ਹਾਥਰਸ ਦੀ ਬੇਟੀ; ਮੇਰਾ ਗੁਨਾਹ ਕੀ?

TeamGlobalPunjab
20 Min Read

-ਰਾਜਿੰਦਰ ਕੌਰ ਚੋਹਕਾ

ਹਾਥਰਸ ਦੀ ਘਟਨਾ ਮਨੂਵਾਦੀ ਸੰਸਕ੍ਰਿਤੀ ਵਾਲੇ ਮੌਜੂਦਾ ਰਾਸ਼ਟਰਵਾਦੀ ਦੇਸ਼ ਦੀ ਇਕ ਬਹੁਤ ਵੱਡੀ ਕਹਾਣੀ ਦਾ ਹਿੱਸਾ ਹੈ। ਇਹ ਕੋਈ 19-ਸਾਲਾਂ ਦੀ ਇਕ ਦਲਿਤ ਲੜਕੀ ਜਿਸ ਨੂੰ ਦਰਿੰਦਿਆਂ ਦੇ ਅਣ-ਮਨੁੱਖੀ ਕਾਰਿਆਂ ਦਾ ਸ਼ਿਕਾਰ ਹੋਣਾ ਪਿਆ, ਦੀ ਇਕ ਘਟਨਾ ਨਹੀਂ ਹੈ। ਸਗੋਂ ! ਦੇਸ਼ ਦੀ ਸਮੁੱਚੀ ਇਸਤਰੀ-ਜਾਤੀ ਦਾ ਅਜਿਹੀਆਂ ਵਾਰਦਾਤਾਂ ਜਿਨ੍ਹਾਂ ਨੇ ਲੱਕ ਤੋੜ ਦਿੱਤਾ ਹੋਇਆ ਹੈ ਦੀਆਂ ਕਹਾਣੀਆਂ ਹਨ। 14-ਸਤੰਬਰ ਦੀ ਇਸ ਮਨਹੂਸ ਘਟਨਾ ਤੋਂ ਲੈ ਕੇ 29-ਸਤੰਬਰ ਮੌਤ ਅਤੇ ਲੜਕੀ ਦੇ ਵਾਰਸਾਂ ਤੋਂ ਬਿਨ੍ਹਾਂ ਆਗਿਆ ਯੂ.ਪੀ. ਪੁਲੀਸ ਵੱਲੋਂ ਅਗਲੇ ਦਿਨ ਲਾਸ਼ ਦਾ ਸੰਸਕਾਰ ਕਰ ਦੇਣਾ, ਯੋਗੀ ਅਦਿਤਿਆ ਨਾਥ ਦੇ ਯੋਗ ਦੀਆਂ ਗੰਢਾਂ ਦੀ ਇਸ ਸਨਸਨੀਖੇਜ਼ ਕਹਾਣੀ ਨੂੰ ਹੁਣ ਸੁਲਝਾਉਣਾ ਆਸਾਨ ਕੰਮ ਨਹੀਂ ਹੈ? ਭਾਵੇਂ ਨਾਰਕੋ ਟੈਸਟ ਕਰੋ, ਉਨ੍ਹਾਂ ਦੋਸ਼ੀਆਂ ਨੂੰ ਜੇਕਰ ਦੋਸ਼ੀ ਨਹੀਂ ਬਰੀ ਕਰ ਦਿਓ ਜਾਂ ਫਿਰ ਫਾਹੇ ਲਾ ਦਿਓ ! ਪਰ ਭਾਰਤ ਅੰਦਰ ਨਾ ਤਾਂ ਪੁਲੀਸ-ਤੰਤਰ ਬਦਲੇ ਅਤੇ ਨਾ ਹੀ ਇਨਸਾਫ਼ ਦਾ ਤਰਾਜੂ ? ਦਿੱਲੀ-84 ਦਾ ਕਤਲੇਆਮ, ਗੁਜਰਾਤ ਅੰਦਰ 2002 ਦੌਰਾਨ ਸਰਕਾਰ ਤੇ ਪੁਲੀਸ ਦੀ ਮਿਲੀ-ਭਗਤ ਵੇਲੇ ਵਾਪਰੀਆਂ ਘਟਨਾਵਾਂ ਅਤੇ ਹੁਣੇ ਹੁਣੇ ਹੋਇਆ ਬਾਬਰੀ ਮਸਜਿਦ ਢਾਹੁਣ ਦੇ ਕੇਸ ਦਾ ਫੈਸਲਾ ! ਕੀ ਨਿਰਭੈਆ ਘਟਨਾ ਦੇ ਬਾਦ ਭਾਰਤ ਅੰਦਰ ਇਸਤਰੀਆਂ ਨੂੰ ਇਨਸਾਫ਼ ਮਿਲ ਰਿਹਾ ਹੈ, ਕੀ ਲੜਕੀਆਂ ਦਿਨ-ਦਿਹਾੜੇ ਗਲੀਆਂ-ਬਜ਼ਾਰਾਂ, ਖੇਤਾਂ, ਕੰਮ ਦੇ ਸਥਾਨ ‘ਤੇ ਖੁਲ੍ਹੇ ਆਮ ਫਿਰ-ਤੁਰ ਸਕਦੀਆਂ ਹਨ? ਅਸੀਂ ਇਸਤਰੀਆਂ, ਦਲਿਤ ਤੇ ਘੱਟ ਗਿਣਤੀ ਹਾਂ, ਏਹੀ ਸਾਡਾ ਗੁਨਾਹ ਹੈ ?

