Home / ਓਪੀਨੀਅਨ / ਮਹਾਰਾਜਾ ਦਲੀਪ ਸਿੰਘ ਨੇ ਕਦੋਂ ਛਕੀ ਸੀ ਖੰਡੇ ਦੀ ਪਹੁਲ ?

ਮਹਾਰਾਜਾ ਦਲੀਪ ਸਿੰਘ ਨੇ ਕਦੋਂ ਛਕੀ ਸੀ ਖੰਡੇ ਦੀ ਪਹੁਲ ?

ਸ਼ੇਰ-ਏ – ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਬਹੁਤ ਸਾਰੀ ਉਥਲ ਪੁਥਲ ਆਈ ਅਤੇ ਅੰਗਰੇਜ਼ਾਂ ਦੀਆਂ ਬਹੁਤ ਸਾਰੀਆਂ ਸਾਜਿਸ਼ਾਂ ਦਾ ਸ਼ਿਕਾਰ ਵੀ ਹੋਣਾ ਪਿਆ। ਇਤਿਹਾਸਕਾਰਾਂ ਨੇ ਜਿੰਦ ਕੌਰ ਨੂੰ ‘ਹਿੰਮਤਵਾਲੀ ਮਹਿਲਾ’ ਕਰਾਰ ਦਿੱਤਾ ਹੈ ਜਿਹੜੀ 1846 ਵਿੱਚ ਸਿੱਖਾਂ ਅਤੇ ਅੰਗ੍ਰੇਜ਼ਾਂ ਦੀ ਲੜਾਈ ਵਿੱਚ ਸਿੱਖਾਂ ਦੀ ਹਾਰ ਮਗਰੋਂ ਬ੍ਰਿਟਿਸ਼ ਕੈਦ ਤੋਂ ਇੱਕ ਨੌਕਰਾਣੀ ਦਾ ਭੇਸ ਬਦਲ ਕੇ ਫਰਾਰ ਹੋ ਗਈ ਸੀ। ਜਿੰਦ ਕੌਰ ਨੇ ਭੱਜਣ ਤੋਂ ਬਾਅਦ ਨੇਪਾਲ ਵਿੱਚ ਸ਼ਰਣ ਲਈ ਜੋ ਉਸ ਸਮੇਂ ਅੰਗਰੇਜ਼ ਹਕੂਮਤ ਦੇ ਅਧੀਨ ਨਹੀਂ ਸੀ।

ਹਾਲਾਂਕਿ ਉਹ ਆਪਣੇ 9 ਸਾਲਾ ਮੁੰਡੇ ਦਲੀਪ ਸਿੰਘ ਨੂੰ ਨਾਲ ਨਹੀਂ ਲਿਜਾ ਸਕੀ, ਜਿਹੜੇ ਅੰਗ੍ਰੇਜ਼ਾਂ ਦੇ ਹੱਥ ਆ ਗਏ। 9 ਸਾਲ ਦੀ ਉਮਰ ਵਿੱਚ ਦਲੀਪ ਸਿੰਘ ਨੂੰ ਰਾਣੀ ਵਿਕਟੋਰੀਆ ਕੋਲ ਰਹਿਣ ਲਈ ਭੇਜ ਦਿੱਤਾ ਗਿਆ ਸੀ, ਜਿੱਥੇ ਉਹ ਇਸਾਈ ਹੋ ਗਏ ਅਤੇ ‘ਬਲੈਕ ਪ੍ਰਿੰਸ’ ਦੇ ਨਾਂ ਦਿੱਤਾ ਗਿਆ।

ਮਹਾਰਾਜਾ ਦਲੀਪ ਸਿੰਘ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਜਿੰਦਾਂ ਦੀ ਕੁਖੋਂ 6 ਸਤੰਬਰ 1838 ਨੂੰ ਹੋਇਆ। ਦਲੀਪ ਸਿੰਘ ਨੂੰ ਪੰਜ ਸਾਲ ਦੀ ਉਮਰ ਵਿੱਚ ਰਾਣੀ ਜਿੰਦਾਂ ਦੀ ਸਰਪ੍ਰਸਤੀ ਹੇਠ ਗੱਦੀ ‘ਤੇ ਬਿਠਾਇਆ ਗਿਆ। 1849 ਵਿੱਚ ਅੰਗਰੇਜ਼ ਸਰਕਾਰ ਵਲੋਂ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਕੇ ਦਲੀਪ ਸਿੰਘ ਨੂੰ ਯੂ ਪੀ ਦੇ ਫਤਿਹਗੜ੍ਹ ਕਿਲੇ ਵਿੱਚ ਭੇਜ ਦਿੱਤਾ। ਉਥੇ ਉਸ ਨੂੰ ਸਾਜਿਸ਼ ਰਾਂਹੀ ਬਾਈਬਲ ਪੜ੍ਹਾਈ ਜਾਂਦੀ ਰਹੀ ਤੇ ਉਸਨੇ ਈਸਾਈ ਧਰਮ ਅਪਣਾ ਲਿਆ ਸੀ।

