ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਰੀ ਮੌਸਮ ਦੀ ਭਵਿੱਖਬਾਣੀ (ਪੰਜਾਬ)

TeamGlobalPunjab
4 Min Read

ਆਉਣ ਵਾਲੇ 72 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਅਤੇ ਉਸ ਤੋਂ ਬਾਅਦ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ।

ਚੇਤਾਵਨੀ: ਆਉਣ ਵਾਲੀ 20-21 ਮਾਰਚ ਨੂੰ ਕਿਤੇ-ਕਿਤੇ ਤੇਜ਼ ਗਰਜ-ਚਮਕ ਨਾਲ ਛਿੱਟੇ ਪੈਣ ਦਾ ਅਨੁਮਾਨ ਹੈ।
ਅਗਲੇ ਦੋ ਦਿਨਾਂ ਦਾ ਮੌਸਮ: ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।

ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਹਾਲ –ਇਲਾਕੇ/
ਮੌਸਮੀ ਪੈਮਾਨੇ ਨੀਮ ਪਹਾੜੀ ਇਲਾਕੇ ਮੈਦਾਨੀ ਇਲਾਕੇ ਦੱਖਣ-ਪੱਛਮੀ ਇਲਾਕੇ

ਵੱਧ ਤੋਂ ਵੱਧ ਤਾਪਮਾਨ (ਡਿ.ਸੈਂ) 26-29, 26-29, 27-30
ਘੱਟ ਤੋਂ ਘੱਟ ਤਾਪਮਾਨ (ਡਿ.ਸੈਂ) 12-17, 12-17, 14-17
ਸਵੇਰ ਦੀ ਨਮੀ (%) 75-85 70-85 70-85
ਸ਼ਾਮ ਦੀ ਨਮੀ (%) 46-65 46-65 46-65

- Advertisement -

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ: ਆਉਣ ਵਾਲੇ 2-3 ਦਿਨਾਂ ਦੌਰਾਨ ਖੁਸ਼ਕ ਮੌਸਮ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸਾਨ ਵੀਰਾਂ ਨੂੰ ਕੀੜੇ-ਮਕੌੜੇ ਜਾਂ ਕਿਸੇ ਵੀ ਬਿਮਾਰੀ ਤੋਂ ਫਸਲ ਨੂੰ ਬਚਾਉਣ ਲਈ ਸਪ੍ਰੇਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਖੇਤੀ ਫਸਲਾਂ: ਕਣਕ (ਦਾਣੇ ਬੰਨਣਾ): ਪੀਲੀ ਕੁੰਗੀ ਦੀ ਆਮਦ ਦੇਖਣ ਲਈ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰੋ। ਸ਼ੁਰੂ ਵਿੱਚ ਹੀ ਪੀਲੀ ਕੁੰਗੀ ਦੇ ਹਮਲੇ ਵਾਲੀਆਂ ਧੌੜੀਆਂ ਤੇਂ 0-1 ਪ੍ਰਤੀਸ਼ਤ ਕੈਵੀਅਟ /ਉਪੇਰਾ/ ਟਿਲਟ/ਸਟਿਲਟ/ਬੰਪਰ/ਕੰਮਪਾਸ/ਮਾਰਕਜੋਲ ਦਾ/ਛਿੜਕਾਅ ਕਰੋ।

ਕਰਨਾਲ ਬੰਟ ਮੁਕਤ ਬੀਜ ਤਿਆਰ ਕਰਨ ਲਈ ਫ਼ਸਲ ਤੇ ਟਿਲਟ 25 ਤਾਕਤ ਦੀ 200 ਮਿਲੀਲਿਟਰ ਮਾਤਰਾ 200 ਲਿਟਰ ਪਾਣੀ ਵਿੱਚ ਪਾ ਕੇ ਸਿੱਟੇ ਨਿਕਲਣ ਵੇਲੇ ਇੱਕ ਛਿੜਕਾਅ ਕਰੋ।

ਕਣਕ ਦੀ ਫ਼ਸਲ ਵਿੱਚ ਸੈਨਿਕ ਸੁੰਡੀ ਦੀ ਰੋਕਥਾਮ ਲਈ 400 ਮਿਲੀਲੀਟਰ ਐਕਾਲਕਸ 25 ਈ ਸੀ ਨੂੰ 80-100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਕਣਕ ਉਪਰ ਚੇਪੇ ਦੀ ਰੋਕਥਾਮ ਲਈ 20 ਗ੍ਰਾਮ ਐਕਟਾਰਾ/ਤਾਇਓ 25 ਡਬਲਯੂ. ਜੀ. ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

