ਅੰਮ੍ਰਿਤਸਰ : ਇੱਕ ਪਾਸੇ ਜਦੋਂ ਆਮ ਆਦਮੀ ਪਾਰਟੀ ਨਾਲੋਂ ਵੱਖ ਹੋ ਕੇ ਸੁਖਪਾਲ ਖਹਿਰਾ ਨੇ ਆਪਣੀ ਨਵੀਂ ਪਾਰਟੀ ਬਣਾਈ ਸੀ ਤਾਂ ਧੜਾਧੜ ਇਹ ਖਬਰਾਂ ਆਉਣ ਲੱਗ ਪਈਆਂ ਸਨ ਕਿ ਆਪ ਨਾਲੋਂ ਟੁੱਟ ਕੇ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਸਮਰਥਕਾਂ ਨੇ ਆਪ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਪਰਾਂ ਵਗਾਹ ਮਾਰਣ ਦੇ ਨਾਲ ਨਾਲ ਕੇਜਰੀਵਾਲ ਦੇ ਹੋਰਡਿੰਗ ਬੋਰਡਾਂ ‘ਤੇ ਵੀ ਪੋਚੇ ਫੇਰਨੇ ਸ਼ੁਰੂ ਕਰ ਦਿੱਤੇ ਸਨ। ਉੱਥੇ ਦੂਜੇ ਪਾਸੇ ਸੁਖਪਾਲ ਖਹਿਰਾ ਅਤੇ ਭਗਵੰਤ ਮਾਨ ਜਿਹੇ ਆਗੂ ਬ੍ਰਹਮਪੁਰਾ ਵਰਗੇ ਟਕਸਾਲੀ ਆਗੂਆਂ ਨਾਲ ਮਿਲ ਕੇ ਮਹਾਂ ਗਠਜੋੜ ਬਣਾਉਣ ਦੀ ਤਾਕ ਵਿੱਚ ਹਨ। ਖਹਿਰਾ ਨੇ ਤਾਂ ਇਸ ਸਬੰਧੀ ਮੀਡੀਆ ਨੂੰ ਬਿਆਨ ਵੀ ਦੇ ਦਿੱਤਾ ਹੈ ਕਿ ਜੇਕਰ ਆਪ ਨੂੰ ਲੈ ਕੇ ਕੋਈ ਗਠਜੋੜ ਬਣਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਅਜਿਹੇ ਵਿੱਚ ਸਿਆਸੀ ਮਾਹਿਰ ਉਨ੍ਹਾਂ ਲੋਕਾਂ ਨੂੰ ਲਾਹਨਤਾਂ ਪਾ ਰਹੇ ਹਨ ਜਿਹੜੇ ਆਪਣੇ ਆਗੂਆਂ ਦੇ ਵਿਰੋਧੀਆਂ ਨੂੰ ਭੰਡਣ ਵਾਲੇ ਵਿਚਾਰ ਸੁਣ ਕੇ ਬਿਨ੍ਹਾਂ ਕਿਸੇ ਗੱਲ ਤੋਂ ਦੁਸ਼ਮਣੀਆਂ ਪਾਉਂਦੇ ਫਿਰਦੇ ਹਨ।
ਇਹ ਮਾਮਲਾ ਉਸ ਵੇਲੇ ਭਖਿਆ ਜਦੋਂ ਸੁਖਪਾਲ ਖਹਿਰਾ ਨੇ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਨ੍ਹਾਂ ਦੀ ਰਹਾਇਸ਼ ਤੇ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਬਿਆਨ ਦਿੱਤਾ ਕਿ ਹਰ ਉਸ ਪਾਰਟੀ ਨੂੰ ਮਹਾਂ ਗਠਬੰਧਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜੋ ਕਿ ਰਵਾਇਤੀ ਪਾਰਟੀਆਂ ਨੂੰ ਰਾਜ ਭਾਗ ਤੋਂ ਦੂਰ ਕਰਨਾ ਚਾਹੁੰਦੀਆਂ ਹਨ। ਖਹਿਰਾ ਨੇ ਸਪੱਸ਼ਟ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ ਦਿੱਲੀ ਵਿੱਚ ਜਾਂ ਪੰਜਾਬ ਵਿੱਚ ਕਾਂਗਰਸ ਪਾਰਟੀ ਨਾਲ ਸਮਝੌਤਾ ਨਹੀਂ ਕਰਦੀ ਤੇ ਉਹ ਕਹਿਣ ਕਿ ਅਸੀਂ ਕਾਂਗਰਸ ਅਤੇ ਬਾਦਲ ਦਲ ਦੇ ਵਿਰੁੱਧ ਚੋਣਾਂ ‘ਚ ਹਿੱਸਾ ਲਵਾਂਗੇ ਤੇ ਅਸੀਂ ਉਨ੍ਹਾਂ ਨੂੰ ਵੀ ਕਹਾਂਗੇ ਕਿ ਆ ਜਾਣ ਸਾਡੇ ਨਾਲ ਸ਼ਾਮਲ ਹੋਣ। ਸੁਖਪਾਲ ਖਹਿਰਾ ਅਨੁਸਾਰ ਇਹ ਠੀਕ ਹੈ ਕਿ ਆਪ ਦਾ ਉਨ੍ਹਾਂ ਨਾਲ ਤੋੜ ਵਿਛੋੜਾ ਹੋ ਚੁੱਕਾ ਹੈ ਪਰ ਕੁੱਲ ਮਿਲਾ ਕੇ ਸਾਰਿਆਂ ਦਾ ਨਿਸ਼ਾਨਾ ਇੱਕੋ ਹੀ ਹੈ ਕਿ ਪੰਜਾਬ ਨੂੰ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਚੁੰਗਲ ਵਿੱਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾਂ ਇਹ ਨਹੀਂ ਹੈ ਕਿ ਕਿਸ ਦੀ ਹਾਓਮੈ ਕਿੱਥੇ ਆੜੇ ਆ ਰਹੀ ਹੈ ਸਾਡਾ ਨਿਸ਼ਾਨਾ ਪੰਜਾਬ ਦੇ ਲੋਕਾਂ ਦਾ ਭਲਾ ਹੈ। ਖਹਿਰਾ ਨੇ ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਬੇਨਤੀ ਕੀਤੀ ਕਿ ਉਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਮਨਾਉਣ ਕਿ ਉਹ ਇਕੱਲੇ ਚੋਣ ਲੜਨ ਦੀ ਬਜਾਏ ਉਨ੍ਹਾਂ ਦੇ ਗਠਬੰਧਨ ਵਿੱਚ ਸ਼ਾਮਲ ਹੋ ਕੇ ਚੋਣ ਲੜਨ। ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਉਨ੍ਹਾਂ ਨੂੰ ਮਨਾ ਸਕਦੇ ਹਨ ਕਿਉਂਕਿ ਉਹ ਬ੍ਰਹਮਪੁਰਾ ਨੂੰ ਇਸ ਸਬੰਧ ਵਿੱਚ ਮਿਲਕੇ ਜਾ ਚੁੱਕੇ ਹਨ।
ਜਿਉਂ ਹੀ ਖਹਿਰਾ ਦਾ ਇਹ ਬਿਆਨ ਮੀਡੀਆ ਨੇ ਨਸ਼ਰ ਕੀਤਾ, ਰਾਜਨੀਤਕ ਮਾਹਿਰਾਂ ਨੇ ਤੁਰੰਤ ਜੋੜ ਘਟਾਓ ਦੇ ਫਾਰਮੂਲੇ ਲਾ ਕੇ ਇਸ ਨਤੀਜੇ ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਕਿ ਜੇ ਰਾਜਨੀਤਕ ਲੋਕਾਂ ਲਈ ਕੋਈ ਮਾੜਾ ਨਹੀਂ ਤੇ ਕੋਈ ਚੰਗਾ ਨਹੀਂ ਸਿਰਫ ਅਪਣਾ ਫਾਇਦਾ ਦੇਖੋ ਵਾਲਾ ਫਾਰਮੂਲਾ ਲਾਗੂ ਹੁੰਦਾ ਹੈ ਤਾਂ ਹੇਠਲੇ ਪੱਧਰ ਦੇ ਆਮ ਵਰਕਰ ਤੇ ਲੋਕ ਫਿਰ ਕਿਉਂ ਮੂਰਖਾਂ ਵਾਂਗ ਲੜ ਕੇ ਇੱਕ ਦੂਜੇ ਦਾ ਕਤਲ ਕਰ ਦਿੰਦੇ ਹਨ ਤੇ ਆਪਣਾ ਤੇ ਦੂਜੇ ਦਾ ਘਰ ਬਰਬਾਦ ਕਰ ਦਿੰਦੇ ਹਨ?