ਅਰਵਿੰਦ ਕੇਜਰੀਵਾਲ ਹੰਸ ਰਾਜ ਹੰਸ ਤੋਂ ਵੀ ਮੰਗਣਗੇ ਮਾਫੀ?

TeamGlobalPunjab
4 Min Read

ਕੁਲਵੰਤ ਸਿੰਘ

ਨਵੀਂ ਦਿੱਲੀ : ਪ੍ਰਸਿੱਧ ਪੰਜਾਬੀ ਗਾਇਕ ਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਉੱਤਰ ਪੱਛਮੀ ਤੋਂ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਮਾਣਹਾਨੀ ਦਾ ਮੁਕੱਦਮਾ ਕਰਨ ਜਾ ਰਹੇ ਹਨ। ਹੰਸ ਰਾਜ ਹੰਸ ਕੇਜਰੀਵਾਲ ਵੱਲੋਂ ਉਨ੍ਹਾਂ ‘ਤੇ ਸਾਲ 2014 ਵਿੱਚ ਇਸਲਾਮ ਕਬੂਲ ਕਰਨ ਦੇ ਲਾਏ ਗਏ ਦੋਸ਼ਾਂ ਤੋਂ ਬੇਹੱਦ ਖ਼ਫ਼ਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਵੱਲੋਂ ਲਾਏ ਗਏ ਇਹ ਦੋਸ਼ ਬਿਲਕੁਲ ਝੂਠੇ ਹਨ ਜਿਨ੍ਹਾਂ ਦਾ ਖਮਿਆਜ਼ਾ ‘ਆਪ’ ਸੁਪਰੀਮੋਂ ਨੂੰ ਅਦਾਲਤ ਵਿੱਚ ਭੁਗਤਨਾ ਪਵੇਗਾ। ਹੰਸ ਰਾਜ ਹੰਸ ਦੇ ਇਸ ਬਿਆਨ ਤੋਂ ਬਾਅਦ ਉਹ ਲੋਕ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ ਜਿਹੜੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਵਿਰੋਧੀਆਂ ਵਿਰੁੱਧ ਦਿੱਤੇ ਗਏ ਬਿਆਨ ਅਤੇ ਉਨ੍ਹਾਂ (ਕੇਜਰੀਵਾਲ) ‘ਤੇ ਉਸ ਤੋਂ ਬਾਅਦ ਦਰਜ ਹੋਣ ਵਾਲੇ ਕੇਸਾਂ ਦਾ ਲੇਖਾ ਜੋਖਾ ਰੱਖ ਰਹੇ ਹਨ। ਇਹ ਲੋਕ ਪਿਛਲਾ ਰਿਕਾਰਡ ਫਰੋਲ ਕੇ ਸਵਾਲ ਕਰਦੇ ਹਨ ਕਿ, ਕੀ ਅਰਵਿੰਦ ਕੇਜਰੀਵਾਲ ਭਵਿੱਖ ਵਿੱਚ ਹੰਸ ਰਾਜ ਹੰਸ ਤੋਂ ਵੀ ਮਾਫੀ ਮੰਗਣਗੇ?

ਦੱਸ ਦਈਏ ਕਿ ਬੀਤੇ ਦਿਨੀਂ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਕਰਕੇ ਚੋਣ ਕਮਿਸ਼ਨ ਤੋਂ ਹੰਸ ਰਾਜ ਹੰਸ ਦੇ ਚੋਣ ਲੜਨ ‘ਤੇ ਰੋਕ ਲਾਉਣ ਦੀ ਮੰਗ ਕਰਦਿਆ ਕਿਹਾ ਸੀ, ਕਿ ਹੰਸ ਨੇ ਸਾਲ 2014 ਦੌਰਾਨ ਇਸਲਾਮ ਕਬੂਲ ਕਰ ਲਿਆ ਸੀ। ਲਿਹਾਜਾ ਉਹ ਦਿੱਲੀ ਉਤਰ ਪੱਛਮੀ ਦੀ ਐਸ ਸੀ ਸ਼੍ਰੇਣੀ ਲਈ ਰਾਖਵੀਂ ਸੀਟ ‘ਤੇ ਚੋਣ ਨਹੀਂ ਲੜ ਸਕਦੇ। ਕੇਜਰੀਵਾਲ ਅਨੁਸਾਰ ਉੱਤਰ ਪੱਛਮੀ ਦਿੱਲੀ ਦੇ ਵੋਟਰ ਹੰਸ ਰਾਜ ਹੰਸ ‘ਤੇ ਵੋਟਾਂ ਜਾਇਆ ਨਾ ਕਰਨ। ਜਿਸ ਦੇ ਜਵਾਬ ਵਿੱਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਕੇਜਰੀਵਾਲ ‘ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ, “ਮੈਂ ਉਰਦੂ ਬੋਲਦਾ ਹਾਂ ਜਿਸ ਤੋਂ ਇਹ ਮਤਲਬ ਨਹੀਂ ਕੱਢਣਾ ਚਾਹੀਦਾ ਕਿ ਮੈਂ ਮੁਸਲਮਾਨ ਹਾਂ।” ਉਨ੍ਹਾਂ ਸਵਾਲ ਕੀਤਾ ਕਿ, ” ਮੈਨੂੰ ਇਹ ਦੱਸਿਆ ਜਾਵੇ ਕਿ, ਕੀ ਕੋਈ ਹਿੰਦੀ ਬੋਲਣ ਵਾਲਾ ਮੁਸਲਮਾਨ ਹਿੰਦੂ ਬਣ ਜਾਂਦਾ ਹੈ?”

