ਵਿਸ਼ਵ ਤੰਬਾਕੂਨੋਸ਼ੀ ਵਿਰੋਧੀ ਦਿਵਸ : ਤੰਬਾਕੂਨੋਸ਼ੀ ਦਾ ਦੈਂਤ ਹਰ ਸਾਲ ਨਿਗਲ ਜਾਂਦਾ ਹੈ 70 ਲੱਖ ਜਾਨਾਂ

TeamGlobalPunjab
5 Min Read

– ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

 

ਅੱਜ ਵਿਸ਼ਵ ਤੰਬਾਕੂਨੋਸ਼ੀ ਵਿਰੋਧੀ ਦਿਵਸ ਹੈ। ਅੱਜ ਇਹ ਪ੍ਰਣ ਕਰਨ ਦਾ ਦਿਨ ਹੈ ਕਿ ਦੁਨੀਆ ਵਿੱਚੋਂ ਤੇ ਖ਼ਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚੋਂ ਤੰਬਾਕੂ ਦੀ ਵਰਤੋਂ ਨੂੰ ਠੱਲ੍ਹ ਪਾਈ ਜਾਵੇ। ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਤੰਬਾਕੂ ਉਤਪਾਦਨ ਕਰਨ ਵਾਲਾ ਤੀਜਾ ਮੁਲਕ ਹੈ। ਇੱਥੇ ਹਰ ਸਾਲ ਅੱਠ ਕਰੋੜ ਕਿੱਲੋ ਤੰਬਾਕੂ ਦਾ ਉਤਪਾਦਨ ਹੁੰਦਾ ਹੈ। ਦੁਨੀਆ ਵਿੱਚ ਤੰਬਾਕੂ ਉਤਪਾਦਨ ਵਿੱਚ ਪਹਿਲਾ ਸਥਾਨ ਚੀਨ ਦਾ ਹੈ ਤੇ ਦੂਜੇ ਸਥਾਨ ਬ੍ਰਾਜ਼ੀਲ ਦੇ ਹਿੱਸੇ ਆਉਂਦਾ ਹੈ। ਅਮਰੀਕਾ ਅਤੇ ਇੰਡੋਨੇਸ਼ੀਆ ਇਸ ਉਤਪਾਦਨ ਵਿੱਚ ਚੌਥਾ ਤੇ ਪੰਜਵਾਂ ਸਥਾਨ ਰੱਖਦੇ ਹਨ। ਭਾਰਤ ਵਿੱਚ ਬਾਲਗ ਉਮਰ ਦੇ 34.6 ਫ਼ੀਸਦੀ ਵਿਅਕਤੀ ਤੰਬਾਕੂਨੋਸ਼ੀ ਦੇ ਆਦੀ ਹਨ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਿਲ ਹਨ।

ਸੰਸਾਰ ਵਿੱਚ ਤੰਬਾਕੂ ਪਦਾਰਥਾਂ ਦੀ ਵਧਦੀ ਵਰਤੋਂ ਅਤੇ ਮਨੁੱਖੀ ਸਿਹਤ ਨੂੰ ਵਧ ਗਏ ਖ਼ਤਰੇ ‘ਤੇ ਚਿੰਤਨ ਕਰਨ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਆਯੋਜਿਤ ਵਿਸ਼ਵ ਸਿਹਤ ਸਭਾ ਨੇ ਸੰਨ 1987 ਵਿੱਚ ਇਹ ਫ਼ੈਸਲਾ ਕੀਤਾ ਸੀ ਕਿ ਹਰ ਸਾਲ 7 ਅਪ੍ਰੈਲ ਦੇ ਦਿਨ ਦੁਨੀਆ ਭਰ ਵਿੱਚ ‘ਨੋ ਸਮੋਕਿੰਗ ਡੇਅ’ ਮਨਾਇਆ ਜਾਵੇਗਾ ਤੇ ਇਸ ਦਿਨ ਘੱਟ ਤੋਂ ਘੱਟ ਚੌਵੀ ਘੰਟਿਆਂ ਲਈ ਲੋਕਾਂ ਨੂੰ ਤੰਬਾਕੂ ਖ਼ਰੀਦਣ, ਵੇਚਣ ਅਤੇ ਵਰਤਣ ਤੋਂ ਰੋਕਣ ਲਈ ਤਿਆਰ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਉਹ ਤੰਬਾਕੂਨੋਸ਼ੀ ਤਿਆਗਣ ਲਈ ਆਪਣਾ ਮਨ ਤਿਆਰ ਕਰ ਸਕਣ।