ਯੂ.ਪੀ. ਅਜਿਹਾ ਰਾਜ ਹੈ, ‘ਜਿੱਥੇ ਅਮਨ-ਕਨੂੰਨ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੋਈ ਹੈ ! ਹਾਥਰਸ ਦੀ ਘਟਨਾ ਦੌਰਾਨ ਕੇਸ ਦਰਜ ਕਰਨ ਤੋਂ ਲੈ ਕੇ ਲੜਕੀ ਦੀ ਮੌਤ ਬਾਦ ਉਸ ਦੀਆਂ ਅੰਤਿਮ ਰਸਮਾਂ ਅਦਾ ਕਰਨ ਤਕ ਜੋ ਰੋਲ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਦਾ ਕੀਤਾ, ਜਿਲ੍ਹਾ ਕੁਲੈਕਟਰ ਤੇ ਪੁਲੀਸ ਵੱਲੋਂ ਪਰਿਵਾਰ ਨੂੰ ਡਰਾਉਣਾ-ਧਮਕਾਉਣਾ, ਇਸ਼ਾਰੇ ਉਠ ਰਹੇ ਹਨ ਇਹ ਯੋਗੀ ਦੀ ਇਛਾ ਤੋਂ ਬਿਨ੍ਹਾਂ ਕੀ ਵਾਪਰ ਸਕਦਾ ਸੀ ? ਹਾਕਮਾਂ ਦੇ ਅਜਿਹੇ ਕਾਰਨਾਮੇ ਅਪਰਾਧੀਆਂ ਦੇ ਮਨਾਂ ਅੰਦਰ ਭੈਅ ਪੈਦਾ ਕਰਨ ਦੀ ਥਾਂ ਪੀੜਤ ਲੋਕਾਂ ਨੂੰ ਭੈਅਭੀਤ ਕਰਨਾ ਹੁੰਦਾ ਹੈ। ਜੋ ਹੁਣ ਮੋਦੀ ਤੋਂ ਲੈ ਕੇ ਹੇਠਾਂ ਤੱਕ ਹਰ ਪਾਸੇ ਅਜਿਹਾ ਪ੍ਰਭਾਵ ਬਣਿਆ ਹੋਇਆ ਹੈ। ਜਦੋਂ ਨਿਆਂ ਹੀ ਖਤਮ ਹੋ ਜਾਵੇ ਤਾਂ ਰਾਜ ਕੇਵਲ ਆਵਾਮ ਨੂੰ ਲੁੱਟਣ ਵਾਲਾ ਇਕ ਹਥਿਆਰ ਹੀ ਬਣ ਜਾਂਦਾ ਹੈ। ਇਕ ਧੀ-ਧਿਆਣੀ ਪਹਿਲਾ ਜਿਸ ਦੀ ਇੱਜਤ ਲੁੱਟੀ ਗਈ, ਮੌਤ ਬਾਦ ਬਿਨ੍ਹਾਂ ਕਿਸੇ ਧਾਰਮਿਕ ਅਕੀਦੇ, ਬਿਨਾਂ ਪਰਿਵਾਰ ਦੀ ਹਾਜਰੀ ਦੇ, ਉਸ ਦਾ ਮ੍ਰਿਤਕ-ਸਰੀਰ ਅਗਨੀ-ਭੇਂਟ ਕਰ ਦਿੱਤਾ। ਕੀ ਇਹ ਰਾਮ-ਰਾਜ ਦਾ ਦਸਤੂਰ ਹੈ? ਜਿਥੇ ਸੱਤਾਧਾਰੀ ਪਾਰਟੀ ਦੋਸ਼ੀ ਹੈ, ਉਥੇ ਇਸਤਰੀਆਂ ਤੇ ਦਲਿਤਾਂ ਵਿਰੁਧ ਹੋ ਰਹੇ ਅਪਰਾਧਾਂ ਲਈ ਇਹ ਗਲਿਆ ਸੜਿਆ ਸਮਾਜ ਵੀ ਜਿੰਮੇਵਾਰ ਹੈ ! ਇਸ ਤੋਂ ਮੁਕਤੀ ਜ਼ਰੂਰੀ ਹੈ। ਜਦੋਂ ਵੀ ਇਸਤਰੀ ਆਪਣੇ ਹੱਕਾਂ ਲਈ ਭਾਵੇਂ ਨਿੱਜੀ ਸੰਘਰਸ਼ ਕਰੇ, ਉਹ ਸਮੂਹਿਕ ਸੰਘਰਸ਼ ਦਾ ਹੀ ਹਿੱਸਾ ਹੁੰਦਾ ਹੈ, ਜੋ ਮੁਕਤੀ ਦਾ ਵੀ ਰਾਹ ਹੁੰਦਾ ਹੈ।

ਯੋਗੀ ਦੀ ਯੂ.ਪੀ. ਸਰਕਾਰ ਜਾਂ ਦਿੱਲੀ ‘ਚ ਅਮਿਤ ਸ਼ਾਹ ਅਧੀਨ ਪੁਲੀਸ ਹੋਵੇ, ‘ਜੋ ਪ੍ਰਭਾਵ ਸਾਹਮਣੇ ਆ ਰਹੇ ਹਨ, ‘ਉਨ੍ਹਾਂ ਤੋਂ ਕੀ ਆਮ ਭਾਰਤੀ ਕੋਈ ਇਨਸਾਫ਼ ਦੀ ਆਸ ਰੱਖ ਸਕਦਾ ਹੈ? ਕਿਵੇਂ ਪੀੜ੍ਹਤ ਖਾਸ ਕਰਕੇ ਦਲਿਤ ਇਸਤਰੀਆਂ’ ਤੇ ਹਾਕਮੀ ਦਬਾਅ, ਪੁਲੀਸ ਦੇ ਡਰਾ-ਧਮਕਾਅ ਤੇ ਭੈਅ ਵਾਲੇ ਮਾਹੌਲ ਅੰਦਰ ਆਪਣਾ ਕੇਸ ਦਰਜ ਕਰਾਉਣ ਲਈ ਹੌਸਲਾ ਵੀ ਨਹੀਂ ਕਰ ਸਕਦੇ ਹਨ? ਹਾਥਰਸ ਦੇ ਮਾਮਲੇ ਅੰਦਰ ਸਾਰੇ ਜ਼ਿਲ੍ਹਾ ਅਧਿਕਾਰੀ ਅਤੇ ਹੇਠਲਾ ਅਮਲਾ ਪੀੜਤ ਪਰਿਵਾਰ ਨਾਲ ਕਿਵੇਂ ਪੇਸ਼ ਆ ਰਿਹਾ ਸੀ, ਅੱਜ ! ਸਭ ਦੇ ਸਾਹਮਣੇ ਹੈ ? ਕਿਉਂਕਿ ਦੇਸ਼ ਦੀ ਪੁਲੀਸ, ‘ਰਾਜ-ਸਤਾ’ ‘ਤੇ ਕਾਬਜ਼ ਹਾਕਮ-ਜਮਾਤਾਂ ਦੀ ਰਾਖੀ ਲਈ ਹੁੰਦੀ ਹੈ। ਇਸ ਲਈ ਪੁਲੀਸ ਤੋਂ ਕੋਈ ਕਿਵੇਂ ਇਨਸਾਫ਼ ਦੀ ਆਸ ਰੱਖ ਸਕਦਾ ਹੈ ? ਬੀ.ਜੇ.ਪੀ. ਤੇ ਸੰਘ ਨੇਤਾਵਾਂ ਦੇ ਖਿਲਾਫ਼ ਸ਼ਰੇਆਮ ਬਾਬਰੀ ਮਸਜਿਦ ਨੂੰ ਗਿਰਾਉਣ ਲਈ, ਭੜਕਾਊ ਭਾਸ਼ਣ ਦੇਣ ਦੇ ਤਥ, ਸਬੂਤ ਅਤੇ ਗਵਾਹ ਪੇਸ਼ ਹੋਣ ਦੇ ਬਾਵਜੂਦ, ‘ਇਨਸਾਫ਼ ਦੇ ਤਰਾਜੂ ਨੇ ਚਿਟੇ ਦਿਨ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ! ਜਦਕਿ ਲਿਬਰਹਾਨ ਕਮਿਸ਼ਨ ਨੇ ਵੀ ਸੰਘ ਪਰਿਵਾਰ ਨੂੰ ਉਪਰੋਕਤ ਸਾਜਿਸ਼ ਲਈ ਭਾਗੀ ਦੱਸਿਆ ਸੀ। ਦਿੱਲੀ ਦੰਗਿਆ ਅਤੇ ਗੁਜਰਾਤ ਦੇ ਦੰਗਿਆ ‘ਚ ਸਾਰੇ ਦੋਸ਼ੀ ਬਰੀ ਹੋ ਗਏ ਸਨ ! ਭਾਵ ਦੇਸ਼ ਦੇ ਮਾਜੂਦਾ ਢਾਂਚੇ ਅੰਦਰ ਇਕਾ-ਦੁੱਕਾ ਇਨਸਾਫ਼ ਮਿਲਣ ਨਾਲ ਸਮੁੱਚੇ ਵਰਗ ਨੂੰ ਕਦੀ ਵੀ ਇਨਸਾਫ਼ ਦੀ ਆਸ ਨਾ ਮਿਲ ਸਕਦੀ ਹੈ ਤੇ ਨਾ ਹੀ ਆਸ ਰੱਖੀ ਜਾ ਸਕਦੀ ਹੈ। ਇਹ ਤਾਂ ਲੋਕ ਸੰਘਰਸ਼ ਅਤੇ ਲੋਕ ਦਬਾਅ ਹੀ ਕਾਰਗਰ ਹੋ ਸਕਦਾ ਹੈ, ‘ਜੋ ਲੋਕਾਂ ਨੂੰ ਮਾੜਾ-ਮੋਟਾ ਇਨਸਾਫ਼ ਦਿਵਾਅ ਸਕਦਾ ਹੈ, ਨਿਆਂ ਪ੍ਰਨਾਲੀ ਕੀ ਨਹੀਂ ?

