ਸ਼੍ਰੋਮਣੀ ਕਮੇਟੀ ਕਿਉਂ ਭੁੱਲ ਗਈ ਆਪਣੇ ਮਤੇ ਨੂੰ ?

TeamGlobalPunjab
3 Min Read

-ਅਵਤਾਰ ਸਿੰਘ;

ਸਮੇਂ ਸਮੇਂ ਦੀਆਂ ਸਰਕਾਰਾਂ, ਧਾਰਮਿਕ ਸੰਸਥਾਵਾਂ ਅਤੇ ਹੋਰ ਅਹਿਮ ਅਦਾਰਿਆਂ ਵੱਲੋਂ ਅਕਸਰ ਉੱਚ ਪੱਧਰ ਦੀਆਂ ਸਖਸ਼ੀਅਤਾਂ ਨੂੰ ਅਣਗੌਲਿਆਂ ਕਰ ਦੇਣਾ ਆਮ ਵਰਤਾਰਾ ਬਣ ਗਿਆ ਹੈ। ਇਨ੍ਹਾਂ ਦੇ ਉੱਚ ਅਹੁਦਿਆਂ ਉਪਰ ਬਿਰਾਜਮਾਨ ਮੁਖੀ ਉਨ੍ਹਾਂ ਸਖਸ਼ੀਅਤਾਂ ਵਲੋਂ ਦੇਸ਼ ਅਤੇ ਕੌਮ ਲਈ ਪਾਏ ਯੋਗਦਾਨ ਨੂੰ ਸਿਰੇ ਤੋਂ ਹੀ ਵਿਸਾਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਮੰਗਲਵਾਰ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ 4 ਧਾਰਮਿਕ ਸ਼ਖਸੀਅਤਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।

ਇਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਦਲੀਪ ਸਿੰਘ ਮੱਲੂਨੰਗਲ, ਗਿਆਨੀ ਮੋਹਨ ਸਿੰਘ ਭਿੰਡਰ ਕਲਾਂ ਟਕਸਾਲ ਵਾਲੇ ਅਤੇ ਸਿੱਖ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਦੀਆਂ ਤਸਵੀਰਾਂ ਸਸ਼ੋਭਤ ਕੀਤੀਆਂ ਗਈਆਂ ਹਨ। ਪਰ ਸਿੱਖ ਕੌਮ ਦੀ ਉਸ ਉਘੀ ਸਖਸ਼ੀਅਤ ਦੀ ਤਸਵੀਰ ਲਗਾਉਣੀ ਭੁੱਲ ਗਏ ਜਿਸ ਨੇ ਪੂਰਨ ਗੁਰਸਿੱਖ ਅਤੇ ਸਿੱਖੀ ਸਰੂਪ ਵਿੱਚ ਸਿੱਖ ਕੌਮ ਤੋਂ ਇਲਾਵਾ ਦੇਸ਼ ਦਾ ਨਾਂ ਚਮਕਾਇਆ। ਉਹ ਹੈ ਹਾਕੀ ਖਿਡਾਰੀ ਮਰਹੂਮ ਓਲੰਪੀਅਨ ਬਲਬੀਰ ਸਿੰਘ ਸੀਨੀਅਰ।

- Advertisement -

ਪੰਜਾਬੀ ਦੇ ਉਘੇ ਖੇਡ ਲੇਖਕ ਅਤੇ ਕੁਮੈਂਟੇਟਰ ਰਹਿ ਚੁੱਕੇ ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਯਾਦ ਕਰਵਾਉਂਦਿਆਂ ਲਿਖਿਆ ਕਿ ਅਖ਼ਬਾਰਾਂ ਵਿਚ ਖ਼ਬਰ ਪੜ੍ਹੀ ਹੈ ਕਿ ਚਾਰ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼ਸ਼ੋਭਿਤ ਕੀਤੀਆਂ ਗਈਆਂ ਹਨ।

