ਪੰਜਾਬ ਵਿੱਚ ਘੱਟ ਰਹੇ ਜਲ ਸਰੋਤ – ਚਿੰਤਾ ਦਾ ਕਾਰਨ

TeamGlobalPunjab
7 Min Read

-ਪ੍ਰਭਜੋਤ ਕੌਰ ਅਤੇ ਹਰਲੀਨ ਕੌਰ

ਪੰਜਾਬ ਰਾਜ ਪੁਰਾਤਣ ਸਮੇਂ ਤੋਂ “ਪੰਜ ਦਰਿਆਵਾਂ” ਦੀ ਧਰਤੀ ਅਖਵਾਉਂਦਾ ਰਿਹਾ ਹੈ। ਪ੍ਰੰਤੂ ਅੱਜ ਦੇ ਸਮੇਂ ਵਿੱਚ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦਾ ਘੱਟਣਾ ਇੱਕ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੈ । ਇਸ ਘੱਟਾਓ ਦਾ ਇੱਕ ਵੱਡਾ ਕਾਰਨ ਵਰਖਾ ਦੀ ਮਾਤਰਾ ਦਾ ਘੱਟਣਾ ਅਤੇ ਬਰਸਾਤ ਦੇ ਮੌਸਮ ਦੇ ਬਦਲੇ ਹੋਏ ਢੰਗ ਹਨ। ਦੂਜਾ ਪ੍ਰਮੁੱਖ ਕਾਰਨ ਰਾਜ ਵਿੱਚ ਝੋਨੇ ਦੀ ਵੱਡੇ ਪਧਰ ਉਪਰ ਕੀਤੀ ਜਾ ਰਹੀ ਕਾਸ਼ਤ ਹੈ। ਸਾਲ 2021 ਦੌਰਾਨ ਮੌਨਸੂਨ ਦੀ ਸ਼ੁਰੂਆਤ 3 ਜੂਨ ਨੂੰ ਕੇਰਲ ਦੇ ਤੱਟ ਉੱਤੇ ਘੋਸ਼ਿਤ ਕੀਤੀ ਗਈ ਅਤੇ ਸਿਰਫ 10-11 ਦਿਨਾਂ ਦੇ ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਦੇ ਕੁਝ ਉੱਤਰੀ ਹਿੱਸਿਆਂ ਵਿੱਚ ਇਸ ਦੀ ਆਮਦ ਵੇਖੀ ਗਈ, ਜੋ ਕਿ ਆਮ ਹਾਲਤਾਂ ਵਿੱਚ 25-30 ਦਿਨਾਂ ਵਿੱਚ ਹੋਣੀ ਚਾਹੀਦੀੇ ਹੈ। ਮੌਨਸੂਨ ਦੀ ਪੰਜਾਬ ਵਿੱੱਚ ਅਗੇਤੀ ਸ਼ੁਰੂਆਤ ਹੋਣ ਦੇ ਬਾਵਜੂਦ, ਜੂਨ ਮਹੀਨੇ ਦੇ ਦੂਜੇ ਪੰਦਰਵਾੜੇ ਦੌਰਾਨ ਪੂਰੇ ਰਾਜ ਵਿੱਚ ਗਰਮ ਅਤੇ ਹੁਮਸ ਭਰਿਆ ਪ੍ਰੰਤ ਸੁੱਕਾ ਮੌਸਮ ਦੇਖਿਆ ਗਿਆ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਜੂਨ ਦੇ ਚੌਥੇ ਹਫ਼ਤੇ ਦੌਰਾਨ ਵਰਖਾ ਔਸਤਨ ਨਾਲੋਂ 60 ਪ੍ਰਤੀਸ਼ਤ ਤੋਂ ਵੀ ਜਿਆਦਾ ਘੱਟ ਰਹੀ।