- Advertisement -

ਭਾਰਤ ਪੂਰਬੀ ਸੋਚ ਵਾਲਾ ਚਿੰਤਕਾਂ ਦਾ ਦੇਸ਼ ਹੈ, ਜਿੱਥੇ ਸ਼ੁਰੂ ਤੋਂ ਹੀ ਤਰਕ ਦੀ ਥਾਂ ਧਰਮ ਨੂੰ ਵੱਧ ਥਾਂ ਦਿੱਤੀ ਜਾਂਦੀ ਹੈ। ਜਿੱਥੇ ਗਰੀਬ, ਗਊ ਅਤੇ ਕੰਨਿਆ ਦੇ ਨਾਂ ਹੇਠ ਕਈ ਸਦੀਆਂ ਤਕ ਹਾਕਮ ਰਾਜ ਕਰਦੇ ਰਹੇ। ਪਰ ਸਭ ਤੋਂ ਵੱਧ ਜੇਕਰ ਬੇਗਰਤੀ ਹੋਈ ਹੈ ਤਾਂ ਉਹ ਕੰਨਿਆ ਦੀ ਹੀ ਹੋਈ ਹੈ ! ਜਿਸ ਨੂੰ ਜਨਮ ਤੋਂ ਲੈ ਕੇ ਮੌਤ ਤਕ ਸਦਾ ਹੀ ਦਰਨਿਕਾਰੇ ਰੱਖਿਆ ਗਿਆ ਹੈ। ਹੁਣ ਤਾਂ ਉਸ ਦੀ ਹੋਂਦ ਨੂੰ ਖਤਰਾ ਵੀ ਪੈਦਾ ਹੋ ਗਿਆ ਸੀ। ਜ਼ੁਰਮਾਂ ਦੀ ਸੂਚੀ ਮੁਤਾਬਕ ਸਾਲ 2018 ਤੋਂ ਸਾਲ 2019 ਤਕ ਇਸਤਰੀਆਂ ਵਿਰੁਧ ਜ਼ੁਰਮਾਂ ‘ਚ 7.3-ਫੀ ਸਦ ਵਾਧਾ ਹੋਇਆ ਹੈ। ਇਸੇ ਤਰ੍ਹਾਂ ਇਸ ਪੀਰੀਅਡ ਦੌਰਾਨ ਦਲਿਤਾਂ ਵਿਰੁਧ ਜ਼ੁਰਮਾਂ ‘ਚ ਵੀ 7.3-ਫੀ ਸਦ ਵਾਧਾ ਹੋਇਆ ਹੈ। ਸਭ ਤੋਂ ਵੱਧ ਝੰਜੋੜਨ ਵਾਲਾ ਪਹਿਲੂ ਇਹ ਹੈ ਕਿ ਬਾਲ-ਬਲਾਤਕਾਰਾਂ ਵਿੱਚ ਯੂ.ਪੀ. ਸਭ ਤੋਂ ਉਪਰ ਹੈ ਜਿੱਥੇ 2018-2019 ਦਰਮਿਆਨ ਪੋਕਸੋ-ਕਨੂੰਨ ਅਧੀਨ 7444 ਕੇਸ ਦਰਜ ਹੋਏ। ਮਹਾਂਰਾਸ਼ਟਰ ਅੰਦਰ 6402-ਕੇਸ, ਐਮ.ਪੀ. ਅੰਦਰ 6053-ਕੇਸ, ਸਿਕਮ ‘ਚ 27.1 ਪ੍ਰਤੀ ਲੱਖ, ਐਮ.ਪੀ. 15.1 ਅਤੇ ਹਰਿਆਣਾ ‘ਚ 14.6 ਕੇਸ ਰਜਿਸਟਰ ਕੀਤੇ ਗਏ। ਇਹ ਸਾਰੇ ਰਾਜ ਬੀ.ਜੇ.ਪੀ. ਦੇ ਭਗਵਾਕਰਨ ਦੇ ਪ੍ਰਭਾਵ ਹੇਠ ਹਨ। ਖਾਸ ਕਰਕੇ ਯੂ.ਪੀ. ਜਿਥੇ ਭੰਗਵਾਕਰਨ ਲਹਿਰ ਨੇ ਆਪਣੇ ਵੱਖ-ਵੱਖ ਅੰਦੋਲਨਾਂ ਰਾਹੀਂ ਆਪਣੀ ਰਾਜਨੀਤਕ ਸ਼ਕਤੀ ਨੂੰ ਮਜ਼ਬੂਤ ਕੀਤਾ ਸੀ।

ਪਿਛਲੇ ਪੰਜ-ਸਾਲਾਂ ਦੇ ਮੋਦੀ ਦੀ ਅਗਵਾਈ ‘ਚ ਬੀ.ਜੇ.ਪੀ. ਰਾਜ ਦੇ ਇਸ ਅਰਸੇ ਅੰਦਰ, ‘ਜਿਥੇ ਸਭ ਤੋਂ ਵੱਧ ਖਤਰਾ ਧਰਮ ਨਿਰਪੱਖਤਾ, ਦੇਸ਼ ਦੇ ਖੁਦਮੁਖਤਾਰ ਜਮਹੂਰੀ ਅਦਾਰਿਆ ਵਿਰੁਧ ਵਧਿਆ ਉਥੇ ਘੱੱਟ ਗਿਣਤੀ, ਦਲਿਤਾਂ ਤੇ ਇਸਤਰੀ ਵਰਗ ਦੇ ਅਧਿਕਾਰਾਂ ਵਿਰੁਧ ਹੋਏ ਹਨਨ ਦੇ ਗੰਭੀਰ ਮਾਮਲੇ ਵੀ ਸਾਹਮਣੇ ਆਏ ਹਨ। ਲੋਕਾਂ ਦੀਆਂ ਆਰਥਿਕ ਆਜ਼ਾਦੀ, ਸੁਰੱਖਿਆ ਅਤੇ ਖੁਦਮੁਖਤਾਰੀ ਵਿੱਚ ਗਿਰਾਵਟ ਆਈ ਹੈ। ਇਸ ਸਭ ਦਾ ਵੱਧ ਦੁਰ-ਪ੍ਰਭਾਵ ਇਸਤਰੀ ਵਰਗ ‘ਤੇ ਪਿਆ ਹੈ। ਇਸਤਰੀਆਂ ਵਿਰੁਧ ਘਰੇਲੂ ਹਿੰਸਾ, ਕਤਲ, ਸਾਈਬਰ ਜੁਰਮਾਂ ਅਤੇ ਖਾਸ ਕਰਕੇ ਦਲਿਤ ਇਸਤਰੀਆਂ ਵਿਰੁਧ ਜਾਤਪਾਤ ਅਧਾਰਤ ਹਿੰਸਾ ਵਿੱਚ ਅਥਾਹ ਵਾਧਾ ਹੋਇਆ ਹੈ। ਜਿਨ੍ਹਾਂ ਰਾਜਾਂ ਅੰਦਰ ਫਿਰਕੂ ਬੀ.ਜੇ.ਪੀ. ਦਾ ਰਾਜ ਰਿਹਾ, ਜਾਂ ਹੈ ! ਉਨ੍ਹਾਂ ਰਾਜਾਂ ਅੰਦਰ ਦਲਿਤ ਵਰਗ ਦੀਆਂ ਇਸਤਰੀਆਂ, ਲੜਕੀਆਂ ਤੇ ਬੱਚੀਆਂ ਨਾਲ ਵਹਿਸ਼ੀ ਬਲਾਤਕਾਰ, ਜ਼ਬਰ ਜਨਾਹ ਅਤੇ ਛੇੜ-ਛਾੜ ਦੇ ਮਾਮਲਿਆਂ ‘ਚ ਦਿਲ-ਕੰਬਾਊ ਕੇਸ ਸਾਹਮਣੇ ਆ ਰਹੇ ਹਨ ! ਆਰ.ਐਸ.ਐਸ. ਦੇ ਖਾਸਮ-ਖਾਸ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਸੂਬੇ ਯੂ.ਪੀ. ਅੰਦਰ ਜਿਥੇ ਉਪਰੋ-ਥਲੀ ਹਾਥਰਸ, ਬਲਰਾਮਪੁਰ, ਗੋਰਖਪੁਰ, ਭਦੋਹੀ ਆਦਿ ਵਿਖੇ ਦਲਿਤ ਲੜਕੀਆਂ ਦੇ ਬਲਾਹਤਕਾਰ ਹੀ ਨਹੀਂ ਹੋਏ, ਸਗੋਂ ਹਾਥਰਸ ਤੇ ਭਦੋਹੀ ਜਾਨੋ ਮਾਰਨ ਤਕ ਮੁਲਜ਼ਮਾਂ ਨੇ ਗੁਰੇਜ਼ ਨਹੀਂ ਕੀਤਾ। ”ਬੇਟੀ ਬਚਾਓ, ਬੇਟੀ ਪੜਾਓ” ਦੇ ਸੰਕਲਪ ਦਾ ਕੱਚ-ਸੱਚ ਕਿੱਥੇ ਹੈ ? ਕਦੋਂ ਇਸਤਰੀ ਵਿਰੋਧੀ ਮਾਨਸਿਕਤਾ ਤੋਂ ਮੁਕਤੀ ਮਿਲੇਗੀ ?

