ਲੇਖਕ ਤੇ ਰੰਗਕਰਮੀ ਸਫ਼ਦਰ ਹਾਸ਼ਮੀ – ‘ਮਸ਼ੀਨ’ ਨਾਟਕ ਨੂੰ ਦੋ ਲੱਖ ਮਜ਼ਦੂਰਾਂ ਸਾਹਮਣੇ ਕੀਤਾ ਸੀ ਪੇਸ਼

TeamGlobalPunjab
3 Min Read

-ਅਵਤਾਰ ਸਿੰਘ

2 ਜਨਵਰੀ1989 ਨੂੰ ਪ੍ਰਸਿੱਧ ਲੇਖਕ, ਨੁਕੜ ਨਾਟਕਕਾਰ, ਗੀਤਕਾਰ, ਸਿਧਾਂਤਕਾਰ, ਇਨਕਲਾਬੀ ਸਫ਼ਦਰ ਹਾਸ਼ਮੀ ਨੂੰ ਗਾਜੀਆਬਾਦ ਨੇੜੇ ਸਾਹਿਬਾਬਾਦ (ਯੂ ਪੀ) ਵਿਖੇ ਕੱਟੜ ਫਿਰਕੂ ਜਨੂੰਨੀਆਂ ਵਲੋਂ ਖੇਡੇ ਜਾ ਰਹੇ ਨਾਟਕ ‘ਹੱਲਾ ਬੋਲ’ ਸਮੇਂ ਗੋਲੀਆਂ ਮਾਰ ਕੇ ਲੋਕਾਂ ਦੇ ਹਰਮਨ ਪਿਆਰੇ ਆਗੂ ਨੂੰ ਸਦਾ ਲਈ ਖੋਹ ਲਿਆ।

ਸਫਦਰ ਹਾਸ਼ਮੀ ਦਾ ਜਨਮ 12 ਅਪ੍ਰੈਲ 1954 ਨੂੰ ਦਿੱਲੀ ਵਿੱਚ ਹਨੀਫ਼ ਤੇ ਕੌਮ ਆਜ਼ਾਦ ਦੇ ਘਰ ਹੋਇਆ। ਉਨ੍ਹਾਂ ਦਾ ਮੁੱਢਲਾ ਜੀਵਨ ਅਲੀਗੜ੍ਹ ਤੇ ਦਿੱਲੀ ਵਿੱਚ ਪ੍ਰਗਤੀਸ਼ੀਲ ਮਾਰਕਸਵਾਦੀ ਪਰਿਵਾਰ ਵਿੱਚ ਬੀਤਿਆ। ਉਨ੍ਹਾਂ ਦਿੱਲੀ ਦੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਐਮ ਏ ਕੀਤੀ। ਇਸ ਸਮੇਂ ਉਹ ਮਾਰਕਸਵਾਦੀ ਪਾਰਟੀ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਸੰਪਰਕ ਵਿੱਚ ਰਹੇ ਤੇ ‘ਇਪਟਾ’ ਨਾਲ ਜੁੜ ਕੇ ਨਾਟਕ ਕਰਦੇ ਰਹੇ। ਉਨ੍ਹਾਂ ਕਈ ਵਿਸ਼ਵ ਵਿਦਿਆਲਿਆਂ ਵਿੱਚ ਪੜਾਇਆ ਤੇ ਪੱਛਮੀ ਬੰਗਾਲ ਦੀ ਸਰਕਾਰ ਵਿੱਚ ਸੂਚਨਾ ਅਧਿਕਾਰੀ ਦੇ ਅਹੁਦੇ ‘ਤੇ ਕੰਮ ਕਰਦੇ ਰਹੇ। ਉਨ੍ਹਾਂ 1983 ‘ਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

1973 ਵਿੱਚ ਸੀ ਪੀ ਐਮ ਦੀ ਨੀਤੀ ਅਨੁਸਾਰ ਇਪਟਾ ਤੋਂ ਵੱਖਰੇ ਹੋ ਕੇ ‘ਜਨ ਨਾਟਯ ਮੰਚ’ ਦੀ ਸਥਾਪਨਾ ਕਰਕੇ ਨੁੱਕੜ ਨਾਟਕ ਕਰਦੇ ਰਹੇ।

1979 ਵਿੱਚ ਜੀਵਨ ਸਾਥੀ ਮਾਲਾ ਨਾਲ ਮਿਲ ਕੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹੇ। ਉਨ੍ਹਾਂ ਐਮਰਜੈਂਸੀ ਦੌਰਾਨ ਵੀ ਕਈ ਨੁੱਕੜ ਨਾਟਕ ਖੇਡੇ।

