ਸ਼ਿਕਵੇ ਤੇ ਸ਼ਿਕਾਇਤਾਂ ਬਿਨਾਂ ਜੀਣਾ, ਹੀ ਅਸਲ ਜਿੰਦਗੀ ਏ!

TeamGlobalPunjab
6 Min Read

-ਸੁਬੇਗ ਸਿੰਘ;

ਸੰਸਾਰ ਦੇ ਲੋਕਾਂ ਦੀ ਇਹ ਕਿਹੋ ਜਿਹੀ ਵਿਡੰਵਨਾ ਹੈ,ਕਿ ਦੁਨੀਆਂ ਦੇ ਲੋਕ ,ਪਹਿਲਾਂ ਇਸ ਦੁਨੀਆਂ ਤੇ ਆਉਣ ਨੂੰ ਤਰਸਦੇ ਹਨ। ਪਰ ਜਨਮ ਤੋਂ ਬਾਅਦ,ਜਦੋਂ ਇਸ ਸੰਸਾਰ ਦਾ ਹਿੱਸਾ ਬਣ ਜਾਂਦੇ ਹਨ,ਤਾਂ ਫਿਰ ਨਖਰੇ ਸ਼ੁਰੂ ਹੋ ਜਾਂਦੇ ਹਨ।ਵੈਸੇ ਵੀ,ਦੁਨੀਆਂ ਦਾ ਇਹ ਦਸਤੂਰ ਹੈ,ਕਿ ਦੁਨੀਆਂ ਦੀ ਹਰ ਚੀਜ ਪ੍ਰਾਪਤ ਹੋਣ ਤੋਂ ਪਹਿਲਾਂ ਕੀਮਤੀ ਹੁੰਦੀ ਹੈ।ਪਰ ਜਿਉਂ ਹੀ ਉਹ ਚੀਜ ਪ੍ਰਾਪਤ ਹੋ ਜਾਂਦੀ ਹੈ,ਤਾਂ ਉਹਦੀ ਪੁੱਛ ਗਿੱਛ ਅਤੇ ਕੀਮਤ ਘੱਟ ਜਾਂਦੀ ਹੈ।ਇਹੋ ਹਾਲ ਤਾਂ,ਮਨੁੱਖ ਦੀ ਜਿੰਦਗੀ ਦਾ ਵੀ ਹੈ।

ਇਸ ਗੱਲ ਚ ਕੋਈ ਦੋ ਰਾਵਾਂ ਨਹੀਂ ਹਨ,ਕਿ ਜਿਹੜੀ ਚੀਜ ਸਸਤੀ ਜਾਂ ਮੁਫਤ ਚ ਮਿਲਦੀ ਹੋਵੇ,ਲੋਕ ਨਾ ਹੀ ਉਹਦੀ ਕਦਰ ਕਰਦੇ ਹਨ ਅਤੇ ਨਾ ਹੀ ਉਹਦੀ ਕੋਈ ਕੀਮਤ ਹੀ ਸਮਝਦੇ ਹਨ।ਇੱਥੋਂ ਤੱਕ,ਕਿ ਉਸਨੂੰ ਬੇਲੋੜਾ ਸਮਝ ਕੇ ਬਰਬਾਦ ਕਰਨ ਜਾਂ ਉਹਦੇ ਲਈ ਸੌ 2 ਨਖਰੇ ਕਰਦੇ ਨਹੀਂ ਥੱਕਦੇ।ਪਰ ਜਿਉਂ ਹੀ ਉਹ ਚੀਜ,ਕੀਮਤੀ ਹੋ ਜਾਂਦੀ ਹੈ ਜਾਂ ਫਿਰ ਉਹਦੀ ਥੋੜ ਹੋ ਜਾਂਦੀ ਹੈ,ਤਾਂ ਲੋਕ ਉਸੇ ਵਕਤ ਹੀ,ਉਸ ਚੀਜ ਦੀ ਝੱਟ ਕਦਰ ਕਰਨੀ ਸ਼ੁਰੂ ਕਰ ਦਿੰਦੇ ਹਨ।