ਮੋਦੀ ਸਰਕਾਰ ਭਾਵੇਂ ਦੁਨੀਆਂ ਦੀ ਤੀਸਰੀ ਆਰਥਿਕ ਸ਼ਕਤੀ ਬਣਨ ਦਾ ਢਿੰਡੋਰਾ ਪਿਟ ਲਏ, ਪਰ ਦੇਸ਼ ਦੀਆਂ ਪੇਸ਼ ਜ਼ਮੀਨੀ ਹਕੀਕਤਾਂ ਤੋਂ ਕੋਈ ਨਾਂਹ ਨਹੀਂ ਕਰ ਸਕਦਾ ਹੈ। ਇਸਤਰੀਆਂ ਵਿਰੁਧ ਹੋ ਰਹੇ ਯੋਨ-ਸ਼ੋਸ਼ਣ ਅਤੇ ਬਲਾਤਕਾਰ ਦੇ ਮਾਮਲਿਆ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਜ਼ੁਰਮਾਂ ‘ਚ ਵਾਧਾ ਤੇ ਸਮਾਜਕ ਆਰਥਿਕ ਹਲਾਤਾਂ ‘ਚ ਆਏ ਨਿਘਾਰ ਦਾ ਆਪਸੀ ਰਿਸ਼ਤਾ ਹੁੰਦਾ ਹੈ। ਦੇਸ਼ ਦੀ ਰਾਜਸਤਾ ਤੇ ਕਾਬਜ਼ ਹਾਕਮ ਜਮਾਤਾਂ ਦੇ ਜਮਾਤੀ ਹਿਤ ਹੀ ਦੇਸ਼ ਦੇ ਲੋਕਾਂ ਨੂੰ ਕੋਈ ਧਰਾਸ ਜਾਂ ਰਾਹਤ ਦੇਣ ਲਈ ਸੁਰੱਖਿਆ ਨੂੰ ਪ੍ਰਾਥਮਿਕਤਾ ਵੱਜੋਂ ਪਰਖੇ ਜਾਂਦੇ ਹਨ। ਮੌਜੂਦਾ ਨਵਉਦਾਰੀ ਆਰਥਿਕ ਨੀਤੀਆਂ ਅਧੀਨ ਦੇਸ਼ ਉਤੇ ਰਾਜ ਕਰ ਰਹੇ ਪੂੰਜੀਪਤੀਆਂ ‘ਜਿਨ੍ਹਾਂ ਦੀ ਸਰਕਾਰੀ ਵਾਂਗਡੋਰ ਅਤਿ ਫਿਰਕੂ ਬੀ.ਜੇ.ਪੀ. ਪਾਸ ਹੋਵੇ, ਉਸ ਤੋਂ ਲੋਕਾਂ ਲਈ ਕਿਵੇਂ ਕੋਈ ਸੁਖਾਵੀਂ ਆਸ ਰੱਖੀ ਜਾ ਸਕਦੀ ਹੈ ? ਨਾਗਪੁਰ ਤੋਂ ਖਾਸ ਮੁਹਾਰਤ ਪ੍ਰਾਪਤ ਬੀ.ਜੇ.ਪੀ. ਜੱਥੇਬੰਦੀ ਜਿਹੜੀ ਸਿਰੇ ਦੀ ਘੱਟ ਗਿਣਤੀ, ਦਲਿਤ ਅਤੇ ਇਸਤਰੀ ਵਿਰੋਧੀ ਹੈ। ਉਸ ਦੀ ਅਗਵਾਈ ਵਿੱਚ ਰਾਜਤੰਤਰ, ਖਾਸ ਕਰਕੇ ਬੋਡਾ ਤੇ ਭ੍ਰਿਸ਼ਟ ਹੋ ਚੁੱਕੇ ਪੁਲੀਸ ਮਹਿਕਮੇ ਤੋਂ ਉਪਰੋਕਤ ਵਰਗਾਂ ਦੀ ਸੁਰੱਖਿਆ ਲਈ ਕਿਵੇਂ ਕੋਈ ਆਸ ਰੱਖ ਸਕਦਾ ਹੈ ? ਹਾਥਰਸ ਦਲਿਤ ਲੜਕੀ ਦਾ 14-ਸਤੰਬਰ, 2020 ਬਲਾਤਕਾਰ ਦਾ ਕੇਸ ਹੈ, 29-ਸਤੰਬਰ ਨੂੰ ਲੜਕੀ ਦੀ ਮੌਤ ਹੋ ਗਈ। ਯੋਗੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਮੀਡੀਆ ‘ਚ ਖਬਰ ਆਈ ਕਿ ਪ੍ਰਧਾਨ ਮੰਤਰੀ ਨੇ ਫੋਨ ‘ਤੇ ਮੁੱਖ-ਮੰਤਰੀ ਨੂੰ ਕੇਸ ਦਰਜ ਕਰਨ ਲਈ ਕਿਹਾ। ਇਹ ਹੈ ਰਾਮ ਰਾਜ ! ਗਜ਼ਬ ਹੋ ਗਿਆ ?

