ਲੁਧਿਆਣਾ : ਬੀਤੇ ਦਿਨੀ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਪੁਲਿਸ ਮੁਲਾਜ਼ਮਾਂ ਅਤੇ ਕੈਦੀਆਂ ਵਿਚਕਾਰ ਹੋਈਆਂ ਖੂਨੀ ਝੜੱਪਾਂ ਦੀਆਂ ਖਬਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਸੀ। ਇਨ੍ਹਾਂ ਝੜੱਪਾਂ ਦੌਰਾਨ ਪੁਲਿਸ ਵਾਲਿਆਂ ਵੱਲੋਂ ਕੈਦੀਆਂ ਨੂੰ ਕੰਟਰੋਲ ‘ਚ ਕਰਨ ਲਈ ਗੋਲੀਆਂ ਵੀ ਚਲਾਈਆਂ ਗਈਆਂ, ਕੁਝ ਲੋਕ ਜ਼ਖਮੀ ਵੀ ਹੋਏ ਤੇ ਇੱਕ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਪਰ ਇਸ ਸਾਰੇ ਮਾਮਲੇ ਦੌਰਾਨ ਜੋ ਅਹਿਮ ਗੱਲ ਨਿੱਕਲਕੇ ਸਾਹਮਣੇ ਆਈ, ਉਹ ਸੀ ਜੇਲ੍ਹ ਅੰਦਰ ਕੈਦੀਆਂ ਵੱਲੋਂ ਮੋਬਾਇਲ ਫੋਨ ‘ਤੇ ਬਣਾਈ ਹੋਈ ਵੀਡੀਓ ਦਾ ਵਾਇਰਲ ਹੋਣਾ। ਇਨ੍ਹਾਂ ਝੜੱਪਾਂ ਦੌਰਾਨ ਕੈਦੀਆਂ ਵੱਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਨਾਲ ਲਗਦੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੇ ਪੁਲਿਸ ਦਾ ਸਾਥ ਦਿੰਦਿਆਂ ਉਨ੍ਹਾਂ ਭੱਜਣ ਵਾਲੇ ਲੋਕਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਬਾਰੇ ਜਦੋਂ ਸਾਡੇ ਪੱਤਰਕਾਰ ਰਜਿੰਦਰ ਅਰੋੜਾ ਵੱਲੋਂ ਘਟਨਾ ਦੀ ਜਾਣਕਾਰੀ ਲਈ ਉਸ ਰਿਹਾਇਸ਼ੀ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ, ਤਾਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਝੜੱਪਾਂ ਦੌਰਾਨ ਜਿਹੜੇ ਕੈਦੀ ਉੱਥੋਂ ਭੱਜ ਰਹੇ ਸਨ ਤਾਂ ਲੋਕਾਂ ਨੇ ਪੁਲਿਸ ਦਾ ਸਾਥ ਦਿੰਦਿਆਂ 3-4 ਕੈਦੀ ਫੜਕੇ ਪੁਲਿਸ ਹਵਾਲੇ ਕਰ ਦਿੱਤੇ।
ਇਸ ਸਬੰਧੀ ਇੱਕ ਨੌਜਵਾਨ ਮੁੰਡੇ ਨੇ ਖੁਲਾਸਾ ਕਰਦਿਆਂ ਕਿ ਜੇਲ੍ਹ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਵੀ ਉਨ੍ਹਾਂ ਲੋਕਾਂ ਤੋਂ ਬੇਹੱਦ ਖਤਰਾ ਹੈ ਜਿਹੜੇ ਅਣਪਛਾਤੇ ਲੋਕ ਇੱਥੇ ਲਗਾਤਾਰ ਜੇਲ੍ਹ ਅੰਦਰ ਨਸ਼ਾ ਸੁੱਟਣ ਆਉਂਦੇ ਰਹਿੰਦੇ ਹਨ। ਨੌਜਵਾਨ ਨੇ ਕਿਹਾ ਕਿ ਕਲੋਨੀ ਵਾਲੇ ਜਦੋਂ ਆਪਣੇ ਕੰਮਾਂ ਕਾਰਾਂ ‘ਤੇ ਚਲੇ ਜਾਂਦੇ ਹਨ ਤਾਂ ਬਹੁਤ ਕਿਸਮ ਦੇ ਨਸ਼ੇ ਇਸ ਰਸਤੇ ਰਾਹੀਂ ਜੇਲ੍ਹ ਅੰਦਰ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਖੁਲਾਸਾ ਕਰਨ ਵਾਲਾ ਨੌਜਵਾਨ ਕਹਿੰਦਾ ਹੈ ਕਿ ਮੋਟਰ ਸਾਇਕਲਾਂ ਜਾਂ ਕੁਝ ਹੋਰ ਵਾਹਨਾਂ ਰਾਹੀਂ ਲਗਾਤਾਰ ਅਣਪਛਾਤੇ ਲੋਕ ਜੇਲ੍ਹ ਅੰਦਰ ਨਸ਼ਾ ਸੁੱਟਣ ਲਈ ਆਉਂਦੇ ਹਨ, ਉਨ੍ਹਾਂ ਨੂੰ ਮੁਹੱਲੇ ਵਾਲਿਆਂ ਵੱਲੋਂ ਰੋਕਿਆ ਵੀ ਜਾਂਦਾ ਹੈ। ਨੌਜਵਾਨ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਵਾਲੇ ਆਪਣੇ ਮੋਰਚਿਆਂ ‘ਤੇ ਤਾਂ ਤੈਨਾਤ ਹੁੰਦੇ ਹਨ, ਪਰ ਕੋਈ ਆ ਰਿਹਾ ਹੈ ਜਾਂ ਜਾ ਰਿਹਾ ਹੈ ਇਸ ਤੋਂ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ। ਇੱਥੇ ਇਲਾਕੇ ਦੇ ਰਹਿਣ ਵਾਲੇ ਇੱਕ ਹੋਰ ਵਿਅਕਤੀ ਨੇ ਇਹ ਵੀ ਖੁਲਾਸਾ ਕੀਤਾ ਜੋ ਕੈਦੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਉਨ੍ਹਾਂ ਨੂੰ ਲੋਕਾਂ ਵੱਲੋਂ ਕੁੱਟਿਆ ਵੀ ਗਿਆ।
ਇਲਾਕਾ ਨਿਵਾਸੀਆਂ ਨੇ ਹੋਰ ਕੀ ਕੀ ਖੁਲਾਸੇ ਕੀਤੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।