- Advertisement -

ਸੰਨ 1988 ਵਿੱਚ ਵਿਸ਼ਵ ਸਿਹਤ ਸਭਾ ਨੇ ਇੱਕ ਨਵਾਂ ਮਤਾ ਪਾਸ ਕਰਕੇ ਐਲਾਨ ਕਰ ਦਿੱਤਾ ਸੀ ਕਿ ਦੁਨੀਆ ਵਿੱਚ ‘ਤੰਬਾਕੂਨੋਸ਼ੀ ਵਿਰੋਧੀ ਦਿਵਸ’ ਹਰ ਸਾਲ 31 ਮਈ ਨੂੰ ਹੀ ਮਨਾਇਆ ਜਾਵੇਗਾ ਜਿਸ ਵਿੱਚ ਸਿਗਰਟਨੋਸ਼ੀ ਸਣੇ ਬਾਕੀ ਤਰੀਕਿਆਂ ਨਾਲ ਵੀ ਤੰਬਾਕੂ ਦੀ ਵਰਤੋਂ ਨਸ਼ੇ ਦੇ ਰੂਪ ਵਿੱਚ ਕਰਨ ਤੋਂ ਲੋਕਾਂ ਨੂੰ ਰੋਕਣ ਲਈ ਜਾਗਰੂਕਤਾ ਫ਼ੈਲਾਈ ਜਾਵੇਗੀ।

ਵਿਸ਼ਵ ਸਿਹਤ ਸਭਾ ਦਾ ਮੰਨਣਾ ਹੈ ਕਿ ਇਸ ਦਿਵਸ ਨੂੰ ਮਨਾਉਣ ਦਾ ਮੂਲ ਉਦੇਸ਼ ਦੁਨੀਆ ਵਿੱਚ ਵੱਡੇ ਪੱਧਰ ‘ਤੇ ਹੋ ਰਹੀ ਤੰਬਾਕੂ ਦੀ ਵਰਤੋਂ ਅਤੇ ਇਸ ਨਾਲ ਮਨੁੱਖੀ ਸਿਹਤ ਦੇ ਹੋ ਰਹੇ ਵੱਡੇ ਨੁਕਸਾਨ ਵੱਲ ਲੋਕਾਂ ਦਾ ਧਿਆਨ ਦਿਵਾਉਣਾ ਹੈ ਤੇ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਤੰਬਾਕੂਨੋਸ਼ੀ ਦੀ ਆਦਤ ਕਰਕੇ ਦੁਨੀਆ ਵਿੱਚ ਹਰ ਸਾਲ 70 ਲੱਖ ਲੋਕ ਆਪਣੀਆਂ ਜਾਨਾਂ ਗੁਆ ਬੈਠਦੇ ਹਨ ਜਿਨ੍ਹਾ ਵਿੱਚੋਂ 8 ਲੱਖ 90 ਹਜ਼ਾਰ ਦੇ ਕਰੀਬ ਉਹ ਲੋਕ ਹੁੰਦੇ ਹਨ ਜਿਹੜੇ ਸਿਗਰਟਨੋਸ਼ੀ ਨਹੀਂ ਕਰਦੇ ਹਨ ਪਰ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਨਜ਼ਦੀਕ ਮੌਜੂਦ ਰਹਿੰਦੇ ਹਨ। ਵਿਸ਼ਵ ਸਿਹਤ ਸਭਾ ਦੇ ‘ਉਦਮ ਸਦਕਾ’ ਟੀ.ਐਫ਼.ਆਈ.’ ਅਤੇ ‘ ਐਫ਼.ਸੀ.ਟੀ.ਸੀ.’ ਨਾਮਕ ਦੋ ਮਹੱਤਵਪੂਰਨ ਸਮਝੌਤੇ ਵੱਖ ਵੱਖ ਮੁਲਕਾਂ ਦਰਮਿਆਨ ਕਰਵਾਏ ਗਏ ਹਨ ਜਿਨ੍ਹਾ ਦਾ ਮੁੱਖ ਉਦੇਸ਼ ਵੱਖ ਵੱਖ ਮੁਲਕਾਂ ਦੇ ਆਪਸੀ ਸਹਿਯੋਗ ਸਦਕਾ ਤੰਬਾਕੂ ਪਦਾਰਥਾਂ ਦੇ ਉਤਪਾਦਨ,ਪ੍ਰਚਾਰ,ਵਿਕਰੀ ਅਤੇ ਗ਼ੈਰਕਾਨੂੰਨੀ ਵਪਾਰ ਨੂੰ ਰੋਕਣਾ ਹੈ।