ਅੱਜ ਯੂ.ਪੀ. ਹੀ ਨਹੀਂ, ਸਗੋਂ ਸਮੁੱਚੇ ਦੇਸ਼ ਅੰਦਰ ਹਾਕਮ ਜਮਾਤਾਂ ਦੀਆਂ ਪਾਰਟੀਆਂ ਦੀ ਮਿਲੀਭੁਗਤ ਨਾਲ ਸਰਕਾਰੀ ਪ੍ਰਸ਼ਾਸਨ, ‘ਜਿਵੇਂ ਮੀਡੀਆ ਅੰਦਰ ਕਨਸੂਆਂ ਮਿਲੀਆਂ ਹਨ, ਕਿਵੇਂ ਆਫਰਿਆ ਪਿਆ ਹੈ। ਹਾਥਰਸ ਲੜਕੀ ਦੇ ਗੈਂਗ ਰੇਪ ਤੇ ਕਤਲ ਕੇਸ ਅੰਦਰ ਪੁਲੀਸ ਦੇ ਅਫ਼ਸਰਾਂ ਵੱਲੋਂ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਕਿਵੇਂ ਮਨ-ਮਾਨੀਆਂ ਕੀਤੀਆਂ, ਦੀ ਇਕ ਇਕ ਗੱਲ ਹੁਣ ਬਾਹਰ ਆ ਰਹੀ ਹੈ। ਪਹਿਲਾ ਯੂ.ਪੀ. ਪੁਲੀਸ ਵੱਲੋਂ ਕਾਰਵਾਈ ਸ਼ੁਰੂ ਕੀਤੀ, ਫਿਰ ਸਿਟ ਬਣਾਈ ਹੁਣ ਲੋਕ ਦਬਾਅ ਅਧੀਨ ਸੀ.ਬੀ.ਆਈ. ਨੂੰ ਇਹ ਕਤਲ ਸੌਂਪਿਆ ਲੱਗਦਾ ਗਿਆ ਹੈ। 2012 ਦੇ ਨਿਰਭੈਆ ਕੇਸ ਦੌਰਾਨ ਦਿੱਲੀ ਵਿਖੇ ਇਕ ਵੱਡੇ ਰੋਸ ਮੁਹਾਜ਼ਰੇ ਦੌਰਾਨ ਬੀ.ਜੇ.ਪੀ. ਨੇ ਯੂ.ਪੀ.ਏ. ਸਰਕਾਰ ਵਿਰੁੱਧ ਖੂਬ ਚੀਕ-ਚਿਹਾੜਾ ਪਾਇਆ ਸੀ। ਪਰ ਹਾਥਰਸ ਜ਼ਿਲ੍ਹੇ ਅੰਦਰ 144-ਧਾਰਾ ਲਾਈ ਹੋਈ ਹੈ। ਹੁਣ ਬੀ.ਜੇ.ਪੀ. ਕਿਉਂ ਚੁੱਪ ਹੈ ? ਯੂ.ਪੀ. ਤੇ ਆਸਾਮ ਜਿਥੇ ਬੀ.ਜੇ.ਪੀ. ਦੀਆਂ ਸਰਕਾਰਾਂ ਹਨ ਇਕ ਲੱਖ ਇਸਤਰੀਆਂ ਪਿਛੇ ਜ਼ੁਰਮ ਦੇਸ਼ ਅੰਦਰ ਸਭ ਤੋਂ ਵੱਧ ਹਨ। ਰਾਜਸਥਾਨ ਅੰਦਰ ਦਲਿਤਾਂ ਵਿਰੁਧ ਸਭ ਤੋਂ ਵੱਧ ਕੇਸ ਪਾਏ ਗਏ। ਯੂ.ਪੀ. ਅੰਦਰ 2018 ਤੋਂ 2019 ਦੇ ਸਮੇਂ ਦੌਰਾਨ ਇਸਤਰੀਆਂ ਵਿਰੁਧ ਜ਼ੁਰਮ-59,853 ਸਨ ਜੋ ਪਿਛਲੇ ਸਾਲ ਨਾਲੋਂ 14.7-ਫੀਸਦ ਵੱਧ ਰਜਿਸਟਰ ਕੀਤੇ ਗਏ। ਰਾਜਸਥਾਨ 10.2-ਫੀਸਦ, ਮਹਾਰਾਸ਼ਟਰ 9.2-ਫੀਸਦ, ਆਸਾਮ ‘ਚ 117.8 ਫੀ ਸਦ ਤੇ ਹਰਿਆਣਾ 108.5-ਫੀਸਦ ਰਜਿਸਟਰ ਕੀਤੇ ਗਏ।

ਜਿਥੋ ਤਕ ਰੇਪ ਕੇਸਾਂ (ਬਲਾਤਕਾਰ) ਦਾ ਸੰਬੰਧ ਹੈ ਰਾਜਸਥਾਨ ਅੰਦਰ-5997, ਯੂ.ਪੀ -3065, ਐਮ.ਪੀ.-2485 ਕੇਸ, ਹਰਿਆਣਾ 10.9-ਫੀ ਸਦ ਕੇਸਾਂ ਦਾ ਰਜਿਸਟਰਡ ਹੋਣਾ ਇਕ ਚਿੰਤਾ ਦਾ ਵਿਸ਼ਾ ਹੈ ! ਯੂ.ਪੀ. ਅੰਦਰ ਪੋਕਸੋ ਐਕਟ (ਬਾਲੜੀਆਂ ਵਿਰੁਧ) ਅਧੀਨ 7444-ਕੇਸ, ਮਹਾਂਰਾਸ਼ਟਰ ਅੰਦਰ 6402-ਕੇਸ, ਐਮ.ਪੀ. ਅੰਦਰ 6053-ਕੇਸ ਸਿਕਮ ‘ਚ 27.1-ਪ੍ਰਤੀ ਲੱਖ, ਐਮ.ਪੀ- 15.1,ਹਰਿਆਣਾ-14.6 ਕੇਸ ਰਜਿਸਟਰਡ ਕੀਤੇ ਗਏ। ਯੂ.ਪੀ. ਅੰਦਰ ਦਾਜ-ਦਹੇਜ ਦੇ ਕੇਸ-2410 ਭਾਵ ਇਕ ਲੱਖ ਪਿਛੇ 2.2, ਬਿਹਾਰ ਅੰਦਰ 1120 ਕੇਸ ਪਾਏ ਗਏ। ਕੌਮੀ ਜ਼ੁਰਮ ਰਿਕਾਰਡ ਬਿਊਰੋ ਰਿਪੋਰਟ-2019, ਦੇਸ਼ ਅੰਦਰ ਖਾਸ ਕਰਕੇ ਦਲਿਤ ਵਰਗ ਅਤੇ ਇਸਤਰੀਆਂ ਵਿਰੁਧ ਜ਼ੁਰਮਾਂ ‘ਚ ਵਾਧਾ ਹੋਇਆ ਹੈ। 2018 ‘ਚ ਇਹ ਗ੍ਰਾਫ-21.2 (ਪ੍ਰਤੀ ਲੱਖ ਆਬਾਦੀ) ਸੀ ਜੋ 2019 ਤੱਕ ਵੱਧ ਕੇ 22.8 ਪੁੱਜ ਗਿਆ। ਯੂ.ਪੀ.ਰਾਜ ਅੰਦਰ ਦਲਿਤ ਭਾਈਚਾਰੇ ਅਤੇ ਇਸਤਰੀਆਂ ਵਿਰੁਧ ਜ਼ੁਰਮ ਦੇਸ਼ ਅੰਦਰ ਸਭ ਤੋਂ ਵੱਧ ਪਾਏ ਗਏ ਹਨ। ਯੂ.ਪੀ. ਅੰਦਰ ਸੱਤਾਧਾਰੀ ਪਾਰਟੀ (ਯੋਗੀ ਸਰਕਾਰ) ਤਾਂ ਦੋਸ਼ੀ ਹੈ ਹੀ, ਪਰ ਮਾਜੂਦਾ ਸਾਡਾ ਤਾਣਾ-ਬਾਣਾ ਵੀ ਜਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦਾ ਹੈ। ਇਹ ਮੁਕਤੀ ਖੁਦ ਨਹੀਂ ਮਿਲ ਜਾਣੀ, ਮੁਕਤੀ ਲਈ ਸੰਘਰਸ਼ ਕਰਨਾ ਪਏਗਾ ?

