ਇੰਡਸਟਰੀ ਦਾ ਨਾਮੋ-ਨਿਸ਼ਾਨ ਮਿਟਾ ਦੇਣਗੇ ਕੈਪਟਨ ਸਰਕਾਰ ਦੇ ਤੁਗ਼ਲਕੀ ਫ਼ਰਮਾਨ: ਅਮਨ ਅਰੋੜਾ

TeamGlobalPunjab
4 Min Read

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਦੀ ਇੰਡਸਟਰੀ ਉੱਤੇ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਪੀਕ ਲੋਡ ਚਾਰਜਿਜ਼ ਦੇ ਨਾਂ ‘ਤੇ ਪ੍ਰਤੀ ਯੂਨਿਟ 2 ਰੁਪਏ ਮਹਿੰਗੀ ਕੀਤੀ ਬਿਜਲੀ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਨੂੰ ਤੁਗ਼ਲਕੀ ਫ਼ਰਮਾਨ ਕਿਹਾ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ, ਬਿਜਲੀ ਮੋਰਚਾ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਵਪਾਰ ਵਿੰਗ ਦੀ ਸੂਬਾ ਪ੍ਰਧਾਨ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪਹਿਲੀ ਹੀ ਅਨੇਕਾਂ ਚੁਨੌਤੀਆਂ ਦਾ ਸਾਹਮਣਾ ਕਰ ਰਹੀ ਸਨਅਤ ਬਾਰੇ ਕਾਂਗਰਸ ਦੀ ਸਰਕਾਰ ਐਨੀ ਨਿਰਦਈ ਕਿਉਂ ਹੋ ਗਈ ਹੈ। ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਜਿਹੇ ਫ਼ਰਮਾਨ ਜਾਰੀ ਕਰਕੇ ਪੰਜਾਬ ਵਿਚੋਂ ਇੰਡਸਟਰੀ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੀ ਹੈ, ਕਿਉਂਕਿ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰੰਤੂ ਇਹ ਵਾਅਦੇ ਪੂਰਾ ਨਾ ਕਰਕੇ ਕੈਪਟਨ ਸਰਕਾਰ ਇੰਡਸਟਰੀ ਤੋਂ 9 ਤੋਂ 10 ਰੁਪਏ ਪ੍ਰਤੀ ਯੂਨਿਟ ਬਿਜਲੀ ਲੈ ਰਹੀ ਸੀ ਅਤੇ ਜੋ ਹਾਲ ਹੀ ਫ਼ਰਮਾਨ ਜਾਰੀ ਕੀਤਾ ਹੈ ਇਸ ਮੁਤਾਬਿਕ ਇੰਡਸਟਰੀ ਨੂੰ ਕਰੀਬ 11 ਤੋਂ 12 ਰੁਪਏ ਪ੍ਰਤੀ ਯੂਨਿਟ ਬਿਜਲੀ ਪਏਗੀ।

ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਚੋਣ ਮੈਨੀਫੈਸਟੋ ‘ਚ ਜਿੰਨੇ ਵੀ ਵਾਅਦੇ ਕੀਤੇ ਸਨ ਉਹ ਪੂਰੇ ਕਰ ਦਿੱਤੇ ਹਨ, ਇਹ ਸਰਾਸਰ ਝੂਠ ਹੈ। ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕੋ-ਇੱਕ ਵਾਅਦਾ ਪੰਜਾਬ ਦੀ ਇੰਡਸਟਰੀ ਨਾਲ ਕੀਤਾ ਸੀ ਕਿ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਫਿਕਸਡ ਚਾਰਜ ਦੀ ਸਹੂਲਤ ਦਿੱਤੀ ਜਾਵੇਗੀ, ਪਰੰਤੂ ਅਫ਼ਸੋਸ ਕੈਪਟਨ ਸਰਕਾਰ ਦੇ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਇੰਡਸਟਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਤਾਂ ਕੀ ਦੇਣਾ ਸੀ ਉਨ੍ਹਾਂ ‘ਤੇ ਹੋਰ ਬੋਝ ਵਧਾਉਂਦੇ ਹੋਏ 9 ਤੋਂ 10 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਅੱਜ ਹਲਾਤ ਅਜਿਹੇ ਬਣ ਗਏ ਹਨ ਕਿ ਪੰਜਾਬ ਵਿਚੋਂ ਇੰਡਸਟਰੀਆਂ ਦੂਜੇ ਰਾਜਾਂ ਵਿਚ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਰਹੀਆਂ ਹਨ।

ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਂਮਾਰੀ ਦੌਰਾਨ ਇੰਡਸਟਰੀ ਵਰਗ ਨਾਲ ਵਾਅਦਾ ਕੀਤਾ ਕਿ 300 ਕਰੋੜ ਰੁਪਏ ਦਾ ਇੱਕ ਰਿਲੀਫ ਪੈਕੇਜ, ਜਿਸ ਵਿਚ ਐਮਐਸ (ਮਿਡਲ ਸਕੇਲ ਅਤੇ ਲਾਰਜ ਸਕੇਲ) ਦੇ ਜਿਹੜੇ ਵੀ ਫਿਕਸਡ ਖ਼ਰਚੇ ਸਨ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਪਰੰਤੂ ਜਿਸ ਤਰਾਂ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਆਦਤ ਤੋਂ ਮਜਬੂਰ ਹਨ ਉਹ ਇਸ ਵਾਅਦੇ ਤੋਂ ਵੀ ਪਲਟ ਗਏ ਅਤੇ 300 ਕਰੋੜ ਰੁਪਏ ਦਾ ਬੋਝ ਪੰਜਾਬ ਦੀ ਇੰਡਸਟਰੀ ‘ਤੇ ਪੈ ਗਿਆ ਹੈ।

- Advertisement -

ਨੀਨਾ ਮਿੱਤਲ ਨੇ ਕਿਹਾ ਕਿ ਇੱਥੇ ਹੀ ਬਸ ਨਹੀਂ ਹੁੰਦਾ ਕੈਪਟਨ ਸਰਕਾਰ ਨੇ 20 ਹਜ਼ਾਰ ਰੁਪਏ ਦਾ ਫਾਇਰ ਸੈਸ ਨਾਂ ਦਾ ਇੱਕ ਹੋਰ ਟੈਕਸ ਇੰਡਸਟਰੀ ਉੱਤੇ ਲੱਗਾ ਦਿੱਤਾ ਹੈ ਜੋ ਇੰਡਸਟਰੀ ਨੂੰ ਹਰ ਸਾਲ ਦੇਣਾ ਪਵੇਗਾ। ਕੈਪਟਨ ਅਮਰਿੰਦਰ ਸਿੰਘ ਇੰਡਸਟਰੀ ਵਿਰੋਧੀ ਫ਼ੈਸਲੇ ਲੈ ਕੇ ਇੰਡਸਟਰੀ ਵਰਗ ਨੂੰ ਬਰਬਾਦੀ ਦੇ ਰਾਹ ਵੱਲ ਨੂੰ ਲੈ ਕੇ ਜਾ ਰਹੇ ਹਨ, ਜੋ ਪੰਜਾਬ ਲਈ ਬਹੁਤ ਵੱਡੀ ਘਾਤਕ ਸਿੱਧ ਹੋ ਸਕਦੀ ਹੈ।

‘ਆਪ’ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਤੁਗ਼ਲਕੀ ਫ਼ਰਮਾਨ ਵਾਪਸ ਨਾ ਲਿਆ ਤਾਂ ‘ਆਪ’ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰੇਗੀ।

Share this Article
Leave a comment