ਅਜਿਹੀਆਂ ਚੀਜਾਂ ਦੇ ਸਬੰਧ ਚ,ਮਨੁੱਖ ਨੂੰ ਕੁਦਰਤ ਵੱਲੋਂ ਮੁਫਤ ਚ ਮਿਲੀ ਹੋਈ,ਹਵਾ,ਪਾਣੀ, ਦਰੱਖਤ,ਸ਼ੁੱਧ ਵਾਤਾਵਰਨ, ਧੁੱਪ ,ਛਾਂ ਅਤੇ ਹੋਰ ਬਹੁਤ ਸਾਰੀਆਂ ਚੀਜਾਂ ਮਿਲੀਆਂ ਹੋਈਆਂ ਹਨ।ਜਿੰਨ੍ਹਾਂ ਦੀ ਮੁਫਤ ਚ ਮਿਲੇ ਹੋਣ ਦੇ ਕਾਰਨ,ਮਨੁੱਖ ਭੋਰਾ ਵੀ ਕਦਰ ਨਹੀਂ ਕਰਦਾ।ਪਰ ਅਜੋਕੇ ਦੌਰ ਚ,ਜਦੋਂ ਇੰਨ੍ਹਾਂ ਚੀਜਾਂ ਦੀ ਘਾਟ ਮਹਿਸੂਸ ਹੁੰਦੀ ਹੈ,ਤਾਂ ਮਨੁੱਖ ਇੰਨ੍ਹਾਂ ਚੀਜਾਂ ਨੂੰ ਪ੍ਰਾਪਤ ਕਰਨ ਦੇ ਲਈ ਹੀ,ਆਪਣੀ ਸਖਤ ਮਿਹਨਤ ਦੀ ਕੀਤੀ ਕਮਾਈ ਨੂੰ ਕੌਡੀਆਂ ਦੇ ਭਾਅ ਰੋੜ੍ਹ ਰਹੇ ਹਨ।ਇਹੋ ਗੱਲ ਤਾਂ ਮੁੱਲ ਅਤੇ ਮੁੱਫਤ ਚ ਮਿਲੀਆਂ ਹੋਈਆਂ ਚੀਜਾਂ ਦੀ ਕਦਰ ਅਤੇ ਕੀਮਤ ਦੀ ਪਹਿਚਾਣ ਕਰਵਾਉਂਦੀਆਂ ਹਨ।

- Advertisement -

ਮਨੁੱਖ ਨੂੰ ਪ੍ਰਮਾਤਮਾ ਵੱਲੋਂ, ਬੜੀਆਂ ਵੇਸ ਕੀਮਤੀ ਚੀਜਾਂ,ਬਿਲਕੁਲ ਹੀ ਮੁੱਫਤ ਚ ਮਿਲੀਆਂ ਹੋਈਆਂ ਹਨ।ਕਹਿਣ ਤੋਂ ਭਾਵ ਇਹ ਹੈ,ਕਿ ਮਨੁੱਖ ਦੇ ਸਰੀਰ ਦਾ ਇਕੱਲਾ 2 ਅੰਗ,ਪਾਚਣ ਪ੍ਰਣਾਲੀ,ਖੂਨ ਅਤੇ ਸਰੀਰ ਦਾ ਹੋਰ ਸਿਸਟਮ ਕਿੰਨਾ ਕੀਮਤੀ ਹੈ।ਜਦੋਂ ਮਨੁੱਖ ਦੇ ਇਹ ਅੰਗ ਬੇਕਾਰ ਹੋ ਜਾਂਦੇ ਹਨ ਅਤੇ ਮੁੱਲ ਲੈਣੇ ਪੈਂਦੇ ਹਨ।ਫਿਰ ਇੰਨ੍ਹਾਂ ਚੀਜਾਂ ਦੀ ਕੀਮਤ ਦਾ ਪਤਾ ਚੱਲਦਾ ਹੈ।