- Advertisement -

ਯੂ.ਪੀ. ਅੰਦਰ ਪਿਛਲੇ ਸਾਲ ਨਾਲੋਂ ਇਸਤਰੀਆਂ ਵਿਰੁਧ ਜ਼ੁਰਮਾਂ ਦੇ ਕੇਸਾਂ ਅੰਦਰ ਸਾਲ 2019 ਤੱਕ ਵਾਧਾ 14.7 ਫੀਸਦ (59853 ਕੇਸ) ਨੋਟ ਕੀਤਾ ਗਿਆ। ਸਮੁੱਚੇ ਦੇਸ਼ ਅੰਦਰ ਵੀ ਇਸਤਰੀਆਂ ਵਿਰੁਧ, ਰੇਪ, ਯੋਨ-ਸ਼ੋਸ਼ਣ ਅਤੇ ਹੋਰ ਕੇਸਾਂ ਵਿੱਚ ਵੀ ਇਸੇ ਰਫ਼ਤਾਰ ਨਾਲ ਵਾਧਾ ਨੋਟ ਕੀਤਾ ਗਿਆ। ਭਾਵ ਸਮੁੱਚੇ ਦੇਸ਼ ਦਾ ਰਾਜਨੀਤਕ ਢਾਂਚਾ, ਰਾਜਤੰਤਰ ਅਤੇ ਹਾਕਮ ਲੋਕਤੰਤਰੀ ਰਾਹ ਨੂੰ ਛੱਡ ਕੇ ਆਪਣੇ ਸਿਆਸੀ ਅਤੇ ਜਮਾਤੀ ਹਿਤਾਂ ਨੂੰ ਪਾਲਣ ਲਈ ਤੁਰੇ ਹੋਏ ਹਨ। ਆਪਣੇ ਹਿਤਾਂ ਦੇ ਮੁਫ਼ਾਦਾ ਲਈ ਉਹ ਲੋਕਾਂ ਨੂੰ ਭੁਲ ਜਾਂਦੇ ਹਨ। ਸਗੋਂ ਰਾਜਤੰਤਰ ਦੀ ਮਦਦ ਨਾਲ ਜਿਥੇ ਆਪਹੁਦਰੀਆਂ ਕਰਦੇ ਹਨ, ਉਥੇ ਲੋਕਾਂ ਨੂੰ ਇਨਸਾਫ ਤੋਂ ਦੂਰ ਰੱਖ ਕੇ ਤਾਕਤ ਦੀ ਦੁਰਵਰਤੋ ਕਰਦੇ ਹਨ। ਨਿਆਂ ਲਈ ਤਰਸਦੇ ਲੋਕਾਂ ਦੀ ਬਾਂਹ ਫੜਨ ਦੀ ਥਾਂ ਸਗੋਂ ਪੁਲੀਸਤੰਤਰ ਦੀ ਮਦਦ ਲੈਂਦੇ ਹਨ। ਦੇਸ਼ ਦਾ ਭਾਰੂ-ਰਾਜਤੰਤਰ ਅਤੇ ਪੁਲੀਸਤੰਤਰ ਵੀ ਇਸ ਲੁੱਟ-ਖਸੁੱਟ ਵਾਲੇ ਰਾਜ ਅੰਦਰ ਖੂਬ ਵੱਗਦੀ ਗੰਗਾ ‘ਚ ਹੱਥ ਧੋਣ ਦਾ ਲਾਭ ਉਠਾਉਂਦਾ ਹੈ। ਇਸ ਤਰ੍ਹਾਂ ਸਾਰਾ ਢਾਂਚਾ ‘ਨਿਰਪੱਖਤਾ, ਪਾਰਦਰਸ਼ਤਾ ਅਤੇ ਨੈਤਿਕਤਾ’ ਤੋਂ ਦੂਰ ਚਲਾ ਗਿਆ ਹੈ। ”ਹਾਥਰਸ” ਦੇ ਕੇਸ ਅੰਦਰ ਪੀੜਤ ਲੜਕੀ ਦੇ ਗੈਂਗ ਰੇਪ ਤੇ ਮੌਤ ਬਾਦ ਸੰਸਕਾਰ ਤਕ ਦੀ ਪ੍ਰਕਿਰਿਆ ਤੋਂ ਲੈ ਕੇ ਪਰਿਵਾਰ ਨੂੰ ਇਨਸਾਫ਼ ਨਾ ਦੇਣ ਤਕ ਸਤਾਧਾਰੀ ਪੱਖ ਦਾ ਅਣ-ਮਨੁੱਖੀ ਵਰਤਾਰਾ ਅਤੇ ਕਰੂਰ ਚੇਹਰਾ ਬਿਲਕੁਲ ਸਾਹਮਣੇ ਆ ਗਿਆ ਹੈ। ਇਨਸਾਫ਼ ਅਜੇ ਬਹੁਤ ਦੂਰ ਹੈ।

ਹਾਥਰਸ ਹੀ ਨਹੀਂ ਸਮੁੱਚੇ ਭਾਰਤ ਅੰਦਰ ਲੱਖਾਂ ”ਹਾਥਰਸ” ਜਿਹੇ ਹੋਰ ਪਿੰਡ ਵੱਸਦੇ ਹਨ ਜਿੱਥੇ ਅੱਜੇ ਵੀ ਜ਼ਾਰਵਾਣਿਆ ਦਾ ਹਰ ਥਾਂ ਜੋਰ ਹੈ। ਕਿਉਂਕਿ ਅਸੀਂ ਸਦੀਆਂ ਤੋਂ ਮਾਲਕਾਂ ਦੇ ਮਹਿਥਾਜੀ ਹਾਂ, ਅਸੀਂ ਦਲਿਤ ਹਾਂ, ਵੱਡੇ ਲੋਕਾਂ ਦੇ ਕੰਮੀ ਹਾਂ ! ਇਹ ਸਾਡੀ ਦਾਸਤਾਨ ਹੈ, ‘ਕਿ ਅਸੀਂ ਗੁਨਾਹਗਾਰ ਹਾਂ, ਕਿਉਂਕਿ ਅਸੀਂ ਦਲਿਤ ਹਾਂ ! ਚਾਰ ਮਰਦ ਇਕ ਦਲਿਤ ਕੁੜੀ ਨੂੰ ਚੁੱਕ ਕੇ ਲੈ ਜਾਂਦੇ ਹਨ। ਇਸ ਤੇ ਯੂ.ਪੀ. ਦਾ ਅਡੀਸ਼ਨਲ ਡਾਇਰੈਕਟਰ ਜਨਰਲ ਪੁਲੀਸ ਕਹਿੰਦਾ ਹੈ, ‘ਕਿ ਫੋਰੈਸਿਕ ਰਿਪੋਰਟ ਅਨੁਸਾਰ ਪੀੜਤ ਦੇ ਸਰੀਰ ‘ਚ ”ਸਪਰਮਜ਼” ਨਹੀਂ ਪਾਏ ਗਏ, ਭਾਵ ਇਹ ਜਬਰ-ਜਨਾਹ ਨਹੀਂ ਹੈ। ਲੜਕੀ ਦੀ ਧੌਣ, ਸਰੀਰ ਦੇ ਕਈ ਅੰਗਾਂ ‘ਤੇ ਫਰੈਕਚਰ ਹਨ, ਜੀਭ ਟੁੱਕੀ ਹੋਈ, ਲੜਕੀ ਦੀ 29-ਸਤੰਬਰ ਨੂੰ ਹਸਪਤਾਲ ‘ਚ ਹੀ ਮੌਤ ਹੋ ਜਾਂਦੀ ਹੈ। ਜ਼ਿਲ੍ਹੇ ਦਾ ਡੀ.ਸੀ. ਆਪਣੇ ਟਵੀਟ ਰਾਹੀਂ ਦੱਸਦਾ ਹੈ, ”ਚੰਦਪਾ-ਥਾਣੇ” ਵਾਲੀ ਘਟਨਾ ‘ਚ ਪੀੜਤਾਂ ਨੂੰ ਪਹਿਲਾ 4,12,500/- ਰੁਪਏ ਤੇ ਫਿਰ 5,87,500/- ਰੁਪਏ ਕੁਲ 10.00 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।” ਸ਼ੋਸ਼ਲ ਮੀਡੀਆ ‘ਤੇ ਯੂ.ਪੀ. ਦਾ ਇਕ ਅਧਿਕਾਰੀ ਦੱਸਦਾ ਹੈ, ‘ਮੀਡੀਆ ਵਾਲੇ ਦੋ ਚਾਰ ਦਿਨ ਹਨ ਫਿਰ ਚਲੇ ਜਾਣਗੇ ? ਗਰਜ਼ ਹੈ! ਫਿਰ ਕੌਣ ਹੋਵੇਗਾ ਸਹਾਇਤਾ ਲਈ, ਇਹ ਸੱਤਾ ਹੈ, ਦਮਨ ਹੈ, ਜਾਤੀਵਾਦ ਹੈ ? ਪੀੜਤ ਪਰਿਵਾਰ ਦੇ ਨੇੜੇ-ਤੇੜੇ ਦੇ ਸਭ ਰਿਸ਼ਤੇਦਾਰ ਭੈਅ-ਭੀਤ ਹਨ। ਅੱਧੀ ਰਾਤ ਨੂੰ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਸਰਕਾਰੀ ਬੰਦੂਕਾਂ ਦੇ ਪੈਹਰੇ ਹੇਠ ਮ੍ਰਿਤਕਾ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਇੰਨਾ ਜ਼ੁਲਮ ਹੋਇਆ ਹੈ, ਪਿੰਡ ਦਾ ਸਰਪੰਚ ਅਖਬਾਰ ਨੂੰ ਦੱਸ ਰਿਹਾ ਹੈ, ‘ਪਿੰਡ ‘ਚ ਕੋਈ ਤਨਾਅ ਨਹੀਂ ਹੈ। ਫਿਰ ਇਨਸਾਫ਼ ਕਿਥੋਂ ਮਿਲੇਗਾ ?