ਕੁੱਲ ਮਿਲਾ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਜੇ ਹੰਸ ਰਾਜ ਹੰਸ ਨੇ ਕੇਜਰੀਵਾਲ ਵਿਰੁੱਧ ਗੁੱਸੇ ‘ਚ ਬਿਆਨ ਦਿੱਤਾ ਹੈ, ਤਾਂ ਉਹ ਮਾਣਹਾਨੀ ਦਾ ਮੁਕੱਦਮਾ ਵੀ ਜਰੂਰ ਕਰਨਗੇ, ਤੇ ਜੇਕਰ ਹੰਸ ਨੇ ਕੇਜਰੀਵਾਲ ‘ਤੇ ਮੁਕੱਦਮਾਂ ਕਰ ਦਿੱਤਾ ਤਾਂ ਇਹ ਕੇਸ ਅਰਵਿੰਦ ਕੇਜਰੀਵਾਲ ਲਈ ਅਦਾਲਤੀ ਚੱਕਰ ਕੱਟਣ ਦੀ ਇੱਕ ਹੋਰ ਮੁਸੀਬਤ ਹੋਵੇਗੀ। ਉਹੋ ਜਿਹੀ ਮੁਸੀਬਤ, ਜਿਸ ਤੋਂ ਨਿਯਾਤ ਪਾਉਣ ਲਈ ਕੇਜਰੀਵਾਲ ਪਹਿਲਾਂ ਬਿਕਰਮ ਸਿੰਘ ਮਜੀਠੀਆ, ਅਰੁਣ ਜੇਤਲੀ ਆਦਿ ਆਗੂਆਂ ਤੋਂ ਜਨਤਕ ਤੌਰ ‘ਤੇ ਮਾਫੀ ਮੰਗ ਚੁੱਕੇ ਹਨ। ਮਾਹਰ ਲੋਕ ਇਸ ਮਾਮਲੇ ਨੂੰ ਲੈ ਕੇ ਵੀ ਜੋੜ-ਤੋੜ ਕਰਨ ਲੱਗੇ ਹੋਏ ਹਨ ਤੇ ਜਦੋਂ ਕੁਝ ਸਮਝ ਨਹੀਂ ਆਉਂਦਾ ਤਾਂ ਉਹ ਸਵਾਲ ਕਰਦੇ ਹਨ ਕਿ, ਕੀ ਅਰਵਿੰਦ ਕੇਜਰੀਵਾਲ ਆਪਣੀ ਕਹੀ ਗੱਲ ਸਾਬਤ ਨਾ ਕਰਨ ਦੀ ਸੂਰਤ ਵਿੱਚ ਜਾਂ ਕੋਰਟ ਕੇਸ ਤੋਂ ਨਿਯਾਤ ਪਾਉਣ ਲਈ ਹੁਣ ਹੰਸ ਰਾਜ ਹੰਸ ਤੋਂ ਵੀ ਮਾਫੀ ਮੰਗਣਗੇ? ਦੂਜੇ ਪਾਸੇ ਇੱਕ ਚਰਚਾ ਇਹ ਵੀ ਹੈ ਕਿ ਜੇਕਰ ਹੰਸ ਰਾਜ ਹੰਸ ਦੇ ਖਿਲਾਫ ਲਾਏ ਗਏ ਦੋਸ਼ ਅਰਵਿੰਦ ਕੇਜਰੀਵਾਲ ਨੇ ਸਾਬਤ ਕਰ ਦਿੱਤੇ ਤਾਂ ਹੰਸ ਨੂੰ ਨਾ ਸਿਰਫ ਆਪਣੀ ਉਮੀਦਵਾਰੀ ਤੋਂ ਹੱਥ ਧੋਣਾ ਪਵੇਗਾ, ਬਲਕਿ ਉਨ੍ਹਾਂ ਨੂੰ ਜਨਤਕ ਤੌਰ ‘ਤੇ ਨਾਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਇਸ ਸਿਆਸੀ ਲੜਾਈ ਵੱਲ ਲੋਕ ਮੂੰਹ ‘ਤੇ ਸਵਾਲੀਆ ਨਿਸ਼ਾਨ ਲਈ ਇਹ ਝਾਕ ਰੱਖੀ ਬੈਠੇ ਹਨ ਕਿ ਦੇਖੋ ਕੌਣ ਜਿੱਤਦਾ ਹੈ, ਟਾਂਡਿਆਂ ਵਾਲੀ ਜਾਂ ਭਾਂਡਿਆਂ ਵਾਲੀ?

- Advertisement -

Share this Article
Leave a comment