ਜਦੋਂ ਅੰਗਰੇਜ਼ ਸਰਕਾਰ ਨੂੰ ਪੂਰਾ ਯਕੀਨ ਹੋ ਗਿਆ ਕਿ ਮਹਾਰਾਜਾ ਦਲੀਪ ਸਿੰਘ ਹੁਣ ਸਿੱਖੀ ਤੋਂ ਦੂਰ ਹੋ ਗਿਆ ਹੈ ਅਤੇ ਈਸਾਈ ਮਤ ਦਾ ਮੁਦਈ ਬਣ ਚੁੱਕਾ ਹੈ ਤਾਂ ਉਸ ਨੂੰ ਭਾਰਤ ਆਉਣ ਦੀ ਆਗਿਆ ਮਿਲ ਗਈ। 16 ਜਨਵਰੀ, 1861 ਨੂੰ ਦਲੀਪ ਸਿੰਘ ਦਾ ਆਪਣੀ ਵਿਛੜੀ ਮਾਂ ਰਾਣੀ ਜਿੰਦਾਂ ਨਾਲ ਕਲਕੱਤੇ ਵਿੱਚ ਮਿਲਾਪ ਹੋਇਆ।

14 ਸਾਲ ਦੇ ਬਨਵਾਸ ਤੋਂ ਬਾਅਦ ਮਾਂ ਪੁੱਤਰ ਗਲੇ ਲਗ ਕੇ ਭੁੱਬਾਂ ਮਾਰ ਕੇ ਰੋਏ। ਰਾਣੀ ਜਿੰਦਾਂ ਪੁੱਤ ਦੇ ਵਿਛੋੜੇ ਕਾਰਨ ਰੋ ਰੋ ਕੇ ਅੰਨ੍ਹੀ ਹੋ ਗਈ ਸੀ। ਉਹ ਰੋ ਰੋ ਕੇ ਉਸ ਦਾ ਸਰੀਰ ਪਲੋਸ ਰਹੀ ਸੀ। ਪਰ ਜਦੋਂ ਉਸ ਦਾ ਹੱਥ ਦਲੀਪ ਸਿੰਘ ਦੇ ਸਿਰ ਉਪਰ ਗਿਆ ਤਾਂ ਉਸ ਦੀਆਂ ਭੁੱਬਾਂ ਨਿਕਲ ਗਈਆਂ ਕਿਉਂਕਿ ਦਲੀਪ ਸਿੱਖੀ ਸਰੂਪ ਤੋਂ ਵਾਂਝਾ ਹੋ ਚੁੱਕਾ ਸੀ।

ਇਸ ਤੋਂ ਬਾਅਦ ਆਪਣੀ ਮਾਂ ਨੂੰ ਇੰਗਲੈਂਡ ਨਾਲ ਲੈ ਗਿਆ। ਇੰਗਲੈਂਡ ਪਹੁੰਚ ਕੇ ਵੀ ਰਾਣੀ ਜਿੰਦਾਂ ਆਪਣੇ ਪੁੱਤਰ ਨੂੰ ਸਿੱਖੀ ਸਰੂਪ ਦੇ ਨਾਲ ਨਾਲ ਆਪਣੇ ਰਾਜ ਭਾਗ ਦੀ ਪ੍ਰਾਪਤੀ ਲਈ ਪ੍ਰੇਰਦੀ ਰਹੀ। ਪਰ ਉਹ ਆਪਣੀ ਐਸ਼ੋ ਇਸ਼ਰਤ ਦੀ ਜਿੰਦਗੀ ਵਿੱਚ ਮਗਨ ਸੀ। 1863 ਵਿੱਚ ਰਾਣੀ ਜਿੰਦਾਂ ਅਕਾਲ ਚਲਾਣਾ ਕਰ ਗਈ। ਇਸ ਤੋਂ ਬਾਅਦ ਵੀ ਦਲੀਪ ਸਿੰਘ ਆਪਣੇ ਸ਼ਿਕਾਰ ਖੇਡਣ ਵਰਗੇ ਸ਼ੌਕ ਵਿੱਚ ਮਸਤ ਰਿਹਾ।