ਪਰ ਐਨਾ ਸਭ ਕੁੱਝ ਹੁੰਦਿਆਂ ਵੀ,ਮਨੁੱਖ ਹਰ ਵਕਤ,ਆਪਣੇ ਪਰਿਵਾਰ,ਸਮਾਜ ਅਤੇ ਦੇਸ਼ ਦੇ ਸਿਸਟਮ ਪ੍ਰਤੀ ਨਰਾਜਗੀ ਹੀ ਦਰਸਾਉਂਦਾ ਰਹਿੰਦਾ ਹੈ।ਸਭ ਤੋਂ ਵੱਧ ਅਚੰਭਾ ਤਾਂ ਉਸ ਵਕਤ ਹੁੰਦਾ ਹੈ,ਜਦੋਂ ਮਨੁੱਖ ਪ੍ਰਮਾਤਮਾ ਨੂੰ ਵੀ ਆਪਣੇ ਦੁੱਖਾਂ ਲਈ ਜਿੰਮੇਵਾਰ ਸਮਝਣ ਲੱਗ ਪੈਂਦਾ ਹੈ।ਅਸਲ ਵਿੱਚ,ਮਨੁੱਖ ਦੇ ਦੁੱਖਾਂ ਦਾ ਕਾਰਨ ਵੀ ਤਾਂ ਇਹੋ ਹੈ,ਕਿ ਮਨੁੱਖ ਆਪਣੀਆਂ ਘਾਟਾਂ ਨੂੰ ਸੁਧਾਰਨ ਦੀ ਵਜਾਏ ਦੂਸਰਿਆਂ ਤੇ ਦੋਸ਼ ਥੋਪਣ ਲੱਗ ਪੈਂਦਾ ਹੈ।ਇਹਦਾ ਮੁੱਖ ਕਾਰਨ,ਮਨੁੱਖ ਦਾ ਦੂਸਰਿਆਂ ਅਤੇ ਪ੍ਰਮਾਤਮਾ ਤੇ ਲੋੜ ਤੋਂ ਜਿਆਦਾ ਆਸ ਲਗਾ ਕੇ ਬੈਠਣ ਦੇ ਕਾਰਨ ਹੁੰਦਾ ਹੈ।

ਮਨੁੱਖ ਦੇ ਅਜਿਹੇ ਸੁਭਾਅ ਦੇ ਕਾਰਨ ਹੀ,ਦੁਨੀਆਂ ਦਾ ਹਰ ਮਨੁੱਖ ਦੁਖੀ ਹੈ।ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੈ,ਕਿ,

ਨਾਨਕ ਦੁਖੀਆ, ਸਭ ਸੰਸਾਰ!

ਭਾਵ,ਕਿ ਸਾਰਾ ਸੰਸਾਰ ਹੀ ਇਸੇ ਅਗਿਆਨਤਾ ਦੇ ਕਾਰਨ ਦੁਖੀ ਹੈ।ਇਹਦੇ ਨਾਲ ਹੀ,ਹਰ ਮਨੁੱਖ ਨੂੰ ਇਹ ਵੀ ਬੜਾ ਵੱਡਾ ਭੁਲੇਖਾ ਹੈ, ਕਿ ਸਿਰਫ ਮੈਂ ਹੀ ਦੁਖੀ ਹਾਂ,ਬਾਕੀ ਸਭ ਲੋਕ ਤਾਂ ਸੁਖੀ ਹਨ। ਇਸੇ ਭੁਲੇਖੇ ਨੂੰ ਦੂਰ ਕਰਨ ਲਈ ਹੀ ਤਾਂ, ਬਾਬਾ ਫਰੀਦ ਜੀ ਨੇ ਫਰਮਾਇਆ ਹੈ, ਕਿ,

- Advertisement -

ਫਰੀਦਾ ਮੈਂ ਸੁਭਾਇਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜੱਗ। ਊਚੇ ਚੜ੍ਹਕੇ ਦੇਖਿਆ, ਘਰ 2 ਇਹੈ ਅੱਗ!

