ਅੰਮ੍ਰਿਤਸਰ: ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਭਾਰਤ ‘ਚ ਘੁਸਪੈਠ ਕਰ ਰਹੀ ਇੱਕ ਪਾਕਿਸਤਾਨੀ ਮਹਿਲਾ ਨੂੰ ਗੋਲੀ ਮਾਰ ਦਿੱਤੀ। ਮਹਿਲਾ ਭਾਰਤ ਦੀ ਸਰਹਦ ‘ਚ ਘੁਸਪੈਠ ਕਰ ਰਹੀ ਸੀ ਤੇ ਬੀਐਸਐਫ ਜਵਾਨਾਂ ਵੱਲੋਂ ਚਿਤਾਵਨੀ ਦੇਣ ਦੇ ਬਾਵਜੂਦ ਉਹ ਨਹੀਂ ਰੁਕੀ ਜਿਸ ਤੋਂ ਬਾਅਦ ਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਐਸਐਫ ਦੀ ਬਸੰਤਰ ਬਾਰਡਰ ਪੋਸਟ ‘ਤੇ ਤਾਇਨਾਤ 10ਵੀਂ ਬਟਾਲੀਅਨ ਨੇ ਦੇਰ ਰਾਤ ਪਾਕਿਸਤਾਨ ਵਾਲੇ ਪਾਸਿਓਂ ਔਰਤ ਨੂੰ ਭਾਰਤ ਵਿੱਚ ਦਾਖ਼ਲ ਹੁੰਦੇ ਵੇਖਿਆ। ਜਵਾਨਾਂ ਨੇ ਤੁਰੰਤ ਉਸ ਨੂੰ ਲਲਕਾਰਿਆ, ਪਰ ਉਹ ਨਾ ਰੁਕੀ ਤਾਂ ਜਵਾਨਾਂ ਨੇ ਉਸ ‘ਤੇ ਗੋਲ਼ੀ ਚਲਾ ਦਿੱਤੀ। ਗੋਲ਼ੀ ਵੱਜਦਿਆਂ ਹੀ ਮਹਿਲਾ ਉੱਥੇ ਹੀ ਡਿੱਗ ਪਈ ਜਿਸਦੀ ਉਮਰ 25 ਤੋਂ 30 ਸਾਲ ਦੱਸੀ ਜਾ ਰਹੀ ਹੈ। ਜਵਾਨਾਂ ਨੇ ਔਰਤ ਨੂੰ ਜ਼ਖ਼ਮੀ ਹਾਲਤ ਵਿੱਚ ਗੁਰਦਾਸਪੁਰ ਦੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਜ਼ਖ਼ਮੀ ਮਹਿਲਾ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਫਿਲਹਾਲ ਉਹ ਸਦਮੇ ਵਿੱਚ ਹੈ ਤੇ ਗੱਲ ਕਰਨ ਦੀ ਹਾਲਤ ਵਿੱਚ ਨਹੀਂ। ਉਸ ਦਾ ਇਲਾਜ ਚੱਲ ਰਿਹਾ ਹੈ ਤੇ ਹਾਲਤ ਸਥਿਰ ਹੈ। ਉਕਤ ਮਹਿਲਾ ‘ਤੇ ਪੁਲਿਸ ਦਾ ਪਹਿਰਾ ਵੀ ਲਾਇਆ ਗਿਆ ਹੈ ਤੇ ਡਾਕਟਰਾਂ ਵੱਲੋਂ ਆਪ੍ਰੇਸ਼ਨ ਕਰਨ ਮਗਰੋਂ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।