ਇਤਿਹਾਸਕ ਤੱਥਾਂ ਅਨੁਸਾਰ ਦਲੀਪ ਸਿੰਘ ਦੇ ਜੀਵਨ ਵਿੱਚ ਅਚਾਨਕ ਮੋੜਾ ਆ ਗਿਆ। ਉਸਨੇ 1884 ਵਿੱਚ ਪੰਜਾਬ ਤੋਂ ਆਪਣੇ ਰਿਸ਼ਤੇਦਾਰ ਠਾਕਰ ਸਿੰਘ ਸੰਧਾਵਾਲੀਆ ਨੂੰ ਇੰਗਲੈਂਡ ਬੁਲਾ ਲਿਆ। ਠਾਕਰ ਸਿੰਘ ਨੇ ਉਸ ਨੂੰ ਸਿੱਖੀ ਤੇ ਰਾਜ ਭਾਗ ਦੀ ਪ੍ਰਾਪਤੀ ਲਈ ਪ੍ਰੇਰਿਆ।

ਇਸ ਤੋਂ ਦਲੀਪ ਸਿੰਘ ਨੇ ਬਾਅਦ ਵਿੱਚ ਮਾਫੀ ਵੀ ਮੰਗੀ ਕਿ ਖਾਲਸਾ ਜੀ ਮੈਨੂੰ ਮਾਫ ਕਰ ਦਿਓ ਮੈਂ ਅਣਜਾਣਪੁਣੇ ਵਿੱਚ ਸਿੱਖੀ ਨੂੰ ਤਿਲਾਂਜਲੀ ਦੇ ਕੇ ਈਸਾਈ ਧਰਮ ਧਾਰਨ ਕਰ ਲਿਆ, ਮੇਰੀ ਇੱਛਾ ਹੈ ਕਿ ਮੈਂ ਬੰਬਈ ਪਹੁੰਚ ਕੇ ਖੰਡੇ ਦੀ ਪਹੁਲ ਲੈ ਕੇ ਖਾਲਸਾ ਸਜ ਜਾਵਾਂ।

ਅੰਗਰੇਜ਼ਾਂ ਦੀ ਵਿਰੋਧਤਾ ਦੇ ਬਾਵਜੂਦ 1886 ਵਿੱਚ ਪੰਜਾਬ ਰਵਾਨਾ ਹੋ ਗਿਆ। ਅੰਗਰੇਜ਼ ਅਫਸਰ ਲਾਰਡ ਡਰਫਿਨ ਨਹੀਂ ਚਾਹੁੰਦਾ ਸੀ ਕਿ ਦਲੀਪ ਸਿੰਘ ਪੰਜਾਬ ਪਹੁੰਚਣ ਉਨ੍ਹਾਂ ਵੱਲੋਂ ਕਈ ਸਾਜ਼ਿਸ਼ਾਂ ਰਚੀਆਂ ਗਈਆਂ। ਅੰਤ 25/26 ਮਈ 1886 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਖੰਡੇ ਦੀ ਪਹੁਲ ਛਕਾਈ ਗਈ। ਉਹ ਸਿੰਘ ਤਾਂ ਸਜ ਗਿਆ ਪਰ ਉਸਦਾ ਪੰਜਾਬ ਪਹੁੰਚਣ ਦਾ ਸੁਪਨਾ ਸਾਕਾਰ ਨਾ ਹੋ ਸਕਿਆ। ਉਦਾਸੀ ਤੇ ਬੇਵਸੀ ਦੀ ਹਾਲਤ ਵਿੱਚ ਉਹ ਪੈਰਿਸ ਪਰਤ ਗਿਆ। ਗੁਲਾਮੀ ਤੋਂ ਤੰਗ ਆ ਕੇ ਉਸ ਨੇ ਆਪਣੇ ਪਰਿਵਾਰ ਦੇ ਸਭ ਜੀਆਂ ਨਾਲੋਂ ਵੀ ਨਾਤਾ ਤੋੜ ਲਿਆ ਸੀ।

ਪੰਜਾਬ ਦਾ ਆਖਰੀ ਮਹਾਰਾਜਾ ਦਲੀਪ ਸਿੰਘ ਦੋ ਵਾਰ ਅਧਰੰਗ ਹੋਣ ਕਾਰਨ 22 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਗਰੈਂਡ ਹੋਟਲ ਵਿੱਚ ਦੇਹਾਂਤ ਹੋ ਗਿਆ। ਉਥੇ ਹੀ ਈਸਾਈ ਧਰਮ ਦੀਆਂ ਅੰਤਮ ਰਸਮਾਂ ਅਨੁਸਾਰ ਦਫਨਾਇਆ ਗਿਆ।

-ਅਵਤਾਰ ਸਿੰਘ

Check Also

ਕੀ ਅਸੀਂ ਵਸਤੂਆਂ ਬਣ ਗਏ ?

ਜਿਨ੍ਹਾਂ ਸਮਿਆਂ ‘ਚ ਹੁਣ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ, ਇਹ ਜ਼ਿੰਦਗੀ ਨਹੀਂ, ਭਰਮ ਹੈ। ਅਸੀਂ …

Leave a Reply

Your email address will not be published. Required fields are marked *