ਭਾਵ,ਕਿ ਕੋਈ ਇੱਕੱਲਾ ਮਨੁੱਖ ਹੀ ਦੁਖੀ ਨਹੀਂ ਹੈ,ਸਗੋਂ ਇਹ ਦੁੱਖਾਂ ਤੇ ਸੁੱਖਾਂ ਦਾ ਵਰਤਾਰਾ ਦਾ ਹਰ ਪਾਸੇ ਹੀ ਹੈ।

ਸੋਚਣ ਵਾਲੀ ਗੱਲ ਤਾਂ ਇਹ ਹੈ,ਜਦੋਂ ਦੁੱਖਾਂ ਤੇ ਸੁੱਖਾਂ ਦਾ ਪਸਾਰਾ ਚਾਰੋਂ ਪਾਸੇ ਹੀ ਹੈ,ਤਾਂ ਫਿਰ ਇਹਦੇ ਲਈ ਐਨੀ ਚਿੰਤਾ ਕਰਨ ਦੀ ਕੀ ਜਰੂਰਤ ਹੈ।ਸਭ ਤੋਂ ਵੱਡੀ ਗੱਲ ਤਾਂ ਇਹ ਵੀ ਹੈ,ਕਿ ਬਹੁਤ ਸਾਰੇ ਦੁੱਖ ਤਾਂ ਮਨੁੱਖ ਨੇ ਆਪਣੀ ਨਲਾਇਕੀ, ਅਣਗਹਿਲੀ ਅਤੇ ਹੋਸ਼ ਪੁਣੇ ਚ, ਆਪਣੇ ਆਪ ਹੀ ਸਹੇੜੇ ਹੁੰਦੇ ਹਨ।ਪਰ ਮਨੁੱਖ ਸਭ ਕੁੱਝ ਜਾਣਦਾ ਹੋਇਆ ਵੀ,ਆਪਣਾ ਕਸੂਰ,ਦੂਜਿਆਂ ਤੇ ਥੋਪ ਦਿੰਦਾ ਹੈ।ਜਦੋਂਕਿ ਕਿ ਅਸਲੀਅਤ,ਮਨੁੱਖ ਨੂੰ ਵੀ ਪਤਾ ਹੁੰਦੀ ਹੈ।ਇਸੇ ਲਈ ਤਾਂ ਗੁਰਬਾਣੀ ਵਿੱਚ ਫਰਮਾਇਆ ਗਿਆ ਹੈ,ਕਿ,

ਜੇਹਾ ਬੀਜੈ ਸੋ ਲੂਣੈ,ਕਰਮਾਂ ਸੰਦੜਾ ਖੇਤ!

ਭਾਵ,ਕਿ ਜਿੰਦਗੀ ਦੇ ਜਿਆਦਾਤਰ ਕਸ਼ਟ,ਮਨੁੱਖ ਆਪਣੇ ਆਪ ਹੀ ਸਹੇੜਦਾ ਹੈ।

ਮੁੱਕਦੀ ਗੱਲ ਤਾਂ ਇਹ ਹੈ,ਜਦੋਂ ਇੰਨ੍ਹਾਂ ਦੁੱਖਾਂ ਦਾ ਕੋਈ ਹੱਲ ਹੀ ਨਹੀਂ ਹੈ,ਤਾਂ ਫਿਰ ਐਨਾ ਝੋਰਾ ਕਰਨ ਦੀ ਵੀ ਕੀ ਜਰੂਰਤ ਹੈ।ਇਹਦਾ ਭਾਵ ਇਹ ਨਹੀਂ ਹੈ,ਕਿ ਸਾਨੂੰ ਆਪਣੇ ਦੁੱਖਾਂ ਨੂੰ ਹੱਲ ਕਰਨ ਲਈ,ਕੋਈ ਉਪਰਾਲਾ ਹੀ ਨਹੀਂ ਕਰਨਾ ਚਾਹੀਦਾ।ਪਰ ਬੇਵਜਾ,ਹਰ ਵਕਤ ਸ਼ਿਕਵੇ ਸ਼ਿਕਾਇਤਾਂ ਹੀ ਕਰੀ ਜਾਣਾ ਵੀ ਕਿੱਧਰ ਦੀ ਸਿਆਣਪ ਹੈ।ਕਿਉਂਕਿ ਹਰ ਵਕਤ ਸ਼ਿਕਵੇ ਸ਼ਿਕਾਇਤਾਂ ਨਾਲ ਤਾਂ,ਜਿੰਦਗੀ ਸਗੋਂ ਹੋਰ ਗੁੰਝਲਦਾਰ ਹੋ ਜਾਂਦੀ ਹੈ ਅਤੇ ਦੁੱਖ ਤਕਲੀਫ ਘੱਟਣ ਦੀ ਵਜਾਏ ਸਗੋਂ ਹੋਰ ਵੱਧ ਜਾਂਦੇ ਹਨ।