ਅੱਜ ਦੇਸ਼ ਅੰਦਰ ਇਸਤਰੀਆਂ ਦਾ ਦਰਜਾ ਡਿਗਿਆ ਹੈ। ਯੂ.ਪੀ. ਜਿੱਥੇ ਐਨ.ਸੀ.ਆਰ.ਬੀ. ਦੀ ਸਾਲ-2019 ਦੀ ਰਿਪੋਰਟ ਅਨੁਸਾਰ ਸਭ ਤੋਂ ਵੱਧ ਹਿੰਸਾ, ਯੋਨ-ਸ਼ੋਸ਼ਣ, ਬਲਾਤਕਾਰ, ਘਰੇਲੂ ਹਿੰਸਾ, ਛੇੜ-ਛਾੜ ਦੇ ਇਸਤਰੀਆਂ ਵਿਰੁਧ ਕੇਸ ਸਾਹਮਣੇ ਆਏ ਹਨ। ਪਰ ਦੇਸ਼ ਦਾ ਸਰਕਾਰੀ ਮੀਡੀਆ ਤੇ ਹਾਕਮਾਂ ‘ਤੇ ਪਲ ਰਿਹਾ ਟੀ.ਵੀ.-ਮੀਡੀਆ ਸਭ ਯੂ.ਪੀ. ਸਰਕਾਰ ਦੀ ਵਧੀਆ ਕਾਰਗੁਜ਼ਾਰੀ ਦੇ ਅੰਕੜਿਆਂ ਦੀਆਂ ਵਧ-ਚੜ੍ਹ ਦਸ ਕੇ ਰਿਪੋਰਟਾਂ ਦੇ ਰਿਹਾ ਸੀ। ਪਰ ਉਨ੍ਹਾਂ ਨੂੰ ਦੇਸ਼ ਅੰਦਰ ਜੋ ਜ਼ਮੀਨੀ ਹਕੀਕਤਾਂ ਹਨ ਲੱਗਦਾ ਹੈ, ‘ਕਿ ਦਿਸ ਨਹੀਂ ਰਹੀਆਂ ਹਨ। ਕਿਸੇ ਸਮਾਜ ਵਿੱਚ ਜਾਤੀਵਾਦ ਤੋਂ ਵੱਧ ਮਨੁੱਖੀ ਨਿਰਾਦਰ ਕਰਨ ਵਾਲਾ ਕੋਈ ਹੋਰ ਵਰਤਾਰਾ ਨਹੀਂ ਹੋ ਸਕਦਾ ਹੈ। ਜਾਤੀਵਾਦ ਇਕ ਵਿਚਾਰ ਹੈ,ਇਕ ਮਾਨਸਿਕ ਸਥਿਤੀ (ਡਾ: ਅੰਬੇਡਕਰ) : ਕੀ ਅਜਿਹੇ ਸਮਾਜ ਅੰਦਰ ਇਕ ਇਸਤਰੀ ਉਹ ਵੀ ਦਲਿਤ ਹੋਵੇ, ਕੀ ਕੁਝ ਭੌਤਿਕ ਰੋਕਾਂ ਨੂੰ ਖਤਮ ਕਰਨ ਬਾਦ ਇਨ੍ਹਾਂ ਵਰਗਾਂ ਨੂੰ ਕੋਈ ਇਨਸਾਫ਼ ਮਿਲ ਸਕਦਾ ਹੈ ? ਅੱਜ ਇਸਤਰੀਆਂ ਦੇ ਬਰਾਬਰ ਨਾਗਰਿਕ ਅਧਿਕਾਰਾਂ ਨੂੰ ਦੋਵਾਂ ਪਾਸਿਆਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੋਦੀ ਸਰਕਾਰ ਇਸਤਰੀਆਂ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦੇਣ ਅਤੇ ”ਵਰਮਾ ਕਮਿਸ਼ਨ” ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਇਸਤਰੀਆਂ ਨੂੰ ਸੰਸਦ ਅਤੇ ਅਸੰਬਲੀਆਂ ਅੰਦਰ ਰਿਜ਼ਰਵੇਸ਼ਨ ਦੇਣ ਲਈ ਬਿਲ ਨੁੰ ਇਕ ਪ੍ਰਕਾਰ ਖਟਾਈ ਵਿੱਚ ਹੀ ਪਾ ਦਿੱਤਾ ਗਿਆ ਹੈ।

