ਲੁਧਿਆਣਾ : ਕਿਸੇ ਸਮੇਂ ਪੰਜਾਬ ‘ਚ 25 ਸਾਲ ਰਾਜ ਕਰਨ ਦਾ ਸੁਪਨਾ ਦੇਖਣ ਵਾਲੀ ਅਕਾਲੀ ਦਲ ਬੇਅਦਬੀ ਅਤੇ ਸੌਦਾ ਸਾਧ ਮੁਆਫੀਨਾਮੇ ‘ਚ ਅਜਿਹੀ ਘਿਰੀ ਕਿ ਪਾਰਟੀ ਦੀ ਜੜ੍ਹ ਮੰਨੇ ਜਾਂਦੇ ਟਕਸਾਲੀ ਅਕਾਲੀਆਂ ਨੇ ਆਪਣਾ ਵੱਖਰਾ ਅਕਾਲੀ ਦਲ ਸਥਾਪਤ ਕਰ ਲਿਆ। ਬੇਅਦਬੀ ਮਾਮਲਿਆਂ ਦਾ ਮੁੱਦਾ ਚੁੱਕਦਿਆਂ ਕਾਂਗਰਸ ਪਾਰਟੀ ਸੱਤਾ ‘ਤੇ ਕਾਬਜ਼ ਹੋਈ, ਤਾਂ ਹੁਣ ਟਕਸਾਲੀ ਅਕਾਲੀਆਂ ਸਣੇ ਪੰਜਾਬੀ ਏਕਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਇਸੇ ਮੁੱਦੇ ਨੂੰ ਕੈਸ਼ ਕਰਦਿਆਂ ਲੋਕ ਸਭਾ ਚੋਣਾਂ ਜਿੱਤਣ ਦੀ ਤਾਕ ਵਿੱਚ ਹਨ। ਵਿਧਾਨ ਸਭਾ ‘ਚ ਬੇਅਦਬੀ ਮਾਮਲਿਆਂ ‘ਤੇ ਮਿਲੀ ਨਾਮੋਸ਼ੀ ਤੋਂ ਬਾਅਦ ਹੁਣ ਅਕਾਲੀ ਦਲ ਨੂੰ ਇੱਕ ਨਵਾਂ ਹੀ ਡਰ ਸਤਾਉਣ ਲੱਗਿਆ ਹੈ ਅਤੇ ਇਹ ਡਰ ਹੈ ਪੰਜਾਬ ਵਿੱਚ ਤੀਜੇ ਬਦਲ ਵੱਜੋਂ ਉੱਭਰ ਕੇ ਆਈਆਂ ਪਾਰਟੀਆਂ ਤੋਂ। ਅਕਾਲੀਆਂ ਵੱਲੋਂ ਇਹ ਨਵੀਆਂ ਪਾਰਟੀਆਂ ਕਾਂਗਰਸ ਪਾਰਟੀ ਦਾ ਹੀ ਹਿੱਸਾ ਦੱਸੀਆਂ ਜਾ ਰਹੀਆਂ ਹਨ। ਇਸ ਮੁੱਦੇ ਨੂੰ ਕੈਸ਼ ਕਰਨ ‘ਚ ਅਕਾਲੀ ਟਕਸਾਲੀ ਵੀ ਪਿੱਛੇ ਨਹੀਂ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਸ਼੍ਰੋਮਣੀ ਅਕਾਲੀ ਦਲ ਵਾਲੇ ਇਹ ਦੱਸ ਕੇ ਕੀ ਸਾਡੇ ਤੋਂ ਕੀ ਭੁੱਲਾਂ ਹੋਈਆਂ ਹਨ ਤੇ ਉਹ ਇਹ ਭੁੱਲਾਂ ਪੰਥ ਦੀ ਮਰਿਆਦਾ ਅਨੁਸਾਰ ਨਹੀਂ ਬਖਸ਼ਵਾਉਂਦੇ ਤੇ ਕੀਤੀਆਂ ਗਲਤੀਆਂ ਦਾ ਪਛਤਾਵਾ ਨਹੀਂ ਕਰਦੇ ਉਨ੍ਹਾਂ ਸਮਾਂ ਇਹ ਮੁੱਦਾ ਖਤਮ ਨਹੀਂ ਹੋਵੇਗਾ। ਇਸ ਸਬੰਧੀ ਤਰਕ ਦੇ ਰਹੇ ਟਕਸਾਲੀ ਅਕਾਲੀਆਂ ਦਾ ਕਹਿਣਾ ਹੈ ਕਿ ਜਦੋਂ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਵੱਲੋਂ ਗਲਤੀ ਕੀਤੀ ਗਈ ਸੀ ਤਾਂ ਮਾਫੀ ਵੱਜੋਂ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਸਜ਼ਾ ਨੂੰ ਭੁਗਤਦਿਆਂ 3 ਦਿਨ ਆਪਣੇ ਗਲ ਵਿੱਚ ਕੀਤੀ ਗਈ ਉਸ ਗਲਤੀ ਦੀ ਫੱਟੀ ਪਾ ਕੇ ਰੱਖੀ ਸੀ।
ਭਾਵੇਂ ਕਿ ਇਸ ਸਿਆਸੀ ਹਮਾਮ ਵਿੱਚ ਸਾਰੇ ਹੀ ਨੰਗੇ ਹਨ ਪਰ ਕਹਾਵਤ ਹੈ ਕਿ ਜਦੋਂ ਸਮਾਂ ਮਾੜਾ ਹੁੰਦਾ ਹੈ ਤਾਂ ਉਦੋਂ ਕੁੱਤੇ ਤਾਂ ਭੌਂਕਦੇ ਹੀ ਹਨ ਬਿੱਲੀਆਂ ਵੀ ਭੌਂਕਣ ਲੱਗ ਪੈਂਦੀਆਂ ਹਨ। ਲਿਹਾਜ਼ਾ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਡਿੱਗਦੀ ਹੋਈ ਸਾਖ ਨੂੰ ਬਚਾਉਣਾ ਹੈ ਤਾਂ ਹਰ ਉਹ ਉਪਰਾਲਾ ਕਰਨਾ ਪਵੇਗਾ ਜਿਸ ਨਾਲ ਲੋਕਾਂ ‘ਚ ਉਨ੍ਹਾਂ ਦਾ ਵਿਸ਼ਵਾਸ ਮੁੜ ਬਹਾਲ ਹੋ ਸਕੇ। ਪਰ ਖਿਝੇ ਹੋਈ ਮਾਹਰ ਕਹਿੰਦੇ ਨੇ ਕਿ ਅਜਿਹਾ ਨੇੜਲੇ ਭਵਿੱਖ ਵਿੱਚ ਹੋਣਾਂ ਸੌਖਾ ਨਹੀਂ ਜਾਪਦਾ।