ਵਾਸ਼ਿੰਗਟਨ: ਅਮਰੀਕਾ ਨੇ ਸੰਯੁਕਤ ਰਾਸ਼ਟਰ ਅਮੀਰਾਤ ਮੂਲ ਦੇ ਭਾਰਤੀ ਵਿਅਕਤੀ ਅਤੇ ਉਸ ਦੇ ਮਾਤਾ-ਪਿਤਾ ‘ਤੇ ਕਥਿਤ ਤੌਰ ‘ਤੇ ਗਲੋਬਲ ਪੱਧਰ ‘ਤੇ ਮਨੀ ਲਾਂਡਰਿੰਗ ਕਰਨ ਅਤੇ ਹੈਰੋਇਨ ਦੀ ਤਸਕਰੀ ਦਾ ਨੈਟਵਰਕ ਚਲਾਉਣ ‘ਤੇ ਪਾਬੰਦੀ ਲਗਾਈ ਹੈ। ਅਮਰੀਕੀ ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਯੂ. ਏ. ਈ. ਦਾ ਰਹਿਣ ਵਾਲਾ ਜਸਮੀਤ ਹਾਕਿਮਜ਼ਾਦਾ ਹੈਰੋਇਨ, ਕੋਕੀਨ, ਐਫੀਡ੍ਰਿਨ, ਕੀਟਾਮਾਇਨ ਅਤੇ ਸਿੰਥੈਟਿਕ ਓਪੀਅਮ ਜਿਹੇ ਨਸ਼ੀਲੇ ਪਦਾਰਥਾਂ ਦੀ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਬ੍ਰਿਟੇਨ ‘ਚ ਤਸਕਰੀ ਦਾ ਅੰਤਰਰਾਸ਼ਟਰੀ ਰੈਕੇਟ ਚਲਾਉਂਦਾ ਹੈ।
ਦੋਸ਼ ਲਾਇਆ ਗਿਆ ਕਿ ਹਾਕਿਮਜ਼ਾਦਾ ਨੇ 2008 ਤੋਂ ਹੁਣ ਤੱਕ ਗੈਰ-ਕਾਨੂੰਨੀ ਕਾਰਵਾਈ ਤੋਂ ਕਮਾਏ ਗਏ ਲੱਖਾਂ ਡਾਲਰਾਂ ਦਾ ਯੂ. ਏ. ਈ. ‘ਚ ਆਪਣੀ ਕੰਪਨੀ ਮੈਵਾਂਦਾ ਜਨਰਲ ਟ੍ਰੈਡਿੰਗ ਕੰਪਨੀ ਐੱਲ. ਐੱਲ. ਸੀ. ਦੇ ਜ਼ਰੀਏ ਮਨੀ ਲਾਂਡਰਿੰਗ ਕੀਤੀ। ਇਸ ਵਿੱਚ ਉਸ ਨੇ ਅਮਰੀਕਾ, ਬ੍ਰਾਜ਼ੀਲ, ਭਾਰਤ, ਯੂ. ਏ. ਈ. ਅਤੇ ਬ੍ਰਿਟੇਨ ਦੇ ਵਿੱਤ ਸੰਸਥਾਨਾਂ ਦੀ ਮਦਦ ਲਈ। ਅੱਤਵਾਦ ਅਤੇ ਆਰਥਿਕ ਖੁਫੀਆ ਮਾਮਲਿਆਂ ਦੇ ਉਪ ਮੰਤਰੀ ਸਿਗਲ ਮੰਡੇਲਕਰ ਨੇ ਆਖਿਆ ਕਿ ਜਸਮੀਤ ਹਕੀਮਜ਼ਾਦਾ ਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਦਾ ਨੈੱਟਵਰਕ ਪੂਰੀ ਦੁਨੀਆ ‘ਚ ਹੈਰੋਇਨ ਅਤੇ ਸਿੰਥੈਟਿਕ ਓਪੀਅਮ ਦੀ ਤਸਕਰੀ ‘ਚ ਸ਼ਾਮਲ ਰਿਹਾ ਹੈ।
ਵਿਭਾਗ ਨੇ ਕਿਹਾ ਕਿ ਉਸ ਨੇ ਹਾਕਿਮਜ਼ਾਦਾ ਦੇ ਪਿਤਾ ਹਰਮੋਹਨ ਹਾਕਿਮਜ਼ਾਦਾ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਅਭਿਆਨਾਂ ‘ਚ ਪ੍ਰਮੁੱਖ ਹਿੱਸੇਦਾਰ ਰਹਿਣ ਲਈ ਅਤੇ ਹਾਕਿਮਜ਼ਾਦਾ ਦੀ ਮਾਂ ਇਲਜੀਤ ਕੌਰ ‘ਤੇ ਪਾਬੰਦੀ ਲਾਈ ਹੈ। ਕੌਰ ਭਾਰਤ ‘ਚ 2 ਕੰਪਨੀਆਂ ‘ਚ ਫਰੰਟ ਆਫਿਸ ‘ਚ ਅਧਿਕਾਰੀ ਦੇ ਤੌਰ ‘ਤੇ ਕੰਮ ਕਰਦੀ ਹੈ। 4 ਕੰਪਨੀਆਂ ਜਿਨ੍ਹਾਂ ‘ਤੇ ਪਾਬੰਦੀਆਂ ਲਾਈਆਂ ਗਈਆਂ ਹਨ, ਉਨ੍ਹਾਂ ‘ਚੋਂ 3 ਕੰਪਨੀਆਂ ਭਾਰਤ ‘ਚ ਸਥਿਤ ਹਨ। ਇਨ੍ਹਾਂ ਦੇ ਨਾਂ ਹਨ- ਮੇਵਾਂਦ ਪ੍ਰਾਇਵੇਟ ਲਿਮਟਿਡ, ਮੇਵਾਂਦ ਟੁਬੈਕੋ ਲਿਮਟਿਡ ਅਤੇ ਮੇਵਾਂਦ ਬੈਵਰੇਜੈਸ ਲਿਮਟਿਡ ਅਤੇ ਯੂ. ਏ. ਈ. ਦੀ ਮੇਵਾਂਦ ਜਨਰਲ ਟ੍ਰੇਡਿੰਗ ਕੰਪਨੀ ਐੱਲ. ਐੱਲ. ਸੀ.।