ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ ਚਾਰ ਵਿਖੇ ਹੋਏ ਸਾਦੇ ਢੰਗ ਨਾਲ ਅਨੰਦ ਕਾਰਜ

TeamGlobalPunjab
2 Min Read

ਮੋਹਾਲੀ (ਅਵਤਾਰ ਸਿੰਘ) : ਗੁਰਦੁਆਰਾ ਸਾਹਿਬ ਵਿੱਚ ਸਾਫ ਸਫਾਈ ,ਕਈ ਟਾਈਮ ਵਿਸ਼ੇਸ਼ ਦਵਾਈਆਂ ਅਤੇ ਕੈਮੀਕਲਾਂ ਨਾਲ ਸੈਨੀਟਾਈਜ ਕਰਨ ਕਰਕੇ ਅਤੇ ਸੁਚੱਜੇ ਪ੍ਰਬੰਧਾਂ ਕਰਕੇ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ ਚਾਰ ਦੀ ਇੰਨੀ ਸ਼ੋਭਾ ਬਣੀ ਹੈ ਕਿ ਜਿਸ ਕਾਰਨ ਦੂਰ ਦੁਰਾਡੇ ਤੋਂ ਵੀ ਕਈ ਲੋਕਾਂ ਨੇ ਉਚੇਚੇ ਤੌਰ ‘ਤੇ ਫੇਜ਼ ਚਾਰ ਦੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਆਨੰਦ ਕਾਰਜ ਕਰਵਾਏ ਹਨ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਹੈ ਕਿ ਹੁਣ ਤੱਕ ਤਕਰੀਬਨ ਬਾਰਾਂ ਦੇ ਕਰੀਬ ਅਨੰਦ ਕਾਰਜ ਇੱਥੇ ਹੋ ਚੁੱਕੇ ਹਨ ਅਤੇ ਅੱਜ (ਸ਼ੁੱਕਰਵਾਰ) ਨੂੰ ਵੀ ਇਸੇ ਦੇ ਤਹਿਤ ਹੀ ਇੱਕ ਹੋਰ ਅਨੰਦ ਕਾਰਜ ਹੋਇਆ ਜਿਸ ਵਿੱਚ ਬਰਾਤ ਪਟਿਆਲੇ ਤੋਂ ਆਈ ਸੀ ਅਤੇ ਕੁੜੀ ਵਾਲੇ ਸੁਹਾਣੇ ਤੋਂ ਸਨ।

ਲੜਕੀ ਦੇ ਪਿਤਾ ਸਰਦਾਰ ਬਲਵਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਗੁਰਦੁਆਰਾ ਸਾਹਿਬ ਨੂੰ ਰੋਜ਼ਾਨਾਂ ਤਿੰਨ ਟਾਈਮ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਹਰ ਐਂਟਰੀ ਪੁਆਇੰਟ ‘ਤੇ ਸੈਨੇਟਾਈਜ਼ਰ ਵੀ ਰੱਖੇ ਹੋਏ ਹਨ, ਜਿਸ ਕਰਕੇ ਉਨ੍ਹਾਂ ਨੇ ਮੁਹਾਲੀ ਫੇਜ਼ ਚਾਰ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿੱਚ ਹੀ ਆਪਣੀ ਬੇਟੀ ਦੇ ਅਨੰਦ ਕਾਰਜ ਕਰਾਉਣ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਸਿਰਫ਼ ਚਾਰ ਜਣੇ ਲੜਕੇ ਵਾਲੇ ਪਟਿਆਲੇ ਤੋਂ ਆਏ ਸਨ।

ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ ਚਾਰ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਅਨੰਦ ਕਾਰਜ ਵਾਲਿਆਂ ਦਾ ਲੰਗਰ ਦਾ ਵਿਸ਼ੇਸ਼ ਤੇ ਉਚੇਚਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ ਵੱਲੋਂ ਹੀ ਕੀਤਾ ਜਾਂਦਾ ਹੈ ਅਤੇ ਖਾਸ ਤੌਰ ‘ਤੇ ਪ੍ਰਸ਼ਾਸ਼ਨ ਵਲੋਂ ਦਿੱਤੀਆਂ ਗਈਆਂ ਗਾਈਡ ਲਾਈਨਜ਼/ਦਿਸ਼ਾ ਨਿਰਦੇਸ਼ਾਂ ਨੂੰ ਪੂਰੀ ਤਰਾਂ ਅਮਲ ਵਿੱਚ ਲਿਆਂਦਾ ਜਾਂਦਾ ਹੈ। ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਇਸ ਸਮੇਂ ਕਰੋਨਾ ਵਾਇਰਸ ਦੀ ਮਹਾਮਾਰੀ ਤੋਂ ਲੋਕਾਈ ਨੂੰ ਬਚਾਉਣ ਲਈ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ।

Share This Article
Leave a Comment