ਵਿਸ਼ਵ ਸਿਹਤ ਸੰਗਠਨ ਵੱਲੋਂ ਦੁਨੀਆ ਭਰ ਵਿੱਚੋਂ ਤੰਬਾਕੂਨੋਸ਼ੀ ਅਤੇ ਇਸਦੇ ਕੁਪ੍ਰਭਾਵਾਂ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਹਿਤ ਕਈ ਸਾਲ ਤੋਂ ਉਪਰਾਲੇ ਕੀਤੇ ਜਾ ਰਹੇ ਹਨ। ਸੰਨ 2008 ਵਿੱਚ ਵਿੱਚ ਮਨਾਏ ਗਏ ‘ਵਿਸ਼ਵ ਤੰਬਾਕੂਨੋਸ਼ੀ ਵਿਰੋਧੀ ਦਿਵਸ’ ਮੌਕੇ ‘ਤੇ ਸਭ ਦੇਸ਼ਾਂ ਨੂੰ ‘ਤੰਬਾਕੂ ਮੁਕਤ ਜਵਾਨੀ’ ਦਾ ਉਦੇਸ਼ ਹਾਸਿਲ ਕਰਨ ਹਿਤ ਤੰਬਾਕੂ ਦੀ ਇਸ਼ਤਿਹਾਰਬਾਜ਼ੀ,ਪ੍ਰਚਾਰ ਅਤੇ ਸਪਾਂਸਰਸ਼ਿਪ ‘ਤੇ ਰੋਕ ਲਗਾਉਣ ਦਾ ਸੱਦਾ ਦਿੱਤਾ ਸੀ।

