹ ਦਬਕੇ ਮਾਰਦੇ ਫਿਰਦੇ ਨੇ ਕਿ ਜਿਹੜੇ ਅਫਸਰਾਂ ਨੇ ਅਕਾਲੀਆਂ ਤੇ ਪਰਚੇ ਦਿੱਤੇ ਹਨ ਉਨ੍ਹਾਂ ਨੂੰ ਸਰਕਾਰ ਆਉਣ ਤੇ ਸਬਕ ਸਿਖਾਇਆ ਜਾਵੇਗਾ ਉਹ ਇਹ ਸਮਝ ਲੈਣ ਕਿ ਕਾਰਵਾਈ ਤਾਂ ਉਹ ਤਾਂ ਕਰਨਗੇ ਜੇਕਰ ਉਨ੍ਹਾਂ ਦੀ ਮੁੜ ਸਰਕਾਰ ਆਵੇਗੀ । ਮਾਨ ਅਨੁਸਾਰ 25 ਸਾਲ ਰਾਜ ਕਰਨ ਦਾ ਦਾਅਬਾ ਕਰਨ ਵਾਲੇ ਲੋਕਾਂ ਨੂੰ ਪਿਛਲੀ ਵਾਰ 14 ਸੀਟਾਂ ਆ ਗਈਆਂ ਸਨ ਪਰ ਇਸ ਵਾਰ ਉਹ ਵੀ ਨਹੀਂ ਆਉਣੀਆਂ । ਉਨ੍ਹਾਂ ਕਿਹਾ ਕਿ ਉਹ ਇਹ ਸਮਝ ਲੈਣ ਕਿ ਲੋਕਸਭਾ ਚੋਣਾਂ ਨੂੰ ਦੇਖਦਿਆਂ ਇਹ ਲੋਕ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਹਨ ਪਰ ਲੋਕ ਉਨ੍ਹਾਂ ਦੀਆਂ ਗੱਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਣਗੇ।