ਕਰਤਾਰਪੁਰ ਲਾਂਘਾ ਉਸਾਰੀ ਕਾਰਜਾਂ ‘ਚ ਵੱਡੇ ਪੱਧਰ ‘ਤੇ ਹੋ ਰਹੀਆਂ ਨੇ ਗੜਬੜੀਆਂ, ਅਮਨ ਅਰੋੜਾ ਨੇ ਕਰਤੇ ਵੱਡੇ ਖੁਲਾਸੇ

TeamGlobalPunjab
3 Min Read

ਸੁਨਾਮ : ਇੰਨੀ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਹਰ ਦਿਨ ਕਿਸੇ ਨਾ ਕਿਸੇ ਮੁੱਦੇ ‘ਤੇ ਬੇਬਾਕੀ ਨਾਲ ਬੋਲ ਕੇ ਸਾਰਿਆਂ ਦਾ ਧਿਆਨ ਆਪਣੇ ਵੱਖ ਖਿੱਚ ਰਹੇ ਹਨ। ਜਿਸ ਦਾ ਨੋਟਿਸ ਨਾ ਸਿਰਫ ਆਮ ਜਨਤਾ ਲੈ ਰਹੀ ਹੈ, ਬਲਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਲੋਕ ਵੀ ਅਰੋੜਾ ਦੀ ਇਸ ਬਿਆਨਬਾਜ਼ੀ ‘ਤੇ ਗੱਡੀ ਬੈਠੇ ਹਨ। ਇਸ ਦੇ ਚਲਦਿਆਂ ਅਰੋੜਾ ਨੇ ਹੁਣ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਕਈ ਵੱਡੇ ਖੁਲਾਸੇ ਕੀਤੇ ਹਨ। ਅਮਨ ਅਰੋੜਾ ਦਾ ਦਾਅਵਾ ਹੈ ਕਿ ਕਾਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ‘ਚ ਵੀ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਸਾਰੀ ਲਈ ਜਿਹੜਾ ਰੇਤਾ ਬਜ਼ਰੀ ਵਰਤਿਆ ਜਾ ਰਿਹਾ ਹੈ ਉਸ ‘ਤੇ ਰੇਤ ਮਾਫੀਆ ਭਾਰੀ ਟੈਕਸ ਵਸੂਲ ਰਿਹਾ ਹੈ। ਅਰੋੜਾ ਨੇ ਦੋਸ਼ ਲਾਇਆ ਕਿ ਇਸ ਕੰਮ ਵਿੱਚ ਮੌਜੂਦਾ ਸੱਤਾਧਾਰੀ ਕਾਂਗਰਸ ਸਰਕਾਰ ਉਨ੍ਹਾਂ ਨੂੰ ਸ਼ੈਅ ਦੇ ਰਹੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਲਾਂਘੇ ਦੀ ਉਸਾਰੀ ਵਿੱਚ ਹੋ ਰਹੀ ਦੇਰੀ ਦਾ ਇਹੋ ਕਾਰਨ ਹੈ ਕਿ ਇਸ ਰੇਤ ਮਾਫੀਆ ਕਾਰਨ ਕੰਪਨੀਆਂ ਨੂੰ ਲੋੜੀਂਦਾ ਸਮਾਨ ਸਮੇਂ ਸਿਰ ਨਹੀਂ ਪਹੁੰਚ ਰਿਹਾ।

ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਾਲੇ ਪਾਸਿਓਂ 90 ਪ੍ਰਤੀਸ਼ਤ ਕੰਮ ਮੁਕੰਮਲ ਹੋ ਗਿਆ ਹੈ ਤੇ ਭਾਰਤ ਵਾਲੇ ਪਾਸੇ ਕਾਂਗਰਸੀਆਂ ਅਤੇ ਅਕਾਲੀਆਂ ਦੇ ਲਾਲਚੀ ਰਵੱਈਏ ਕਾਰਨ ਕੰਮ ਵਿੱਚ ਹੀ ਵਿਘਨ ਪੈ ਰਿਹਾ ਹੈ ਜਿਸ ਕਾਰਨ ਲਾਂਘੇ ਦਾ ਕੰਮ ਪ੍ਰਕਾਸ਼ ਪੁਰਬ ਤੱਕ ਸੰਪੂਰਨ ਹੋਣਾ ਕਾਫੀ ਮੁਸ਼ਕਲ ਜਾਪਦਾ ਹੈ। ਅਰੋੜਾ ਅਨੁਸਾਰ ਜਿਹੜੀ ਸੀਗਲ ਕੰਪਨੀ ਕੋਲ ਇਸ ਕੰਮ ਨੂੰ ਕਰਨ ਦਾ ਜਿੰਮਾ ਹੈ ਉਸ ਨੂੰ ਰੇਤ ਅਤੇ ਬਜ਼ਰੀ ਦੀ ਘਾਟ ਪੈ ਰਹੀ ਹੈ ਜਿਸ ਕਾਰਨ ਇਹ ਕੰਮ ਨੇਪਰੇ ਨਹੀਂ ਚੜ੍ਹ ਪਾ ਰਿਹਾ। ਅਰੋੜਾ ਦੋਸ਼ ਲਾਉਂਦੇ ਹਨ ਕਿ ਗੁੰਡਾ ਟੈਕਸ ਵਸੂਲਣ ਵਾਲੇ ਲਗਾਤਾਰ ਇਸ ਕੰਮ ਵਿੱਚ ਠੱਲ ਪਾ ਰਹੇ ਹਨ। ਅਰੋੜਾ ਨੇ ਦੋਸ਼ ਲਾਇਆ ਕਿ ਇਨ੍ਹਾਂ ਗੁੰਡਾ ਟੈਕਸ ਵਸੂਲਣ ਵਾਲੇ ਲੋਕਾਂ ਕਾਰਨ ਹੀ ਅੱਜ ਬੱਜਰੀ ਅਤੇ ਰੇਤ ਦੇ ਭਾਅ ਅਸਮਾਨੀ ਚੜ੍ਹਦੇ ਜਾ ਰਹੇ ਹਨ ਤੇ ਧਾਰਮਿਕ ਕਾਰਜਾਂ ‘ਚ ਵੀ ਇਹ ਲੋਕ ਟੈਕਸ ਵਸੂਲਣੋਂ ਪਿੱਛੇ ਨਹੀਂ ਹਟ ਰਹੇ। ਅਰੋੜਾ ਨੇ ਦੋਸ਼ ਲਾਇਆ ਕਿ ਅਕਾਲੀ ਦਲ ਵੱਲੋਂ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ‘ਚ ਲੁੱਟ ਕੀਤੀ ਜਾਂਦੀ ਹੈ ਪਰ ਕਾਂਗਰਸ ਸਰਕਾਰ ਨੇ ਤਾਂ ਉਨ੍ਹਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਆਮ ਆਦਮੀ ਪਾਰਟੀ ਵਿਧਾਇਕ ਅਮਨ ਅਰੋੜਾ ਨੇ ਇੱਥੇ ਮੰਗ ਕੀਤੀ ਕਿ ਇਨ੍ਹਾਂ ਗੁੰਡਾ ਟੈਕਸ ਵਸੂਲਣ ਵਾਲੇ ਲੋਕਾਂ ‘ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ। ਅਰੋੜਾ ਨੇ ਕਿਹਾ ਕਿ ਜੇਕਰ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ‘ਚ ਦੇਰੀ ਹੁੰਦੀ ਹੈ ਤਾਂ ਇਸ ਦੀ ਜਿੰਮੇਵਾਰ ਸੱਤਾਧਾਰੀ ਕੈਪਟਨ ਸਰਕਾਰ ਹੋਵੇਗੀ ਕਿਉਂਕਿ ਉਨ੍ਹਾਂ ਨੇ ਚੋਣ ਵਾਅਦਾ ਕੀਤਾ ਸੀ ਕਿ ਉਹ ਰੇਤ ਮਾਫੀਆ ਵਿਰੁੱਧ ਸਖਤ ਕਾਰਵਾਈ ਕਰਨਗੇ।

 

- Advertisement -

Share this Article
Leave a comment