ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਮਾਮਲੇ ‘ਚ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵਿੱਚ ਸੀਨੀਅਰ ਅਤੇ ਧਾਕੜ ਆਈਪੀਐਸ ਅਧਿਕਾਰੀ ਹਰਪ੍ਰੀਤ ਸਿੱਧੂ ਨੂੰ ਵਾਪਸ ਮੁਖੀ ਦੇ ਤੌਰ ‘ਤੇ ਲਿਆ ਕੇ ਇਹ ਦੱਸ ਦਿੱਤਾ ਹੈ ਕਿ ਸੂਬਾ ਸਰਕਾਰ ਦੀ ਨਸ਼ਿਆਂ ਨੂੰ ਠੱਲ ਪਾਉਣ ਲਈ ਪੂਰੀ ਤਰ੍ਹਾਂ ਗੰਭੀਰ ਹੈ। ਇਸ ਗੱਲ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਜਿਉਂ ਹੀ ਮੀਡੀਆ ਦੇ ਕੁਝ ਹਲਕਿਆਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਉਹ ਖ਼ਬਰਾਂ ਮੁੱਖ ਮੰਤਰੀ ਤੱਕ ਪਹੁੰਚੀਆਂ ਹਰਪ੍ਰੀਤ ਸਿੱਧੂ ਨੂੰ ਐਸਟੀਐਫ ਦਾ ਮੁਖੀ ਲਾਏ ਜਾਣ ਤੋਂ ਪੰਜਾਬ ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਨਾ ਖੁਸ਼ ਹਨ ਤਾਂ ਉਨ੍ਹਾਂ ਨੇ ਤੁਰੰਤ ਇੱਕ ਟਵੀਟ ਕਰਕੇ ਸਿੱਧੂ ਦਾ ਵਿਰੋਧ ਕਰਨ ਵਾਲੇ ਅਧਿਕਾਰੀਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ, “ਸਿੱਧੂ ਨੂੰ ਇੱਕ ਵਾਰ ਫਿਰ ਐਸਟੀਐਫ ਦਾ ਮੁਖੀ ਲਾਏ ਜਾਣ ਦਾ ਫੈਸਲਾ ਮੈਂ ਉਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਐਸਟੀਐਫ ਦਾ ਮੁਖੀ ਰਹਿੰਦਿਆਂ ਕੀਤੇ ਗਏ ਮਿਸਾਲੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲਿਆ ਹੈ। ਜਿਸ ਕਿਸੇ ਅਧਿਕਾਰੀ ਨੂੰ ਸਿੱਧੂ ਦੀ ਨਿਯੁਕਤੀ ‘ਤੇ ਕੋਈ ਇਤਰਾਜ ਹੈ ਉਹ ਡੈਪੋਟੇਸ਼ਨ ‘ਤੇ ਕੇਂਦਰ ਸਰਕਾਰ ਵਿੱਚ ਜਾ ਸਕਦਾ ਹੈ। ਕਿਸੇ ਕਿਸਮ ਦੀ ਅਨੁਸ਼ਾਸਨਹੀਣਤਾ ਸਹਿਣ ਨਹੀਂ ਕੀਤੀ ਜਾਵੇਗੀ।“
https://twitter.com/capt_amarinder/status/1152505126138941440
ਦੱਸ ਦਈਏ ਕਿ ਮੀਡੀਆ ਦੇ ਕੁਝ ਹਲਕਿਆਂ ਵੱਲੋਂ ਇਹ ਰਿਪੋਰਟ ਕੀਤਾ ਗਿਆ ਸੀ ਕਿ ਪੰਜਾਬ ਦੇ ਸਿਵਲ ਸਕੱਤਰੇਤ ਵਿੱਚ ਕਈ ਸੀਨੀਅਰ ਪੁਲਿਸ ਅਧਿਕਾਰੀ ਹਰਪ੍ਰੀਤ ਸਿੱਧੂ ਦੀ ਐਸਟੀਐਫ ਮੁਖੀ ਵਜੋਂ ਨਿਯੁਕਤੀ ਤੋਂ ਇਸ ਲਈ ਨਾ ਖੁਸ਼ ਹਨ ਕਿਉਂਕਿ ਜਦੋਂ ਸਿੱਧੂ ਪਿਛਲੀ ਵਾਰ ਐਸਟੀਐਫ ਦੇ ਮੁਖੀ ਵਜੋਂ ਤੈਨਾਤ ਸਨ ਤਾਂ ਉਨ੍ਹਾਂ ਨੇ ਉਸ ਵੇਲੇ ਦੇ ਪੰਜਾਬ ਪੁਲਿਸ ਮੁਖੀ ਦੇ ਨਜਦੀਕੀ ਮੰਨੇ ਜਾਂਦੇ ਐਸਐਸਪੀ ਰਾਜ ਜੀਤ ਸਿੰਘ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਜਾਂਚ ਲਈ ਸੱਦਿਆ ਸੀ। ਜਿਸ ਤੋਂ ਬਾਅਦ ਦੋਵਾਂ ਪੁਲਿਸ ਅਧਿਕਾਰੀਆਂ ਵਿਚਕਾਰ ਅੰਦਰ ਖਾਤੇ ਕਾਫੀ ਤਕਰਾਰ ਦੇਖਣ ਨੂੰ ਮਿਲਿਆ ਸੀ ਤੇ ਅੰਤ ਕਾਲ ਨੂੰ ਹਰਪ੍ਰੀਤ ਸਿੱਧੂ ਤੋਂ ਉਨ੍ਹਾਂ ਦਾ ਐਸਟੀਐਫ ਮੁਖੀ ਵਾਲਾ ਚਾਰਜ ਵਾਪਸ ਲੈ ਕੇ ਇਹ ਚਾਰਜ ਸੀਨੀਅਰ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ ਨੂੰ ਦੇ ਦਿੱਤਾ ਗਿਆ ਸੀ।
Won’t tolerate indiscipline, says @capt_amarinder on reports of resentment against re-appointment of Harpreet Sidhu as @STFPunjab chief. Says anyone not happy with his decision can leave state and seek deputation with Centre. pic.twitter.com/2ovDcMrovS
— Raveen Thukral (@Raveen64) July 20, 2019
ਇੱਧਰ ਦੂਜੇ ਪਾਸੇ ਸੂਬੇ ਅੰਦਰ ਨਸ਼ਿਆਂ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਦੌਰਾਨ ਜਦੋਂ ਪੰਜਾਬ ਸਰਕਾਰ ਨਸ਼ਿਆਂ ਦੇ ਮਾਮਲੇ ਵਿੱਚ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ ਉਸ ਵੇਲੇ ਮੁੱਖ ਮੰਤਰੀ ਨੂੰ ਇੱਕ ਖਬਰ ਇਹ ਸੁਣਨ ਨੂੰ ਮਿਲੀ ਕਿ ਹਰਪ੍ਰੀਤ ਸਿੱਧੂ ਪੰਜਾਬ ਛੱਡ ਕੇ ਡੈਪੋਟੇਸ਼ਨ ‘ਤੇ ਅੱਤਵਾਦ ਪ੍ਰਭਾਵਿਤ ਜੰਮੂ ਕਸ਼ਮੀਰ ਵਿੱਚ ਜਾ ਕੇ ਅੱਤਵਾਦੀਆਂ ਨਾਲ ਲੜਨਾ ਚਾਹੁੰਦੇ ਹਨ ਤੇ ਇਸ ਸਬੰਧੀ ਉਨ੍ਹਾਂ ਨੇ ਇੱਕ ਬੇਨਤੀ ਪੱਤਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਭੇਜਿਆ ਸੀ। ਜਿਸ ਬਾਰੇ ਪਤਾ ਲਗਦਿਆਂ ਮੁੱਖ ਮੰਤਰੀ ਅਜੇ ਹਰਪ੍ਰੀਤ ਸਿੱਧੂ ਬਾਰੇ ਕੋਈ ਫੈਸਲਾ ਲੈਣਾ ਹੀ ਚਾਹੁੰਦੇ ਸਨ ਕਿ ਸੂਬੇ ਦੇ ਕੁਝ ਵਿਧਾਇਕਾਂ ਦੇ ਗਰੁੱਪ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਪ੍ਰੀਤ ਸਿੱਧੂ ਵਰਗੇ ਧਾਕੜ ਪੁਲਿਸ ਅਧਿਕਾਰੀ ਨੂੰ ਸੂਬੇ ‘ਚੋਂ ਬਾਹਰ ਨਾ ਜਾਣ ਦੇਣ ਦੀ ਬੇਨਤੀ ਕਰਦਿਆਂ ਉਨ੍ਹਾਂ ਨੂੰ ਮੁੜ ਐਸਟੀਐਫ ਦਾ ਮੁਖੀ ਲਾਏ ਜਾਣ ਲਈ ਜੋਰ ਪਾਇਆ। ਜਿਸ ਗੱਲ ਨੂੰ ਮੰਨਦਿਆਂ ਮੁੱਖ ਮੰਤਰੀ ਨੇ ਸਿੱਧੂ ਨੂੰ ਐਸਟੀਐਫ ਦਾ ਮੁਖੀ ਥਾਪ ਦਿੱਤਾ ਹੈ। ਹੁਣ ਮੁੱਖ ਮੰਤਰੀ ਵੱਲੋਂ ਸਿੱਧੂ ਦਾ ਵਿਰੋਧ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਖਤ ਸੁਨੇਹਾ ਦਿੱਤੇ ਜਾਣਾ ਇਹ ਸਾਫ ਕਰਦਾ ਹੈ ਕਿ ਇਸ ਵਾਰ ਕੈਪਟਨ ਕਿਸੇ ਵੀ ਪੁਲਿਸ ਅਧਿਕਾਰੀ ਦੇ ਦਬਾਅ ਹੇਠ ਆ ਕੇ ਸਿੱਧੂ ਕੋਲੋਂ ਐਸਟੀਐਫ ਦਾ ਚਾਰਜ ਵਾਪਸ ਲੈਣ ਦੇ ਮੂੜ ਵਿੱਚ ਨਹੀਂ ਹਨ।