- Advertisement -

ਤੇਲਬੀਜ (ਪੱਕਣ ਦੇ ਨੇੜੇ): ਸਰੋਂ ਦੀ ਚਿੱਟੀ ਕੁੰਗੀ ਤੋਂ ਬਚਾਅ ਲਈ 250 ਗ੍ਰਾਮ ਰਿਡੋਮਿਲ ਗੋਲਡ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪੈਣ ‘ਤੇ 20 ਦਿਨਾਂ ਬਾਅਦ ਇਹ ਛਿੜਕਾਅ ਫਿਰ ਦੁਹਰਾਓ।

ਸਰ੍ਹੋਂ ਤੇ ਚੇਪੇ ਦੀ ਰੋਕਥਾਮ ਲਈ ਕੀੜੀਆਂ ਦੀ ਆਰਥਕ ਕਗਾਰ ਪਹੁੰਚਣ ਤੇ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਮੈਟਾਸਿਸਟਾਕਸ 25 ਤਾਕਤ ਜਾਂ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨ/ਕੋਰੋਬਾਨ 20 ਤਾਕਤ ਨੂੰ 80-125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ।ਛਿੜਕਾਅ ਦੁਪਹਿਰ ਬਾਅਦ ਕਰਨਾ ਚਾਹੀਦਾ ਹੈ।

ਸਬਜ਼ੀਆਂ: ਇਹ ਸਮਾਂ ਟਮਾਟਰ, ਬੈਂਗਣ, ਮਿਰਚ ਅਤੇ ਪਲੱਗ ਟਰੇ ਜਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਤਿਆਰ ਕੀਤੇ ਕੱਦੂ ਜਾਤੀ ਦੇ ਬੂਟਿਆਂ ਨੂੰ ਖੇਤ ਵਿੱਚ ਲਾਉਣ ਲਈ ਢੁੱਕਵਾਂ ਹੈ। ਇਹ ਸਮਾਂ ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜੀਆਂ ਨੂੰ ਬੀਜਣ ਲਈ ਵੀ ਢੁੱਕਵਾਂ ਹੁੰਦਾ ਹੈ।

ਚੱਲ ਰਿਹਾ ਮੌਸਮ ਟਮਾਟਰ ਦੇ ਪਿਛੇਤੇ ਝੁਲਸ ਰੋਗ ਲਈ ਅਨੁਕੂਲ ਹੈ।ਟਮਾਟਰ ਦੀ ਫਸਲ ਨੂੰ ਇਸ ਰੋਗ ਤੋਂ ਬਚਾਉਣ ਲਈ 600 ਗ੍ਰਾਮ ਇੰਡੋਫਿਲ ਐਮ -45 ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਬਾਗਬਾਨੀ: ਇਹ ਮੌਸਮ ਸਦਾਬਹਾਰ ਫ਼ਲਦਾਰ ਬੂਟੇ ਜਿਵੇਂਕਿ ਨਿੰਬੂ ਜਾਤੀ ਦੇ ਫ਼ਲ, ਅਮਰੂਦ, ਲੀਚੀ, ਅੰਬ, ਚੀਕੂ, ਪਪੀਤਾ ਆਦਿ ਲਗਾਉਣ ਲਈ ਬਹੁਤ ਢੁਕਵਾਂ ਹੈ ।

ਨਿੰਬੂ ਜਾਤੀ ਦੇ ਬੂਟਿਆਂ ਦਾ ਸਿੱਟਰਸ ਸਿੱਲਾ ਅਤੇ ਸੁਰੰਗੀ ਕੀੜਾ ਮਾਰਨ ਲਈ 200 ਮਿਲੀਲਿਟਰ ਕਰੋਕੋਡਾਈਲ/ਕੰਨਫੀਡੋਰ ਜਾਂ 160 ਗ੍ਰਾਮ ਐਕਟਾਰਾ (ਈਮਿਡਾਕਲੋਪਰਿੱਡ) ਦਾ 500 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਨਿੰਬੂ ਜਾਤੀ ਵਿੱਚ ਗੂੰਦੀਆ ਰੋਗ ਨੂੰ ਰੋਕਣ ਲਈ 25 ਗ੍ਰਾਮ ਕਰਜੇਟ ਐਮ-8 ਨੂੰ 10 ਲਿਟਰ ਪਾਣੀ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੇ ਆਲੇ-ਦੁਆਲੇ ਗੱੜੁਚ ਕਰੋ। ਇਸ ਤੋਂ ਇਲਾਵਾ ਇਸ ਦੀ ਰੋਕਥਾਮ ਲਈ ਸੋਡੀਅਮ ਹਾਈਪੋਕਲੋਰਾਈਟ (੫%) 50 ਮਿ.ਲੀ. ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਮੁੱਢਾਂ ਅਤੇ ਛੱਤਰੀ ਹੇਠ ਜ਼ਮੀਨ ਉਪਰ ਛਿੜਕਿਆ ਜਾ ਸਕਦਾ ਹੈ।

Share this Article
Leave a comment