ਪੰਜਾਬ ਰਾਜ ਵਿੱਚ ਮੌਨਸੂਨ ਦੇ ਚਾਰ ਮਹੀਨੀਆਂ ਦੌਰਾਨ (ਜੂਨ ਤੋਂ ਸਤੰਬਰ) ਲਗਭਗ 70% ਸਾਲਾਨਾ ਵਰਖਾ ਦੇ ਭਾਗ ਦਾ ਜਲ ਵਰ੍ਹਦਾ ਹੈ।ਖੇਤਰਫਲ ਅਨੁਸਾਰ ਭਾਵੇਂ ਪੰਜਾਬ ਰਾਜ ਕਾਫੀ ਛੋਟਾ ਹੈ, ਪ੍ਰੰਤੂ ਮੌਨਸੂਨ ਵਰਖਾ ਦਾ ਪਸਾਰ 800 ਮਿਲੀਮੀਟਰ (ਰਾਜ ਦੇ ਨੀਮ ਪਹਾੜੀ ਖੇਤਰਾਂ ਵਿੱਚ) ਤੋਂ 250 ਮਿਲੀਮੀਟਰ (ਰਾਜ ਦੇ ਦੱਖਣ-ਪੱਛਮੀ ਖੇਤਰਾਂ ਵਿੱਚ) ਹੈ। ਹਾਲ ਹੀ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਇਸ ਮੌਨਸੂਨ ਵਰਖਾ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਸਾਲ 2000 ਤੋਂ 2020 ਦੌਰਾਨ ਮੌਨਸੂਨ ਮਹੀਨੇ ਦੀ ਵਰਖਾ ਸਿਰਫ ਤਿੰਨ ਸਾਲਾਂ (2001, 2008, 2018) ਦੌਰਾਨ ਔਸਤਨ (492 ਮਿਲੀਮੀਟਰ) ਨਾਲੋਂ ਵੱਧ ਦਰਜ ਕੀਤੀ ਗਈ ਪ੍ਰੰਤੂ ਬਾਕੀ ਅਠਾਰਾਂ ਸਾਲ ਘੱਟ ਦਰਜ ਕੀਤੀ ਗਈ। ਇਹਨਾਂ ਇੱਕੀ ਸਾਲਾਂ ਦੌਰਾਨ ਸਭ ਤੋਂ ਘੱਟ ਮੌਨਸੂਨ ਵਰਖਾ ਸਾਲ 2014 ਦੌਰਾਨ ਦਰਜ ਕੀਤੀ ਗਈ ਜੋ ਕਿ ਔਸਤਨ ਨਾਲੋਂ 50% ਘੱਟ ਸੀ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਵਿੱਚ ਮੌਨਸੂਨ ਦੇ ਮੌਸਮ ਦੀ ਮਿਆਦ ਜੋ ਕਿ ਆਮਤੌਰ ਤੇ 77 ਦਿਨਾਂ (1 ਜੁਲਾਈ 15 ਸਤੰਬਰ) ਦੀ ਹੁੰਦੀ ਹੈ ਤੋਂ ਵਧੇਰੇ ਹੁੰਦੀ ਜਾ ਰਹੀ ਹੈ । ਸਾਲ 2008 ਵਿੱਚ ਮੌਨਸੂਨ 106 ਦਿਨਾਂ ਤੱਕ ਪੰਜਾਬ ਵਿੱਚ ਸਰਗਰਮ ਰਿਹਾ। ਪੰਜਾਬ ਵਿੱਚ ਮੌਨਸੂਨ ਦੀ ਵਰਖਾ ਔਸਤਨ ਨਾਲੋਂ ਨੌਂ ਸਾਲਾਂ (2000, 2003, 2005, 2006, 2010, 2011, 2013, 2019 ਅਤੇ 2020) ਦੌਰਾਨ 19 ਪ੍ਰਤੀਸ਼ਤ ਤੱਕ ਘੱਟ ਰਹੀ ਅਤੇ ਬਾਕੀ ਨੌਂ ਸਾਲਾਂ ਦੌਰਾਨ 20% ਤੋਂ ਜ਼ਿਆਦਾ ਘੱਟ ਰਹੀ ।

