ਨਾਭਾ : ਪੰਜਾਬ ਵਿਚ ਨਸ਼ਾ ਤਸਕਰੀ ਅਤੇ ਬੱਚੇ ਚੁੱਕਣ ਦੀਆਂ ਘਟਨਾਵਾਂ ‘ਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਤੇ ਹਾਲਾਤ ਇਹ ਹਨ ਕਿ ਕਾਂਗਰਸ ਪਾਰਟੀ ਵੱਲੋਂ ਥਾਪੇ ਗਏ ਜਿਸ ਮੁੱਖ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਸਹੁੰ ਚੁੱਕ ਕੇ ਚਾਰ ਹਫਤੇ ‘ਚ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ ਉਸ ਵੱਲੋਂ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਸੂਬੇ ਅੰਦਰੋਂ ਨਸ਼ਾ ਤਾਂ ਕੀ ਖਤਮ ਕਰਨਾ ਸੀ ਬਲਕਿ ਉਨ੍ਹਾਂ ਦੇ ਰਾਜ ਵਿੱਚ ਪੰਜਾਬ ਅੰਦਰ ਲੋਕਾਂ ਆਪਣੇ ਬੱਚੇ ਨੂੰ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਅਜਿਹੇ ਵਿੱਚ ਆਪਣੇ ਘਰ ਬਰਬਾਦ ਹੁੰਦੇ ਦੇਖ ਤੇ ਸਮੇਂ ਸਿਰ ਇਨਸਾਫ ਨਾ ਮਿਲਣ ਕਾਰਨ ਲੋਕਾਂ ਨੇ ਹੁਣ ਕਨੂੰਨ ਆਪਣੇ ਹੱਥ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਕਿਤੇ ਕਿਸੇ ਨੂੰ ਬੱਚਾ ਚੁੱਕਣ ਵਾਲਾ ਸਮਝ ਕੇ ਕੁੱਟ ਸੁੱਟਿਆ ਜਾਂਦਾ ਹੈ ਤੇ ਕਿਤੇ ਕਿਸੇ ਨੂੰ ਨਸ਼ਾ ਤਸਕਰ ਹੋਣ ਦੇ ਸ਼ੱਕ ਤਹਿਤ ਢਾਹ ਲਿਆ ਜਾਂਦਾ ਹੈ। ਫਿਰ ਭਾਵੇਂ ਅਗਲਾ ਪਿੱਟਦਾ ਹੀ ਰਹਿ ਜਾਵੇ ਕਿ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਨੂੰ ਸਾਬਤ ਕਰਦਾ ਹਾਂ ਕਿ ਮੈਂ ਬੇਕਸੂਰ ਹਾਂ ਉੱਥੇ ਉਸ ਦੀ ਕੋਈ ਨਹੀਂ ਸੁਣਦਾ ਤੇ ਜਦੋਂ ਤੱਕ ਹਾਲਾਤ ਠੰਡੇ ਹੁੰਦੇ ਹਨ ਉਦੋਂ ਤੱਕ ਹੱਥ ਆਏ ਉਹ ਬੇਕਸੂਰ ਦੇ ਪਿੰਡੇ ‘ਤੇ ਲਾਲ ਅਤੇ ਨੀਲੇ ਰੰਗ ਦੇ ਕਈ ਨਿਸ਼ਾਨ ਪੈ ਜਾਂਦੇ ਹਨ, ਪਿੰਡਾ ਲਹੂ ਲਹਾਣਾ ਜਾਂਦਾ ਹੈ, ਮੂੰਹ ਸੁੱਜ ਕੇ ਡਰਾਉਣਾ ਰੂਪ ਧਾਰਨ ਕਰ ਲੈਂਦਾ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਇੱਥੋਂ ਦੇ ਪਿੰਡ ਪੇਦਨ ‘ਚ, ਜਿੱਥੇ ਪਿੰਡ ਵਾਸੀਆਂ ਨੂੰ ਇੱਕ ਵਿਅਕਤੀ ‘ਤੇ ਸ਼ੱਕ ਹੋਣ ‘ਤੇ ਉਨ੍ਹਾਂ (ਪਿੰਡ ਵਾਸੀਆਂ) ਨੇ ਉਸ ਦਾ ਖੂਬ ਕੁਟਾਪਾ ਚਾੜਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਪਿੰਡ ਵਾਸੀ ਕਿਸੇ ਬਹਿਰੂਪੀਏ ਦੱਸੇ ਜਾ ਰਹੇ ਵਿਅਕਤੀ ਨੂੰ ਘੜੀਸ ਘੜੀਸ ਕੇ ਡੰਡਿਆ, ਥੱਪੜਾ ਅਤੇ ਚੱਪਲਾ ਨਾਲ ਖੂਬ ਪਿਟਾਈ ਕਰ ਰਹੇ ਹਨ। ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਇਸ ਬਹਿਰੂਪੀਏ ਨੂੰ ਇਸ ਕਰਕੇ ਸਬਕ ਸਿਖਾਇਆ ਹੈ ਕਿਉਂਕਿ ਉਹ ਪਿੰਡ ਦੀ ਹਰ ਔਰਤ ਅਤੇ ਵਿਅਕਤੀ ਨੂੰ ਮੰਦੀ ਸ਼ਬਦਾਬਲੀ ਬੋਲ ਰਿਹਾ ਸੀ ਅਤੇ ਉਸ ਨੇ ਨਸ਼ਾ ਵੀ ਕੀਤਾ ਹੋਇਆ ਸੀ। ਇਸ ਤੋਂ ਬਾਅਦ ਬਹਿਰੂਪੀਏ ਨੇ ਪਿੰਡ ਦੀ ਭੀੜ ਵਿਚੋ ਹਰ ਵਿਅਕਤੀ ਤੋ ਮੁਆਫੀ ਮੰਗ ਕੇ ਅਪਣਾ ਖਹਿੜਾ ਛੁਡਵਾਇਆ।
ਇਸ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਪਿੰਡ ਵਾਸੀ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਹਿਰੂਪੀਏ ਦੱਸੇ ਜਾਂਦੇ ਵਿਅਕਤੀ ਦੀ ਕੁੱਟਮਾਰ ਇਸ ਕਰਕੇ ਕੀਤੀ ਕਿਉਂਕਿ ਉਹ ਹਰ ਘਰ ਵਿੱਚ ਜਾ ਕੇ ਔਰਤਾਂ ਅਤੇ ਹੋਰਨਾਂ ਨੂੰ ਗਲਤ ਸ਼ਬਦਾਵਲੀ ਬੋਲ ਰਿਹਾ ਸੀ। ਚਮਕੌਰ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਹੀ ਗੁੱਸੇ ‘ਚ ਆ ਕੇ ਉਨ੍ਹਾਂ ਨੇ ਇਸ ਵਿਅਕਤੀ ਦੀ ਕੁੱਟਮਾਰ ਤਾਂ ਕੀਤੀ, ਪਰ ਉਨ੍ਹਾਂ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਨਹੀਂ ਕੀਤੀ।
ਇੱਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਬਾਰੇ ਜਾਣਕਾਰੀ ਲਈ ਸਥਾਨਕ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨੇ ਕਿਹਾ ਕਿ ਇਹ ਬਹਿਰੂਪੀਆ ਬਣ ਕੇ ਆਇਆ ਵਿਅਕਤੀ ਪਿੰਡ ਵਿਚ ਹਰ ਕੋਨੇ ‘ਤੇ ਜਾ ਕੇ ਪਿੰਡ ਦੀਆ ਔਰਤਾਂ ਅਤੇ ਮਰਦਾਂ ਨਾਲ ਮਾੜੀ ਸਬਦਾਵਲੀ ਦੀ ਵਰਤੋ ਕਰ ਰਿਹਾ ਸੀ ਅਤੇ ਨਸੇ ਵਿਚ ਧੁੱਤ ਸੀ ਅਤੇ ਜਿਸ ਤੋ ਬਾਅਦ ਅਸੀ ਉਸ ਦਾ ਕੁੱਟਾਪਾ ਚਾੜ ਦਿੱਤਾ ਅਤੇ ਉਸ ਨੇ ਮੁਆਫੀ ਮੰਗ ਕੇ ਅਪਣਾ ਖਹਿੜਾ ਛੁੱਡਵਾਇਆ ਅਤੇ ਅਸੀ ਪੁਲੀਸ ਰਿਪੋਰਟ ਇਸ ਕਰਕੇ ਨੀ ਦਿੱਤੀ ਕਿਉਕਿ ਉਸ ਨੇ ਪਿੰਡ ਵਾਸੀਆ ਤੋ ਮੁਆਫੀ ਮੰਗ ਲਈ। ਸਰਪੰਚ ਦਾ ਕਹਿਣਾ ਹੈ ਕਿ ਉਸ ਬਹਿਰੂਪੀਏ ਬਣੇ ਵਿਅਕਤੀ ਨੇ ਪਿੰਡ ਵਿੱਚ ਫੇਰੀ ਤੋਂ ਪਹਿਲਾਂ ਉਸ ਤੋਂ ਵੀ ਕੋਈ ਇਜਾਜ਼ਤ ਨਹੀਂ ਲਈ ਸੀ।