ਸੀ ਪੀ ਐਮ (ਐਲ) ਵਿਚਾਰਧਾਰਾ ਨੇ ਉਨ੍ਹਾਂ ਨੂੰ ਕਾਫੀ ਪ੍ਰਭਾਵਤ ਕੀਤਾ। ‘ਮਸ਼ੀਨ’ ਨਾਟਕ ਨੂੰ ਦੋ ਲੱਖ ਮਜ਼ਦੂਰਾਂ ਸਾਹਮਣੇ ਪੇਸ਼ ਕੀਤਾ।

ਕਿਸਾਨੀ ਨਾਲ ਸਬੰਧਤ (ਪਿੰਡ ਤੋਂ ਸ਼ਹਿਰ ਤੱਕ), ਘਰੇਲੂ ਹਿੰਸਾ (ਔਰਤ), ਬੇਰੋਜ਼ਗਾਰੀ (ਤਿੰਨ ਕਰੋੜ ਦਾ ਡਰਾਮਾ), ਮਹਿੰਗਾਈ (ਡੀ ਟੀ ਸੀ ਦੀ ਧਾਂਦਲੀ), ਫਿਰਕਾਪ੍ਰਸਤੀ (ਅਗਵਾ ਭਾਈਚਾਰੇ ਦਾ), ਹਤਿਆਰੇ, ਰਾਜਾ ਕਾ ਬਾਜਾ ਆਦਿ ਲਿਖ ਕੇ ਖੇਡੇ। ਉਨ੍ਹਾਂ ਕਈ ਗੀਤ ਤੇ ਕਵਿਤਾਵਾਂ ਲਿਖੀਆਂ। ਕਿਤਾਬੇਂ ਬਾਤੇ ਕਰਤੀ ਹੈ ਬੀਤੇ ਜ਼ਮਾਨੇ ਕੀ, ਦੁਨੀਆਂ ਕੀ ਇਨਸਾਨੋ ਕੀ, ਅੱਜ ਕੱਲ੍ਹ ਦੀ ਕਿਤਾਬੇਂ ਕੁਛ ਕਹਿਣਾ ਚਾਹਤੀ ਹੈਂ, ਤੁਮਹਾਰੇ ਪਾਸ ਰਹਿਣਾ ਚਾਹਤੀ ਹੈ।

ਉਹ ਧਰਮ ਨਿਰਪੇਖਤਾ ਤੇ ਵਿਗਿਆਨ ਸੰਸਕ੍ਰਿਤੀ ਦੇ ਹਾਮੀ ਸਨ। ਹਿੰਦੂ ਮੁਸਲਿਮ ਏਕਤਾ ਨੂੰ ਕਾਇਮ ਰੱਖਣ ਦੇ ਲਈ ਲੜਦੇ ਰਹੇ। ਉਨ੍ਹਾਂ ਕਈ ਟੈਲੀ ਫਿਲਮਾਂ ਦੇ ਸਕ੍ਰਿਪਟ ਲਿਖੇ, ਗੀਤ ਗਾਏ ਤੇ ਹਿੰਦੀ ਫਿਲਮਾਂ ਦਾ ਅਨੁਵਾਦ ਵੀ ਕੀਤਾ। ਉਨ੍ਹਾਂ ਨੂੰ ਮੇਰਠ ਸ਼ਹਿਰ ਨਾਲ ਖਾਸ ਲਗਾਉ ਸੀ।ਉਥੇ ਉਨ੍ਹਾਂ 1979 ਵਿੱਚ ਮਸ਼ੀਨ ਤੇ ਔਰਤ ਨਾਟਕ ਕਾਲਜਾਂ ਤੇ ਕਚਿਹਰੀ ਦੇ ਪੁੱਲ ਲਾਗੇ ਖੇਡੇ।

13 ਜਨਵਰੀ 1989 ਨੂੰ ਇੰਡੀਅਨ ਐਕਸਪ੍ਰੈਸ ਵਿੱਚ ਕਲਾਕਾਰਾਂ ਤੇ ਨਾਟਕ ਕਰਮੀਆਂ ਨੂੰ ਸੱਦਾ ਦਿੰਦੇ ਕਿਹਾ ਸੀ ਕਿ ਅਸੀਂ ਹੁਣ ਚੁੱਪ ਨਹੀਂ ਰਹਾਂਗੇ, ਸਾਨੂੰ ਫਿਰਕਾਪ੍ਰਸਤ ਤੇ ਫਾਸ਼ੀਵਾਦ ਤਾਕਤਾਂ ਖਿਲਾਫ ਆਵਾਜ਼ ਉਠਾਉਣੀ ਪਵੇਗੀ ਤੇ ਇਸ ਲਈ ਮਿਹਨਤਕਸ਼ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਖਿਲਾਫ ਲੜਾਈ ਜਾਰੀ ਰੱਖਣੀ ਪਵੇਗੀ।

Share This Article
Leave a Comment