ਅਸਲ ਵਿੱਚ,ਥੋੜ੍ਹੀ ਜਿਹੀ ਗੰਭੀਰਤਾ ਨਾਲ ਸੋਚਣ ਤੋਂ ਬਾਅਦ ਨਤੀਜਾ ਤਾਂ,ਇਹੋ ਹੀ ਨਿੱਕਲਦਾ ਹੈ,ਕਿ ਜਿੰਦਗੀ ਪ੍ਰਤੀ ਹਰ ਵਕਤ ਸ਼ਿਕਵੇ ਸ਼ਿਕਾਇਤਾਂ ਕਰਨ ਨਾਲ ਜਿੰਦਗੀ ਨੀਰਸ ਹੋ ਜਾਂਦੀ ਹੈ।ਜਿੰਦਗੀ ਚ,ਜਿਹੋ ਜਿਹੀ ਵੀ ਸਥਿਤੀ ਹੋਵੇ,ਮਨੁੱਖ ਨੂੰ ਹਾਲਾਤਾਂ ਨਾਲ ਜੂਝਣਾ ਚਾਹੀਦਾ ਹੈ ਅਤੇ ਜਿੰਦਗੀ ਦੀਆਂ ਔਕੜਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਜਿੰਦਗੀ ਵਿੱਚ,ਕੁੱਝ ਸਮੇਂ ਅਤੇ ਹਾਲਾਤਾਂ ਨਾਲ ਸਮਝੌਤੇ ਵੀ ਕਰ ਲੈਣੇ ਚਾਹੀਦੇ ਹਨ।ਹਰ ਵਕਤ ਰੋਣ ਪਿੱਟਣ ਜਾਂ ਦੂਸਰਿਆਂ ਨੂੰ ਦੋਸ਼ ਦੇਈ ਜਾਣ ਨਾਲ ਜਿੰਦਗੀ ਕੱਟਣੀ ਔਖੀ ਹੋ ਜਾਂਦੀ ਹੈ।ਇਸ ਲਈ,ਜਿੰਨਾ ਹੋ ਸਕੇ,ਜਿੰਦਗੀ ਨੂੰ ਹੌਸਲੇ ਤੇ ਹਿੰਮਤ ਨਾਲ ਕੱਟਣਾ ਚਾਹੀਦਾ ਹੈ।ਇਹੋ ਤਾਂ ਜਿੰਦਗੀ ਦਾ ਮਨੋਰਥ ਹੈ।ਕਿਉਂਕਿ ਹੱਸਦਿਆਂ ਨਾਲ ਤਾਂ ਸਾਰੀ ਦੁਨੀਆਂ ਹੀ ਹੱਸਦੀ ਹੈ,ਪਰ ਰੋਂਦਿਆਂ ਨਾਲ ਕੋਈ ਵੀ ਨਹੀਂ ਰੋਂਦਾ।ਬੱਸ ਇਹੋ ਗੱਲ ਸਮਝਣ ਅਤੇ ਵਿਚਾਰਨ ਵਾਲੀ ਹੈ।

Share this Article
Leave a comment