ਪੀੜਤ ਹਾਥਰਸ ਦੀ ਇਕ ਧੀ ਦੀ ਇਹ ਜ਼ਬਰ-ਭਰੀ ਕਹਾਣੀ ਨਹੀਂ ਹੈ। ਸਗੋਂ ਦੇਸ਼ ਦੇ ਹਰ ਪਿੰਡ ਮੁਹੱਲੇ ਅੰਦਰ ਇਸਤਰੀਆਂ, ਦਲਿਤ, ਦਮਿਤ ਤੇ ਬਾਲੜੀਆਂ ਲਗਾਤਾਰ ਜਰਵਾਣਿਆਂ ਦੇ ਜ਼ਬਰਾਂ ਦਾ ਸ਼ਿਕਾਰ ਹੋ ਰਹੀਆਂ ਹਨ। ਹੁਣ ਕਿਥੇ ਹਨ ਨੇਕ ਚਲਨੀ-ਪੁਲਿਸ, ਹਾਕਮਾਂ ਵੱਲੋਂ ਤਿਆਰ ਕੀਤੇ ਮਾਨਤਾ ਪ੍ਰਾਪਤ ਐਂਟੀ ਰੋਮੀਉ ਸਕੈਡ ਅਤੇ ਧਾਰਮਿਕ ਮੱਠ ? ਉਨ੍ਹਾਂ ਦੇ ਮੂੰਹਾਂ ‘ਚ ਅੱਜ ਦੇਸ਼ ਦੀਆਂ ਇਨ੍ਹਾਂ ਦੁਖਿਆਰੀਆਂ ਧੀਆਂ-ਧਿਆਣੀਆਂ ਦੇ ਹੱਕ ਵਿੱਚ ਕੋਈ ਹੂਕ ਨਹੀਂ ਉਠ ਰਹੀ ਹੈ ? ਦੇਖੋ ਗਬਜ਼ ਹੋ ਗਿਆ ਹੈ ! ਦੇਸ਼ ਦਾ ਰਾਸ਼ਟਰਪਤੀ-ਇਕ, ਦੇਸ਼ ਦੀ ਸੰਸਦ ਅੰਦਰ ਮੈਂਬਰ-113, ਦੇਸ਼ ਦੇ ਰਾਜਾਂ ਅੰਦਰ ਐਮ.ਐਲ.ਏ-549 ਅਸੀਂ ਸਭ ਦਲਿਤਾਂ ਦੇ ਹੀ ਹਾਂ, ਉਨ੍ਹਾਂ ਨੇ ਸਾਨੂੰ ਥਾਂ ਦੇ ਕੇ ਭੇਜਿਆਂ ਹੈ, ਅਸੀਂ ਉਨ੍ਹਾਂ ਲਈ ਹਾਂ ! ਪਰ ਸਾਡੀਆਂ ਅੱਖਾਂ ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ, ਸਾਡੇ ਕੰਨਾਂ ‘ਚ ਰੂੰਅ ਦਿੱਤਾ ਹੋਇਆ ਹੈ ਅਤੇ ਮੂੰਹ ਸੀਤੇ ਹੋਏ ਹਨ ! ਅਸੀਂ ਤੁਹਾਡੇ ਹਾਂ ! ਪਰ ਅਸੀਂ ਮਜਬੂਰ ਹਾਂ, ‘ਕਿਉਂਕਿ ਅਸੀਂ ਕਿਸੇ ਹੋਰ ਦੇ ਜਮਾਤੀ ਮਿੱਤਰ ਤੇ ਮੁਖਾਜੀ ਹਾਂ। ਸਾਡੀ ਹਮਦਰਦੀ ਭਾਵੇਂ ਭਾਈਚਾਰੇ ਨਾਲ ਹੈ। ਇਸ ਲਈ ਅਸੀਂ ਬੇਗਮਪੁਰੇ ਤੋਂ ਦੂਰ ਹੀ ਦੂਰ ਜਾ ਰਹੇ ਹਾਂ। ਸੁਣੋ ! ਅਸੀਂ ਇਸਤਰੀਆਂ ਹਾਂ, ਸਾਡਾ ਦੇਸ਼ ਦੀ ਅੱਧੀ ਆਬਾਦੀ ਤੱਕ ਦਰਜਾ ਤੇ ਹੱਕ ਹੈ। ਦੇਸ਼ ਦੀ ਸੰਸਦ ਅੰਦਰ ਸਾਡੀ ਗਿਣਤੀ-78 ਹੈ। ਸਾਡੀਆਂ ਕਈ ਕਲਪਨਾਂ ਹਨ। ਇਸ ਲਈ ਅਸੀਂ ਵੀ ਕਈ ਮੁਥਾਜਾਂ ਅੰਦਰ ਬੱਝੀਆਂ ਹੋਈਆਂ ਹਾਂ। ਸੁਣੋ ! ਅਸੀਂ ਹੁਣ ਸਾਰੇ ਹੀ ਮੁਥਾਜੀ ਹਾਂ। ਪੁੱਤਰੀ, ਭੈਣ, ਬੇਟੀ (ਹਾਥਰਸ ਦੀ ਮਹਾਨ ਕੰਨਿਆ) ਅੱਜੇ ਇਨਸਾਫ਼ ਦੂਰ ਹੈ ! ਜਦੋਂ ਸਭ-ਮੁੱਚ ਸਮਾਜਵਾਦ ਆਵੇਗਾ, ਸਮਾਜਿਕ ਸੁਧਾਰ ਵੀ ਲਾਜ਼ਮੀ ਹੋਣਗੇ, ਇਨਸਾਫ਼ ਵੀ ਮਿਲੇਗਾ, ਪਰ ਅੱਜੇ ਬੇਗਮਪੁਰਾ ਦੂਰ ਹੈ।

ਹਾਥਰਸ ਦੀ ਮੇਰੀ ਬੇਟੀ ! ਤੂੰ ਉਦਾਸ ਨਾ ਹੋ ! ਅਸੀਂ ਹਰ ਤਰ੍ਹਾਂ ਅਸ਼ਲੀਲਤਾ, ਇਸਤਰੀ ਉਤਪੀੜਨ, ਸ਼ੋਸ਼ਣ ਅਤੇ ਲੱਚਰਤਾ ਵਿਰੁਧ ਅੱਜੇ ਹੋਰ ਲੜਨਾ ਹੈ। ਜਮਹੂਰੀਅਤ, ਬਰਾਬਰਤਾ ਅਤੇ ਸਾਡੀ ਬੰਦ ਖਲਾਸੀ ਵਾਲਾ ਬੇਗਮਪੁਰਾ ਅੱਜੇ ਦੂਰ ਹੈ। ਸਾਡਾ ਸੰਘਰਸ਼ ਪੀਡਾ, ਮੁਸ਼ਕਲ ਅਤੇ ਲੰਬਾ ਹੈ ! ਪਰ ਸਾਡਾ ਅਕੀਦਾ ਵੀ ਮਜ਼ਬੂਤ ਤੇ ਅਟੱਲ ਹੈ। ਸਾਡੀ ਜਿੱਤ ਅਵੱਛ ਹੋਵੇਗੀ ? ਦੁਨੀਆਂ ਦੀ ਅੱਧੀ ਆਬਾਦੀ, ‘ਇਸਤਰੀਆਂ ਹਨ ! ਕਿਰਤੀ ਜਮਾਤ ਆਪਣੀ ਮੁਕਤੀ ਦੀ ਕਲਪਨਾ ਹੀ ਨਹੀਂ ਕਰ ਸਕਦੀ, ਜਿਨਾਂ ਚਿਰ ਇਸ ਅੱਧੀ ਆਬਾਦੀ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਨਹੀਂ ਟੁੱਟਦੀਆ, ਜੇਕਰ ਕੋਈ, ਜੋ ਕੁਝ ਆਲੇ-ਦੁਆਲੇ ਦੇਖਦਾ ਹੈ,’ਉਸ ਨੂੰ ਬਦਲਣ ਦਾ ਯਤਨ ਨਹੀਂ ਕਰਦਾ, ਦੱਬੇ, ਕੁਚਲੇ ਤੇ ਵੰਚਿਤ ਲੋਕਾਂ ਲਈ ਖੁਸ਼ੀ ਦਾ ਹਿਸਾ ਪ੍ਰਾਪਤ ਕਰਨ ਲਈ ਹਰਕਤ ਨਹੀਂ ਕਰਦਾ, ‘ਇਤਨੀ ਜ਼ਿਆਦਾ ਬੁਰਾਈ ਤੇ ਦਬਾਅ ਹੇਠ ਦੁਨੀਆਂ ਵਿੱਚ ਰਹਿ ਸਕਦਾ ਹੈ,’ਤਾਂ ਉਹ ਇਕ ਬੇਸਮਝ ਪਸ਼ੂ ਦੀ ਰੂਹ ਵਾਲਾ ਮਨੁੱਖ ਹੀ ਹੋ ਸਕਦਾ ਹੈ ! (ਕਲਾਰਾ ਜੈਟਕਿਨ) ਹਾਥਰਸ ਦੀ ਬੇਟੀ ਅਮਰ ਹੈ !! (ਲੇਖਿਕਾ ਦੇ ਨਿਜੀ ਵਿਚਾਰ ਹਨ)

ਸੰਪਰਕ: 91-98725-44738
ਕੈਲਗਰੀ: 001-403-285-4208

Share this Article
Leave a comment