ਝੋਨੇ ਵਰਗੀ ਵਧੇਰੇ ਪਾਣੀ ਦੀ ਖਪਤ ਕਰਨ ਵਾਲੀ ਫ਼ਸਲ ਦੀ ਕਾਸ਼ਤ ਲਈ ਧਰਤੀ ਦੇ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਨਿਕਾਸੀ ਕਰਨ ਕਾਰਨ ਪੰਜਾਬ ਰਾਜ ਦੇ ਲਗਭਗ 82 ਪ੍ਰਤੀਸ਼ਤ ਖੇਤਰਾਂ ਵਿੱਚ ਧਰਤੀ ਦਾ ਹੇਠਲਾ ਪਾਣੀ ਖਤਮ ਹੋ ਰਿਹਾ ਹੈ । ਝੋਨੇ ਦੀ ਭਾਵੇਂ ਸਿੱਧੀ ਬਿਜਾਈ ਹੋਵੇ ਜਾਂ ਕੱਦੂ ਕਰਕੇੇ ਲੁਆਈ ਕੀਤੀ ਜਾਵੇ, ਦੋਹਨਾਂ ਹੀ ਹਲਾਤਾਂ ਵਿੱਚ ਪਾਣੀ ਦੀ ਬਹੁ ਵਰਤੋਂ ਹੁੰਦੀ ਹੈ।ਇਸ ਕਰਕੇ ਧਰਤੀ ਹੇਠਲੇ ਪਾਣੀ ਦੇ ਸਰੋਤ ਸੁੱਕਦੇ / ਖਤਮ ਹੁੰਦੇ ਜਾ ਰਹੇ ਹਨ।

- Advertisement -

ਜੂਨ ਦਾ ਪਹਿਲਾ ਪੰਦਰਵਾੜਾ ਆਮ ਤੌਰ ਤੇ ਸਾਲ ਦਾ ਸਭ ਤੋਂ ਸੁੱਕਾ ਹਿੱਸਾ ਹੁੰਦਾ ਹੈ ਕਿਉਂਕਿ ਅਜਿਹਾ ਮੌਸਮ ਦੱਖਣੀ ਭਾਰਤ ਵਿੱਚ ਹਵਾਵਾਂ ਦੇ ਸ਼ੁਰੂਆਤੀ ਦੌਰ ਵਿੱਚ ਮੌਨਸੂਨ ਨੂੰ ਮਜ਼ਬੂਤ ਕਰਨ ਲਈ ਹਾਲਾਤ ਬਣਾਉਂਦਾ ਹੈ। ਇਸ ਲਈ ਇਨ੍ਹਾਂ ਦਿਨਾਂ ਵਿੱਚ ਹਵਾ ਅਤੇ ਮਿੱਟੀ ਦਾ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਹਵਾ ਦੀ ਵਾਸ਼ਪੀਕਰਨ ਮੰਗ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਹਵਾ ਵਿੱਚ ਨਮੀ ਦੀ ਮਾਤਰਾ ਘੱਟ ਹੁੰਦੀ ਹੈ ।

