ਅਮਰੀਕਾ ‘ਚ ਸ਼ੁਰੂ ਹੋ ਰਿਹੈ ਖ਼ਾਲਸਾ ਯੂਨੀਵਰਸਿਟੀ ਦਾ ਨਿਰਮਾਣ

TeamGlobalPunjab
3 Min Read

ਵਾਸ਼ਿੰਗਟਨ/ਅੰਮ੍ਰਿਤਸਰ: ਅਮਰੀਕਾ ਦੇ ਬੈਲਿੰਗਹਮ ਸ਼ਹਿਰ ਵਿੱਚ ਖਾਲਸਾ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਜਾਵੇਗਾ। ਖ਼ਾਲਸਾ ਯੂਨੀਵਰਸਿਟੀ ਸਥਾਪਤ ਕਰਨ ਲਈ 125 ਏਕੜ ਜ਼ਮੀਨ ਦੇਣ ਵਾਲੇ ਸਿੱਖ ਮਨਜੀਤ ਸਿੰਘ ਧਾਲੀਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਸਿਰੋਪਾਓ, ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਯਾਦਗਾਰੀ ਸਿੱਕੇ ਅਤੇ ਧਾਰਮਿਕ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ।

ਮਨਜੀਤ ਸਿੰਘ ਧਾਲੀਵਾਲ ਆਪਣੇ ਵੱਡੇ ਭਰਾ ਹਰਭਜਨ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ.ਗੁਰਨਾਮ ਸਿੰਘ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਦਰਸ਼ਨਾਂ ਲਈ ਪਹੁੰਚੇ ਸਨ।

ਇਸ ਮੌਕੇ ‘ਤੇ ਭਾਈ ਰਾਜਿੰਦਰ ਸਿੰਘ ਨੇ ਅਮਰੀਕਾ ਦੇ ਸਿੱਖਾਂ ਵੱਲੋਂ ਖਾਲਸਾ ਯੂਨੀਵਰਸਿਟੀ ਸਥਾਪਤ ਕਰਨ ਦੀ ਪਹਿਲ ਨੂੰ ਇਤਿਹਾਸਿਕ ਅਤੇ ਪ੍ਰਸ਼ੰਸਾਯੋਗ ਕਦਮ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਾਸੀ ਨਵੀਂ ਪੀੜ੍ਹੀ ਨੂੰ ਗੁਰਬਾਣੀ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਸਿੱਖੀ ਦੇ ਨਾਲ ਜੋੜਨ ਦੀ ਇਹ ਵੱਡੀ ਕੋਸ਼ਿਸ਼ ਹੈ।

- Advertisement -

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੀ ਅਗਵਾਈ ਵਿੱਚ ਕਮੇਟੀ ਨੇ ਖਾਲਸਾ ਯੂਨੀਵਰਸਿਟੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨੇ ਕਿਹਾ ਕਿ ਅਮਰੀਕਾ ਵਰਗੇ ਵਿਕਸਿਤ ਦੇਸ਼ ਵਿੱਚ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਬਹੁਤ ਵੱਡੀ ਪ੍ਰਾਪਤੀ ਹੈ। ਇਸ ਦੇ ਨਾਲ ਜਿੱਥੇ ਸਿੱਖ ਕੌਮ ਦੀ ਨਵੀਂ ਪੀੜ੍ਹੀ ਨੂੰ ਗੁਰਬਾਣੀ ਦੀ ਵਿਚਾਰਧਾਰਾ ਤੇ ਇਤਿਹਾਸ ਦੇ ਨਾਲ ਜੋੜੇਗੀ ਉੱਥੇ ਹੀ ਦੂਜੇ ਧਰਮਾਂ ਦੇ ਬੱਚਿਆਂ ਨੂੰ ਵੀ ਸਿੱਖਾਂ ਦੀ ਵਿਲੱਖਣ ਪਹਿਚਾਣ ਦੀ ਜਾਣਕਾਰੀ ਮਿਲੇਗੀ।

ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਮਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਅਮਰੀਕਾ ਵਿੱਚ ਪਹਿਲੀ ਯੂਨੀਵਰਸਿਟੀ ਦੇ ਤੌਰ ਤੇ ਸਥਾਪਿਤ ਹੋਈ ਹੈ ਚਾਹੇ ਇਸ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਵਿੱਚ ਸਿੱਖ ਸੰਸਥਾਵਾਂ ਵੱਲੋਂ ਕਈ ਸਕੂਲ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਅਮਰੀਕਾ ਵਿੱਚ ਖਾਲਸਾ ਯੂਨੀਵਰਸਿਟੀ ਦਾ ਉਦੇਸ਼ ਗੁਰੂ ਸਾਹਿਬ ਦੇ ਮਾਰਗ ਦਰਸ਼ਨਾਂ ਅਨੁਸਾਰ ਮਾਨਵੀ ਸਮਾਨਤਾ ਦੇ ਸੁਨੇਹੇ ਦਾ ਪ੍ਰਚਾਰ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਲਈ ਅਮਰੀਕਾ ਦੇ ਵਾਸ਼ਿੰਗਟਨ ਤੋਂ ਰਜਿਸਟ੍ਰੇਸ਼ਨ ਪ੍ਰਾਪਤ ਕੀਤੀ ਜਾ ਚੁੱਕੀ ਹੈ। ਮੌਜੂਦਾ ਸਮੇਂ ‘ਚ ਸਕੂਲਾਂ ਤੋਂ ਇਲਾਵਾ ਆਨਲਾਈਨ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਵੱਡੇ ਅਕੈਡਮਿਕ ਕੋਰਸ ਸ਼ੁਰੂ ਕੀਤੇ ਜਾਣਗੇ ਇਨ੍ਹਾਂ ਕੋਰਸਾਂ ਵਿੱਚ ਮੈਡੀਕਲ, ਵਕਾਲਤ , ਅਕਾਊਂਟ ਆਦਿ ਵਿਸ਼ੇ ਵਿਸ਼ੇਸ਼ ਹੋਣਗੇ ।

Share this Article
Leave a comment