ਸੰਨ 2015 ਵਿੱਚ ਇਸ ਸੰਸਥਾ ਵੱਲੋਂ ਸਮੂਹ ਦੇਸ਼ਾਂ ਨੂੰ ਕਿਹਾ ਗਿਆ ਸੀ ਕਿ ਉਹ ਆਪੋ ਆਪਣੇ ਖੇਤਰ ਵਿੱਚ ਤੰਬਾਕੂ ਦੀ ਖ਼ਪਤ ਨੂੰ ਘਟਾਉਣ ਲਈ ਉਪਰਾਲੇ ਕਰਨ ਤੇ ਤੰਬਾਕੂ ਪਦਾਰਥਾਂ ਦੇ ਗ਼ੈਰਕਾਨੂੰਨੀ ਵਪਾਰ ਨੂੰ ਨੱਥ ਪਾਉਣ। ਸੰਨ 2016 ਵਿੱਚ ਸਮੂਹ ਮੁਲਕਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਤੰਬਾਕੂ ਪਦਾਰਥਾਂ ਦੇ ਪੈਕਟਾਂ ਨੂੰ ਆਕਰਸ਼ਕ ਪੈਕਿੰਗ ਤੋਂ ਮੁਕਤ ਕਰਕੇ ਸਾਦੀ ਪੈਕਿੰਗ ਅਪਨਾਉਣ। ਤੰਬਾਕੂਮੁਕਤ ਸੰਸਾਰ ਬਣਾਉਣ ਲਈ ਸੰਨ 2019 ਵਿੱਚ ਵਿਸ਼ਵ ਸਿਹਤ ਸੰਗਠਨ ਨੇ ‘ਹਰ ਦਿਨ ਤੰਬਾਕੂਨੋਸ਼ੀ ਵਿਰੋਧੀ ਦਿਵਸ ਬਣਾਓ’ ਦਾ ਸੱਦਾ ਦਿੱਤਾ ਸੀ।

ਅਖ਼ੀਰ ਵਿੱਚ ਇਹ ਦੱਸਣਾ ਬਣਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਬੇਸ਼ੱਕ ਦੁਨੀਆਂ ਵਿੱਚ ਤੰਬਾਕੂਨੋਸ਼ੀ ਖ਼ਤਮ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਪਰ ਪ੍ਰਾਪਤ ਅੰਕੜਿਆਂ ਅਨੁਸਾਰ ਸੰਨ 2000 ਵਿੱਚ ਤੰਬਾਕੂਨੋਸ਼ੀ ਕਰਨ ਵਾਲੇ ਪੁਰਸ਼ਾਂ ਦੀ ਸੰਖਿਆ 1 ਅਰਬ, 5 ਕਰੋੜ ਸੀ ਜੋ ਕਿ ਸੰਨ 2018 ਵਿੱਚ ਵਧ ਕੇ 1 ਅਰਬ, 9 ਕਰੋੜ ਹੋ ਗਈ ਸੀ ਜਦੋਂ ਕਿ ਸੰਨ 2000 ਵਿੱਚ ਤੰਬਾਕੂਨੋਸ਼ੀ ਕਰਨ ਵਾਲੀਆਂ ਔਰਤਾਂ ਦੀ ਗਿਣਤੀ 34 ਕਰੋੜ 60 ਲੱਖ ਸੀ ਜੋ ਸੰਨ 2018 ਵਿੱਚ ਘਟ ਕੇ 24 ਕਰੋੜ 40 ਲੱਖ ਹੋ ਗਈ ਸੀ।

- Advertisement -

ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਦੁਨੀਆ ਵਿੱਚ ਤੰਬਾਕੂਨੋਸ਼ੀ ਕਰਨ ਵਾਲੇ ਬੱਚਿਆਂ ਦੀ ਸੰਖਿਆ ਸਾਢੇ ਚਾਰ ਕਰੋੜ ਦੇ ਕਰੀਬ ਹੈ ਜਿਨ੍ਹਾਂ ਵਿੱਚੋਂ ਤਿੰਨ ਕਰੋੜ ਲੜਕੇ ਤੇ ਡੇਢ ਕਰੋੜ ਲੜਕੀਆਂ ਹਨ। ਭਾਰਤ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਵੇਚਣ ‘ਤੇ ਪਾਬੰਦੀ ਹੈ। ਸੋ, ਅੱਜ ਲੋੜ ਇਸ ਗੱਲ ਦੀ ਹੈ ਕਿ ਤੰਬਾਕੂਨੋਸ਼ੀ ਨੂੰ ਖ਼ਤਮ ਕਰਕੇ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਬਚਾਈਆਂ ਜਾਣ।

ਸੰਪਰਕ: 97816-46008

Share this Article
Leave a comment