ਇਸ ਸ਼ੁਭ ਕਾਰਜ ਲਈ ਕਮੇਟੀ ਨੂੰ ਲੱਖ ਲੱਖ ਵਧਾਈਆਂ ! ਸ਼ਾਇਦ ਸ਼੍ਰੋਮਣੀ ਕਮੇਟੀ ਨੂੰ 2020 ਵਿਚ ਪਾਸ ਕੀਤਾ ਆਪਣਾ ਮਤਾ ਯਾਦ ਨਹੀਂ ਰਿਹਾ ਕਿ ਗੁਰਿਸੱਖ ਹਾਕੀ ਖਿਡਾਰੀ ਆਈਕੌਨਿਕ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼ਸ਼ੋਭਿਤ ਕੀਤੀ ਜਾਣੀ ਸੀ।

ਮੈਂ ਇਕ ਸਤਿਕਾਰਯੋਗ ਮੈਂਬਰ ਨੂੰ ਯਾਦ ਵੀ ਕਰਵਾਇਆ ਸੀ। ਬਲਬੀਰ ਸਿੰਘ ਸਿੱਖ ਕੌਮ ਦੇ ਮਾਣ ਸਨ ਜਿਨ੍ਹਾਂ ਨੇ ਪੂਰਨ ਗੁਰਿਸੱਖ ਰਹਿੰਦਿਆਂ ਵਿਸ਼ਵ ਭਰ ਵਿਚ ਸਿੱਖ ਸਰੂਪ ਦੀ ਪ੍ਰਦਰਸ਼ਨੀ ਕੀਤੀ। ਉਨ੍ਹਾਂ ਨੇ ਓਲੰਪਿਕ ਖੇਡਾਂ ਵਿਚੋਂ ਤਿੰਨ ਗੋਲਡ ਮੈਡਲ ਜਿੱਤੇ ਤੇ ਭਾਰਤੀ ਹਾਕੀ ਟੀਮਾਂ ਦੇ ਕੋਚ/ਮੈਨੇਜਰ ਬਣ ਕੇ ਵਿਸ਼ਵ ਕੱਪ ਸਮੇਤ ਸੱਤ ਮੈਡਲ ਜਿਤਵਾਏ।

ਉਹ 97 ਸਾਲ ਦੀ ਉਮਰ ਵਿਚ 25 ਮਈ 2020 ਨੂੰ ਚੰਡੀਗੜ੍ਹ ਵਿਚ ਪਰਲੋਕ ਸਿਧਾਰੇ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਨੂੰ ਬੇਨਤੀ ਹੈ ਕਿ ਇਹ ਸ਼ੁਭ ਕਾਰਜ ਵੀ ਨੇਪਰੇ ਚਾੜ੍ਹਿਆ ਜਾਵੇ ਤੇ ਖਿਡਾਰੀ ਜਗਤ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਸਿੱਖ ਕੌਮ ਸਿਤਾਰੇ ਬਲਬੀਰ ਸਿੰਘ ਦੀ ਸਪੁੱਤਰੀ ਬੀਬੀ ਸੁਸ਼ਬੀਰ ਕੌਰ ਤੇ ਦੋਹਤਾ ਕਬੀਰ ਸਿੰਘ ਜੋ ਚੰਡੀਗੜ੍ਹ ਰਹਿੰਦੇ ਹਨ, ਉਹ ਤਸਵੀਰ ਮੁਹੱਈਆ ਕਰ ਸਕਦੇ ਹਨ।

ਸਿੱਖ ਅਜਾਇਬ ਘਰ ਵਿੱਚ ਸ਼ਸ਼ੋਭਿਤ ਕੀਤੀਆਂ ਗਈਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਿਭਾਈ। ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ ਕੌਮ ਦੀ ਇਸ ਮਹਾਨ ਸਖਸ਼ੀਅਤ ਨੂੰ ਵਿਸਾਰ ਹੀ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਉਪਰ ਮੁੜ ਵਿਚਾਰ ਕਰਕੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਨੂੰ ਵੀ ਇਥੇ ਸਸ਼ੋਭਿਤ ਕਰਨਾ ਚਾਹੀਦਾ ਹੈ।

- Advertisement -
Share this Article
Leave a comment