ਪੰਜਾਬ ਵਿੱਚ ਪਿਛਲੇ ਚਾਰ ਤੋਂ ਪੰਜ ਦਹਾਕਿਆਂ ਦੇ ਮੌਸਮੀ ਅੰਕੜਿਆਂ ਦੇ ਅਨੁਸਾਰ ਜੂਨ ਦੇ ਚੌਥੇ ਹਫ਼ਤੇ (25 ਜੂਨ ਤੋਂ 1 ਜੁਲਾਈ) ਔਸਤਨ ਜੂਨ ਮਹੀਨੇ ਦੌਰਾਨ 35 ਤੋਂ 53 ਪ੍ਰਤੀਸ਼ਤ ਜ਼ਿਆਦਾ ਵਰਖਾ ਹੁੰਦੀ ਹੈ। ਪੰਜਾਬ ਵਿੱਚ ਔਸਤਨ 30 ਜੂਨ 1 ਜੁਲਾਈ ਮੌਨਸੂਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਮੌਨਸੂਨ ਤੋਂ ਪਹਿਲਾਂ ਦੀ ਵਰਖਾ ਆਮਤੌਰ ਤੇ ਜੂਨ ਦੇ ਤੀਜੇ ਅਤੇ ਚੌਥੇ ਹਫ਼ਤੇ ਦੌਰਾਨ ਹੁੰਦੀ ਹੈ। ਝੋਨੇ ਦੀ ਬਿਜਾਈ ਅਤੇ ਪੁਰਾਤਨ ਕੱਦੂ ਕਰਕੇ ਲੁਆਈ ਕਾਰਨ, ਧਰਤੀ ਹੇਠਲੇ ਪਾਣੀ ਵਿੱਚ ਬਹੁਤ ਜ਼ਿਆਦਾ ਗਿਰਾਵਟ ਹੁੰਦੀ ਹੈ ਕਿਉਂਕਿ ਪਾਣੀ ਦੀ ਨਿਕਾਸੀ ਬਹੁਤ ਵੱਧ ਜਾਂਦੀ ਹੈ ।

ਇਸ ਸਮੇਂ ਜੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਪਾਣੀ ਦੇ ਸਰੋਤਾਂ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਝੋਨੇ ਵਰਗੀ ਵੱਧ ਪਾਣੀ ਦੀ ਖਪਤ ਕਰਨ ਵਾਲੀ ਫ਼ਸਲ ਦੀ ਕਾਸ਼ਤ ਕਰਨ ਲਈ ਆਪਣੇ ਖੇਤੀਬਾੜੀ ਤਰੀਕਿਆਂ ਨੂੰ ਗੰਭੀਰਤਾ ਨਾਲ ਮੁੜ ਅਧਾਰਤ ਕਰਨ ਦੀ ਲੋੜ ਹੈ। ਇਨ੍ਹਾਂ ਵਿੱਚੋਂ ਕੁਝ ਤਰੀਕੇ ਹੇਠ ਲਿਖੇ ਹਨ :

1.ਝੋਨੇ ਦੀ ਬਿਜਾਈ : ਸਿੱਧੀ ਬਿਜਾਈ ਵਾਲਾ ਝੋਨਾ (ਡੀ.ਐੱਸ.ਆਰ.) ਕਿਸਾਨਾਂ ਵਿੱਚ ਵਿਆਪਕ ਰੂਪ ਵਿੱਚ ਅਪਣਾਇਆ ਜਾ ਰਿਹਾ ਹੈ ਪਰ ਇਸਦੀ ਬਿਜਾਈ ਜੂਨ ਵਿੱਚ ਹੀ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਪਾਣੀ ਤਿੰਨ ਹਫ਼ਤਿਆਂ ਤੋਂ ਬਾਅਦ ਲਗਾਉਣਾ ਚਾਹੀਦਾ ਹੈ। ਸਾਡੀ ਖੋਜ ਅਨੁਸਾਰ ਕੱਦੂ ਕਰਕੇ ਝੋਨੇ ਦੀੇ ਬਿਜਾਈ 20 ਜੂਨ ਤੋਂ ਬਾਅਦ ਸ਼ੁਰੂ ਹੋਣੀ ਚਾਹੀਦੀ ਹੈ। ਉਪਰੋਕਤ ਝੋਨੇ ਦੀ ਕਾਸ਼ਤ ਦੇ ਦੋਹਾਂ ਤਰੀਕਿਆਂ ਵਿੱਚ ਸਿੰਚਾਈ ਦੇ ਪਾਣੀ ਦੀ ਲਾਗਤ ਜੂਨ ਦੇ ਆਖ਼ਰੀ ਹਫ਼ਤੇ ਵਿੱਚ ਜ਼ਿਆਦਾ ਹੁੰਦੀ ਹੈ ਅਤੇ ਉਸ ਸਮੇਂ ਮੌਨਸੂਨ ਦੀ ਵਰਖਾ ਵੀ ਸ਼ੁਰੂ ਹੋ ਜਾਂਦੀ ਹੈ । ਇਸ ਤਰ੍ਹਾਂ ਸਿੰਚਾਈ ਦੇ ਪਾਣੀ ਦੀ ਵਰਖਾ ਦੇ ਪਾਣੀ ਰਾਹੀਂ ਪੂਰਤੀ ਹੋ ਸਕਦੀ ਹੈ ।

2.ਝੋਨੇ ਵਿੱਚ ਸਿੰਚਾਈ ਦਾ ਸਮਾਂ : ਝੋਨੇ ਵਿੱਚ ਸਿੰਚਾਈ ਦਾ ਪਾਣੀ ਪੂਰੀ ਤਰ੍ਹਾਂ ਜਜ਼ਬ ਹੋਣ ਪਿਛੋਂ ਅਗਲੀ ਸਿੰਚਾਈ ਦੋ ਦਿਨਾਂ ਬਾਅਦ ਦਿੱਤੀ ਜਾਂਦੀ ਹੈ। ਇਹ ਤਕਨੀਕ ਇੱਕ ਤਾਂ ਪਾਣੀ ਬਚਾਉਂਦੀ ਹੈ ਅਤੇ ਦੂਜਾ ਕੀੜਿਆਂ ਅਤੇ ਬਿਮਾਰੀਆਂ ਦੇ ਪ੍ਰਭਾਵ ਨੂੰ ਵੀ ਘਟਾਉਂਦੀ ਹੈ। ਇਹ ਤਰੀਕਾ ਸਾਡੇ ਪਾਣੀ ਦੀ ਬਚਤ ਦੇ ਨਾਲ ਨਾਲ ਮਿੱਟੀ ਅਤੇ ਹਵਾ ਦੇ ਪ੍ਰਦੂਸ਼ਣ ਨੂੰ ਵੀ ਘਟਾਏਗਾ।

- Advertisement -

3. ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ : ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ – ਪੀ.ਆਰ. 126, ਪੀ.ਆਰ. 121 ਆਦਿ ਝੋਨੇ ਦੀ ਕਾਸ਼ਤ ਵਾਲੀ ਫਸਲ ਚੱਕਰ ਵਿੱਚ ਆਸਾਨੀ ਨਾਲ ਫਿੱਟ ਹੋ ਸਕਦੀ ਹੈ।

ਹਮੇਸ਼ਾ ਯਾਦ ਰੱਖੋ ਕਿ ਧਰਤੀ ਹੇਠਲਾ ਪਾਣੀ ਇੱਕ ਨਵਿਆਉਣਯੋਗ ਕੁਦਰਤੀ ਸਰੋਤ ਹੈ, ਪਰ ਇਸ ਸਰੋਤ ਦੀ ਬਹੁਤ ਜ਼ਿਆਦਾ ਦੁਰਵਰਤੋਂ ਸਾਡੇ ਬੱਚਿਆਂ ਨੂੰ ਬਹੁਤ ਭਾਰੀ ਕੀਮਤ ਅਦਾ ਕਰਨ ਲਈ ਮਜਬੂਰ ਕਰੇਗੀ। ਇਸ ਲਈ ਇਹ ਸੋਚਣ ਦਾ ਅਤੇ ਸਮਝਦਾਰੀ ਨਾਲ ਪਾਣੀ ਦੀ ਸੁਚੱਜੀ ਵਰਤੋਂ ਕਰਨ ਦਾ ਸਮਾਂ ਆ ਗਿਆ ਹੈ ।

(ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ)

Share this Article
Leave a comment